ਜੀ. ਐੱਮ. ਸੀ. ਐੱਚ.-32 ''ਚ ਵਿਕ ਰਹੀਆਂ ਹਨ ਮਹਿੰਗੀਆਂ ਦਵਾਈਆਂ

Thursday, Oct 05, 2017 - 05:47 AM (IST)

ਜੀ. ਐੱਮ. ਸੀ. ਐੱਚ.-32 ''ਚ ਵਿਕ ਰਹੀਆਂ ਹਨ ਮਹਿੰਗੀਆਂ ਦਵਾਈਆਂ

ਚੰਡੀਗੜ੍ਹ, (ਅਰਚਨਾ)-  ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਵੇਚ ਰਿਹਾ ਹੈ। 2016-17 ਦੌਰਾਨ ਹਸਪਤਾਲ 13,51,320 ਮਰੀਜ਼ਾਂ ਨੂੰ ਭਾਰੀ-ਭਰਕਮ ਕੀਮਤ 'ਤੇ ਦਵਾਈਆਂ ਦਿੱਤੀਆਂ ਗਈਆਂ, ਜਦੋਂਕਿ ਕੇਂਦਰੀ ਸਿਹਤ ਮੰਤਰਾਲਾ ਪਿਛਲੇ ਕਈ ਸਾਲਾਂ ਤੋਂ ਹਸਪਤਾਲ ਨੂੰ ਨਿਰਦੇਸ਼ ਜਾਰੀ ਕਰ ਰਿਹਾ ਹੈ ਕਿ ਸਸਤੇ ਮੁੱਲ 'ਤੇ ਦਵਾਈਆਂ ਅਤੇ ਸਰਜੀਕਲ ਸਾਮਾਨ ਮੁਹੱਈਆ ਕਰਵਾਇਆ ਜਾਏ। 
ਸਿਰਫ ਇਹੋ ਨਹੀਂ, ਇਹ ਵੀ ਵੇਖਣ 'ਚ ਆਇਆ ਹੈ ਕਿ ਹਸਪਤਾਲ ਮਰੀਜਾਂ ਨੂੰ ਓ. ਪੀ. ਡੀ. 'ਚ ਲੋੜੀਂਦੀਆਂ ਦਵਾਈਆਂ ਤੇ ਸਾਮਾਨ ਵੀ ਨਹੀਂ ਦੇ ਰਿਹਾ ਹੈ, ਜਿਨ੍ਹਾਂ 'ਤੇ ਮਰੀਜ਼ਾਂ ਦਾ ਹੱਕ ਸੀ। ਓ. ਪੀ. ਡੀ. ਸਟਾਕ 'ਚ ਸਾਮਾਨ ਮੁਹੱਈਆ ਨਾ ਹੋਣ ਕਾਰਨ ਮਰੀਜ਼ਾਂ ਨੂੰ ਆਪਣੀ ਜੇਬ 'ਚੋਂ ਇਹ ਸਾਮਾਨ ਖਰੀਦਣਾ ਪਿਆ, ਜਿਸ ਕਾਰਨ ਉਨ੍ਹਾਂ ਦੀ ਟ੍ਰੀਟਮੈਂਟ ਦੇ ਮੁੱਲ ਵੀ ਸਰਕਾਰੀ ਨਾ ਰਹਿ ਕੇ ਪ੍ਰਾਈਵੇਟ ਬਰਾਬਰ ਹੋ ਗਏ। 
ਹਸਪਤਾਲ ਦੇ ਸਟਾਕ 'ਚ ਜ਼ਰੂਰੀ ਸਾਮਾਨ ਮੁਹੱਈਆ ਨਾ ਹੋਣ ਕਾਰਨ ਗਰੀਬ ਮਰੀਜ਼ਾਂ ਨੂੰ ਇਲਾਜ ਲਈ ਲੋੜੀਂਦੀਆਂ ਦਵਾਈਆਂ ਖਰੀਦਣੀਆਂ ਪਈਆਂ। ਇਹ ਖੁਲਾਸਾ ਜੀ. ਐੱਮ. ਸੀ. ਐੱਚ.-32 'ਚ ਕੀਤੇ ਗਏ ਆਡਿਟ ਨੇ ਕੀਤਾ ਹੈ। ਆਡਿਟ ਨੇ ਮਰੀਜ਼ਾਂ ਨੂੰ ਮਹਿੰਗੇ ਮੁੱਲ 'ਤੇ ਵੇਚੀਆਂ ਗਈਆਂ ਤੇ ਓ. ਪੀ. ਡੀ. ਦੇ ਸਟਾਕ ਤੋਂ ਗਾਇਬ ਰਹੀਆਂ ਲੋੜੀਂਦੀਆਂ ਦਵਾਈਆਂ 'ਤੇ ਹਸਪਤਾਲ ਤੋਂ ਜਵਾਬ ਮੰਗਿਆ ਹੈ। 
ਆਡਿਟ ਨੇ ਇਹ ਵੀ ਇਤਰਾਜ਼ ਜਤਾਇਆ ਹੈ ਕਿ ਮੈਡੀਕਲ ਕੌਂਸਲ ਆਫ ਇੰਡੀਆ ਵਲੋਂ 21 ਸਤੰਬਰ 2016 ਨੂੰ ਜਾਰੀ ਨੋਟੀਫਿਕੇਸ਼ਨ ਐੱਮ. ਸੀ. ਆਈ.-211(2)/2016 (ਐਥਿਕਸ)/13118 'ਚ ਇਹ ਸਾਫ ਤੌਰ 'ਤੇ ਕਿਹਾ ਗਿਆ ਸੀ ਕਿ ਹਰ ਡਾਕਟਰ ਮਰੀਜ਼ਾਂ ਨੂੰ ਜੈਨੇਰਿਕ ਨਾਂ ਦੇ ਨਾਲ ਦਵਾਈਆਂ ਪ੍ਰਿਸਕ੍ਰਾਈਬ ਕਰੇਗਾ।
ਇਹ ਵੀ ਕਿਹਾ ਗਿਆ ਸੀ ਕਿ ਜੈਨੇਰਿਕ ਨਾਂ ਨੂੰ ਕੈਪੀਟਲ ਲੈਟਰ 'ਚ ਲਿਖਿਆ ਜਾਏਗਾ। ਆਡਿਟ ਨੇ ਹਸਪਤਾਲ ਤੋਂ ਪੁੱਛਿਆ ਹੈ ਕਿ ਰਿਕਾਰਡ ਦੀ ਜਾਂਚ ਕਹਿੰਦੀ ਹੈ ਕਿ ਐੱਮ. ਸੀ. ਆਈ. ਦੇ ਨਿਰਦੇਸ਼ਾਂ ਦੇ ਬਾਅਦ ਸਿਰਫ ਇਕ ਵਾਰ 7 ਅਪ੍ਰੈਲ 2017 ਨੂੰ ਜੈਨੇਰਿਕ ਦਵਾਈਆਂ ਦੀ ਪ੍ਰਿਸਕ੍ਰਿਪਸ਼ਨ ਸਬੰਧੀ ਸਰਕੂਲਰ ਜਾਰੀ ਕੀਤਾ ਗਿਆ ਪਰ ਉਸਦੇ ਬਾਅਦ ਹਸਪਤਾਲ ਨੇ ਇਕ ਵੀ ਅਜਿਹੀ ਇੰਸਪੈਕਸ਼ਨ ਨਹੀਂ ਕੀਤੀ, ਜਿਸ ਨਾਲ ਇਹ ਸਾਬਿਤ ਹੋ ਸਕਦਾ ਕਿ ਐੱਮ. ਸੀ. ਆਈ. ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।


Related News