ਜਲੰਧਰ ''ਚ ਘਰ ਦੇ ਬਾਹਰੋਂ ਜਵਾਕ ਹੋਇਆ ਗਾਇਬ, ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
Saturday, Sep 19, 2026 - 11:15 AM (IST)
ਜਲੰਧਰ (ਪੁਨੀਤ)-ਭਗਤ ਸਿੰਘ ਕਾਲੋਨੀ ਵਿਚ ਬੁੱਧਵਾਰ ਰਾਤ ਨੂੰ ਆਪਣੇ ਘਰ ਦੇ ਬਾਹਰ ਸੌਂ ਰਿਹਾ ਮੂਲ ਰੂਪ ਵਿਚ ਦਰਭੰਗਾ ਨਿਵਾਸੀ ਸ਼ੰਕਰ ਕੁਮਾਰ ਅਤੇ ਮਮਤਾ ਦੇਵੀ ਦਾ ਲਗਭਗ 2 ਸਾਲ ਦਾ ਬੱਚਾ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਸ਼ੰਕਰ ਕੁਮਾਰ ਨੇ ਦੱਸਿਆ ਕਿ ਉਹ ਦੀਪਕ ਰਬੜ ਐਂਡ ਕੈਮੀਕਲ ਨੇੜੇ ਸਥਿਤ ਆਪਣੇ ਘਰ ਦੇ ਬਾਹਰ ਬੱਚਿਆਂ ਨਾਲ ਸੌਂ ਰਹੇ ਸਨ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੂੰ ਬੱਚੇ ਦੇ ਨਾ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕਾਫ਼ੀ ਭਾਲ ਦੇ ਬਾਵਜੂਦ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
ਪਰਿਵਾਰਕ ਮੈਂਬਰਾਂ ਅਨੁਸਾਰ ਬੱਚਾ ਜਿਸ ਸਮੇਂ ਗਾਇਬ ਹੋਇਆ, ਉਸ ਸਮੇਂ ਉਹ ਘਰ ਦੇ ਬਾਹਰ ਹੀ ਸੌਂ ਰਿਹਾ ਸੀ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਕੋਈ ਵਿਅਕਤੀ ਉਸ ਨੂੰ ਉੱਥੋਂ ਚੁੱਕ ਕੇ ਲੈ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਦੇ ਲੋਕਾਂ ਨੇ ਨੇੜਲੇ ਲੋਕਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ। ਇਸ ਤੋਂ ਬਾਅਦ ਉਹ ਥਾਣਾ ਨੰਬਰ-1 ਪਹੁੰਚੇ ਅਤੇ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਗਾਇਬ ਹੋਣ ਦੇ ਬਾਅਦ ਤੋਂ ਉਹ ਲਗਾਤਾਰ ਪੁਲਸ ਕੋਲ ਜਾ ਕੇ ਉਸ ਦੀ ਭਾਲ ਕਰਵਾਉਣ ਦੀ ਫਰਿਆਦ ਕਰ ਰਹੇ ਹਨ ਪਰ ਅਜੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਅਚਾਨਕ ਗਾਇਬ ਹੋਣ ਕਾਰਨ ਪਰਿਵਾਰ ਅਤੇ ਬੱਚੇ ਦੇ ਭੈਣ-ਭਰਾਵਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁਲਸ ਤੋਂ ਮਾਮਲੇ ਨੂੰ ਜਲਦ ਗੰਭੀਰਤਾ ਨਾਲ ਲੈ ਕੇ ਭਾਲ ਕਰਨ ਦੀ ਮੰਗ ਕੀਤੀ।
ਪੁਲਸ ਬੱਚੇ ਦੀ ਜਲਦ ਭਾਲ ਕਰੇ : ਦੀਪਕ ਸੂਰੀ
ਸਮਾਜ-ਸੇਵਕ ਦੀਪਕ ਸੂਰੀ ਨੇ ਕਿਹਾ ਕਿ ਬੱਚਾ ਗਾਇਬ ਹੋਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਉਸੇ ਸਮੇਂ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦੇ ਕੇ ਬੱਚੇ ਨੂੰ ਲੱਭਣ ਦੀ ਮੰਗ ਕੀਤੀ ਗਈ ਸੀ। ਸੂਰੀ ਅਨੁਸਾਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਉਨ੍ਹਾਂ ਦੀ ਸ਼ਿਕਾਇਤ ’ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਕਥਿਤ ਤੌਰ ’ਤੇ ਪੁਲਸ ਮੁਲਾਜ਼ਮ ਪਰਿਵਾਰ ’ਤੇ ਹੀ ਬੱਚਾ ਚੋਰੀ ਕਰਨ ਦਾ ਦੋਸ਼ ਲਾ ਰਹੇ ਹਨ। ਸੂਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਪਰਿਵਾਰ ਪਹਿਲਾਂ ਹੀ ਆਪਣੇ ਛੋਟੇ ਬੱਚੇ ਦੇ ਗਾਇਬ ਹੋਣ ਕਾਰਨ ਪ੍ਰੇਸ਼ਾਨ ਹੈ। ਅਜਿਹੇ ਵਿਚ ਪੁਲਸ ਨੂੰ ਪਰਿਵਾਰ ਦੀ ਗੱਲ ਸੁਣ ਕੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੱਚੇ ਦੇ ਗਾਇਬ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਭਾਲ ਕੀਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ ਜ਼ਮੀਨ 'ਤੇ ਵੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
