ਪੁਲਸ ਨੇ ਅੰਤਿਮ ਸੰਸਕਾਰ ਰੁਕਵਾ ਕੇ ਕਬਜ਼ੇ ''ਚ ਲਈ ਲਾਸ਼, ਜਾਣੋ ਕੀ ਹੈ ਪੂਰਾ ਮਾਮਲਾ
Sunday, Mar 08, 2020 - 11:58 AM (IST)
ਲੋਪੋਕੇ (ਸਤਨਾਮ) : ਸਰਹੱਦੀ ਚੌਕੀ ਕੱਕੜ ਵਿਖੇ ਪੁਲਸ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਰੁਕਵਾ ਕੇ ਲਾਸ਼ ਕਬਜ਼ੇ 'ਚ ਲੈ ਲਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਮ੍ਰਿਤਕ ਦੀ ਬੇਟੀ ਅਤੇ ਭਰਾ ਦੇ ਹਵਾਲੇ ਕਰ ਕੇ ਅੰਤਿਮ ਸੰਸਕਾਰ ਕਰਵਾਇਆ। ਇਸ ਸਬੰਧੀ ਮ੍ਰਿਤਕ ਦੀ ਬੇਟੀ ਸਰਬਜੀਤ ਕੌਰ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸ ਦਾ ਪਿਤਾ ਸੁੱਖਾ ਸਿੰਘ ਪਿੰਡ ਕੱਕੜ ਜਿਸ ਨੂੰ ਕਿ ਤਲਜਿੰਦਰ ਸਿੰਘ ਉਰਫ ਤੇਗਾ ਅਤੇ ਸੁੱਖਾ ਸਿੰਘ ਪਿੰਡ ਸਾਰੰਗੜਾ ਵਰਗਲਾ ਕੇ ਲੈ ਗਏ ਸਨ ਤੇ ਮੈਨੂੰ ਆਪਣੇ ਪਿਤਾ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ। ਸੁੱਖਾ ਸਿੰਘ ਦੀ 9 ਕਿੱਲੇ ਜ਼ਮੀਨ ਸੀ, ਜਿਸ ਨੂੰ ਤਲਜਿੰਦਰ ਸਿੰਘ ਤੇ ਸੁੱਖਾ ਸਿੰਘ ਨੇ ਵੇਚ ਦਿੱਤਾ ਤੇ ਡੇਢ ਕਿੱਲਾ ਹੋਰ ਜ਼ਮੀਨ ਪਿੰਡ ਕੱਕੜ ਵਿਚ ਸੀ, ਉਸ ਨੂੰ ਆਪਣੇ ਨਾਂ ਕਰਵਾ ਲਿਆ ਤੇ ਮੇਰੇ ਪਿਤਾ ਦਾ ਸਾਰਾ ਪੈਸਾ ਲੈ ਲਿਆ ਅਤੇ ਉਨ੍ਹਾਂ ਨੂੰ ਘਰੋਂ ਵੀ ਕੱਢ ਦਿੱਤਾ, ਜਿਸ ਤੋਂ ਬਾਅਦ ਬੀਤੀ ਸ਼ਾਮ ਮੇਰੇ ਪਿਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਇਸ ਸਬੰਧੀ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।
ਇਸ ਸਬੰਧੀ ਮ੍ਰਿਤਕ ਦੇ ਭਰਾ ਨਿਸ਼ਾਨ ਸਿੰਘ ਨੇ ਇਹ ਵੀ ਦੋਸ਼ ਲਾਏ ਕਿ ਉਸ ਦੇ ਭਰਾ ਸੁੱਖਾ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਉਸ ਦਾ ਅੰਤਿਮ ਸੰਸਕਾਰ ਬਿਨਾਂ ਦੱਸੇ ਕੀਤਾ ਜਾ ਰਿਹਾ ਸੀ। ਸਾਨੂੰ ਪਤਾ ਲੱਗਣ 'ਤੇ ਇਸ ਦੀ ਜਾਣਕਾਰੀ ਪੁਲਸ ਚੌਕੀ ਕੱਕੜ ਨੂੰ ਦਿੱਤੀ ਗਈ, ਜਿਸ 'ਤੇ ਚੌਕੀ ਇੰਚਾਰਜ ਰਾਜਪਾਲ ਸ਼ਰਮਾ ਨੇ ਅੰਤਿਮ ਸੰਸਕਾਰ ਰੁਕਵਾ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ। ਇਸ ਸਬੰਧੀ ਦੂਜੀ ਧਿਰ ਤਲਜਿੰਦਰ ਸਿੰਘ ਤੇ ਸੁੱਖਾ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮ੍ਰਿਤਕ ਦੀ ਆਪਣੇ ਪਰਿਵਾਰ ਨਾਲ ਬਣਦੀ ਨਹੀਂ ਸੀ ਤੇ ਉਹ 20 ਸਾਲਾਂ ਤੋਂ ਸਾਡੇ ਕੋਲ ਰਹਿ ਰਿਹਾ ਸੀ, ਜਿਸ ਦੀ ਸੇਵਾ-ਸੰਭਾਲ ਅਸੀਂ ਕਰਦੇ ਸੀ, ਅਸੀਂ ਉਸ ਦੀ ਕੋਈ ਜ਼ਮੀਨ ਨਹੀਂ ਵੇਚੀ।
ਇਸ ਸਬੰਧੀ ਚੌਕੀ ਇੰਚਾਰਜ ਰਾਜਪਾਲ ਸ਼ਰਮਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਬੇਟੀ ਸਰਬਜੀਤ ਕੌਰ ਨੇ ਆਪਣੇ ਪਿਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਖਦਸ਼ਾ ਪ੍ਰਗਟਾਇਆ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਤੇ ਲਾਸ਼ ਮ੍ਰਿਤਕ ਦੀ ਬੇਟੀ ਤੇ ਭਰਾ ਦੇ ਹਵਾਲੇ ਕਰ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ। ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇ।