ਹੋਮਗਾਰਡ ਜਸਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ, DGP ਨੇ ਕੀਤਾ ਵੱਡਾ ਐਲਾਨ
Thursday, Nov 23, 2023 - 07:46 PM (IST)
ਸੁਲਤਾਨਪੁਰ ਲੋਧੀ (ਧੀਰ) : ਸਥਾਨਕ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਤੜਕਸਾਰ ਹੋਈ ਘਟਨਾ ਦੌਰਾਨ ਸ਼ਹੀਦ ਹੋਏ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ (50) ਦਾ ਅੱਜ ਉਨ੍ਹਾਂ ਦੇ ਪਿੰਡ ਮਨਿਆਲਾ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੰਜਾਬ ਦੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ, ਡੀ.ਆਈ.ਜੀ.ਐੱਸ. ਭੂਪਤੀ, ਡੀ.ਆਈ.ਜੀ. ਰਾਜਪਾਲ ਸਿੰਘ ਸੰਧੂ, ਡੀ.ਆਈ.ਜੀ. ਚਰਨਜੀਤ ਸਿੰਘ, 'ਆਪ' ਆਗੂ ਸੱਜਣ ਸਿੰਘ ਚੀਮਾ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਪੈਸ਼ਲ ਡੀ.ਜੀ.ਪੀ. ਤੇ ਹੋਰਨਾਂ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਅਰਪਿਤ ਸ਼ੁਕਲਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਹਮੇਸ਼ਾ ਪਰਿਵਾਰ ਦੀ ਹਰ ਸੰਭਵ ਮਦਦ ਲਈ ਤਤਪਰ ਰਹੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਬੇਖੌਫ਼ ਲੁਟੇਰੇ, ਗੰਨ ਪੁਆਇੰਟ ’ਤੇ ਵੱਖ-ਵੱਖ ਇਲਾਕਿਆਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ
ਸ਼ਹੀਦ ਦੇ ਪੁੱਤ ਨੂੰ ਪੰਜਾਬ ਪੁਲਸ ’ਚ ਦਿੱਤੀ ਜਾਵੇਗੀ ਨੌਕਰੀ
ਅੰਤਿਮ ਸੰਸਕਾਰ ਉਪਰੰਤ ਸਪੈਸ਼ਲ ਡੀ.ਜੀ.ਪੀ. ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਵਿੱਤੀ ਮਦਦ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਜਸਪਾਲ ਸਿੰਘ ਦੇ ਇਕ ਪੁੱਤ ਨੂੰ ਪੰਜਾਬ ਪੁਲਸ 'ਚ ਨੌਕਰੀ ਦਿੱਤੀ ਜਾਵੇਗੀ ਅਤੇ ਦੂਸਰੇ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 3 ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਜਾਰੀ ਹੈ। ਸ਼ਹੀਦ ਜਸਪਾਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਕਮਲੇਸ਼ ਅਤੇ 2 ਪੁੱਤਰ ਗੁਰਪ੍ਰੀਤ ਅਤੇ ਵਿਸ਼ਾਲ ਛੱਡ ਗਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8