ਲਾਡੋਵਾਲ-ਹੰਬੜਾਂ ਜੀ. ਟੀ. ਰੋਡ ਦੀ ਖਸਤਾ ਹਾਲਤ ਤੋਂ ਲੋਕ ਡਾਢੇ ਪ੍ਰੇਸ਼ਾਨ
Monday, Jun 18, 2018 - 02:28 AM (IST)

ਲੁਧਿਆਣਾ, (ਅਨਿਲ)- ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਕਸਬਾ ਲਾਡੋਵਾਲ ਦੀ ਮੇਨ ਜੀ. ਟੀ. ਰੋਡ ਹੰਬੜਾਂ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਕਰ ਕੇ ਲੋਕ ਹਰ ਰੋਜ਼ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਮੇਨ ਚੌਕ ਲਾਡੋਵਾਲ ਵਿਚ ਸਾਰੀ ਮਾਰਕੀਟ ਦੀ ਸੜਕ 'ਤੇ 4-4 ਫੁੱਟ ਡੂੰਘੇ ਟੋਏ ਪਏ ਹੋਣ ਕਾਰਨ ਹਰ ਰੋਜ਼ ਕੋਈ ਨਾ ਕੋਈ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ। ਜਦੋਂ ਕਿ ਲਾਡੋਵਾਲ 'ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਨੈਸ਼ਨਲ ਹਾਈਵੇ 'ਤੇ ਆਉਂਦੇ-ਜਾਂਦੇ ਰਹਿੰਦੇ ਹਨ ਪਰ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਲੋਕ ਸਬੰਧਤ ਵਿਭਾਗ ਨੂੰ ਕੋਸਣ ਲਈ ਮਜਬੂਰ ਹੋ ਚੁੱਕੇ ਹਨ। ਜਦੋਂ ਕਿ ਲਾਡੋਵਾਲ ਤੋਂ ਹੰਬੜਾਂ ਨੂੰ ਜਾਣ ਵਾਲੀ ਸੜਕ 'ਤੇ ਵੀ ਡੂੰਘੇ ਟੋਇਆਂ ਦੀ ਭਰਮਾਰ ਲੱਗੀ ਹੋਈ ਹੈ। ਜਿਸ ਕਾਰਨ ਹਰ ਰੋਜ਼ ਦੋਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਇਲਾਕੇ ਦੇ ਲੋਕਾਂ ਵਲੋਂ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਨੂੰ ਜਲਦ ਤੋਂ ਜਲਦ ਸੁਧਾਰਿਆ ਜਾਵੇ।