ਪਟਿਆਲਾ ''ਚ ਚੱਪੇ-ਚੱਪੇ ''ਤੇ ਫੋਰਸ ਤਾਇਨਾਤ
Monday, Apr 02, 2018 - 08:19 AM (IST)

ਪਟਿਆਲਾ (ਬਲਜਿੰਦਰ, ਜੋਸਨ) - ਐੱਸ. ਸੀ. ਐੱਸ. ਟੀ. ਭਾਈਚਾਰੇ ਵੱਲੋਂ ਬੰਦ ਦੇ ਮੱਦੇਨਜ਼ਰ ਪਟਿਆਲਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਬਣਾਈ ਰੱਖਣ ਲਈ ਵੱਡੇ ਪੱਧਰ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਚੱਪੇ-ਚੱਪੇ 'ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਐੱਸ. ਪੀ. ਹੈੱਡਕੁਆਰਟਰ ਕੰਵਰਦੀਪ ਕੌਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਸ ਦੇ 3800 ਮੁਲਾਜ਼ਮ, ਬੀ. ਐੱਸ. ਐੱਫ. ਦੀ ਇਕ ਕੰਪਨੀ ਅਤੇ ਪੰਜਾਬ ਆਰਮਡ ਪੁਲਸ ਤੇ ਕਮਾਂਡੋ ਦਸਤੇ ਤਾਇਨਾਤ ਕੀਤੇ ਗਏ ਹਨ। ਇਹ ਰਾਤ ਤੋਂ ਹੀ ਆਪਣੇ ਮੋਰਚੇ ਸੰਭਾਲ ਲੈਣਗੇ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਰ ਕੋਨੇ, ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ਸਮੇਤ ਸਮੁੱਚੇ ਜ਼ਿਲਿਆਂ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਬੰਦ ਦੇ ਮੱਦੇਨਜ਼ਰ ਕਿਸੇ ਨੂੰ ਵੀ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਅਮਨ-ਕਾਨੂੰਨ ਨੂੰ ਹੱਥ ਵਿਚ ਲੈਣ ਦੀ ਇਜਾਜ਼ਤ ਕਿਸੇ ਵੀ ਪੱਖ ਤੋਂ ਨਹੀਂ ਦਿੱਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਪਟਿਆਲਾ ਪੁਲਸ ਵੱਲੋਂ ਬੀਤੇ ਕੱਲ ਬੰਦ ਨੂੰ ਲੈ ਕੇ ਫਲੈਗ ਮਾਰਚ ਵੀ ਕੱਢਿਆ ਗਿਆ ਸੀ।
ਪੀ. ਆਰ. ਟੀ. ਸੀ. ਨੇ ਆਪਣੀਆਂ ਸੇਵਾਵਾਂ ਬੰਦ ਰੱਖਣ ਦਾ ਕੀਤਾ ਐਲਾਨ
ਬੰਦ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਨੇ ਆਪਣੀਆਂ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ। ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਕੱਲ ਪੂਰਾ ਦਿਨ ਪੀ. ਆਰ. ਟੀ. ਸੀ. ਆਪਣੀਆਂ ਸੇਵਾਵਾਂ ਬੰਦ ਰੱਖੇਗੀ। ਉਨ੍ਹਾਂ ਕਿਹਾ ਕਿ ਇਸ ਵੱਲੋਂ ਬਾਕਾਇਦਾ ਸਰਕਾਰ ਦੇ ਵੀ ਹੁਕਮ ਹਨ। ਉਹ ਖੁਦ ਵੀ ਨਹੀਂ ਚਾਹੁੰਦੇ ਕਿ ਇਸ ਮਾਮਲੇ ਵਿਚ ਬੱਸਾਂ ਦਾ ਨੁਕਸਾਨ ਹੋਵੇ। ਪੀ. ਆਰ. ਟੀ. ਸੀ. ਨੂੰ ਰੋਜ਼ਾਨਾ 1 ਕਰੋੜ 15 ਲੱਖ ਤੋਂ ਉੱਪਰ ਦੀ ਆਮਦਨੀ ਹੁੰਦੀ ਹੈ ਪਰ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ ਕੱਲ ਪੂਰਾ ਦਿਨ ਪੀ. ਆਰ. ਟੀ. ਸੀ. ਦੀਆਂ ਸੇਵਾਵਾਂ ਬੰਦ ਰਹਿਣਗੀਆਂ।
ਸਕੂਲ-ਕਾਲਜ ਤੇ ਪੰਜਾਬੀ ਯੂਨੀਵਰਸਿਟੀ ਵੀ ਰਹੇਗੀ ਬੰਦ
2 ਅਪ੍ਰੈਲ ਨੂੰ 'ਭਾਰਤ ਬੰਦ' ਦੇ ਮੱਦੇਨਜ਼ਰ ਸਕੂਲ-ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਵੀ ਬੰਦ ਰਹੇਗੀ। ਦੇਰ ਸ਼ਾਮ ਤੱਕ ਪ੍ਰਾਈਵੇਟ ਸਕੂਲਾਂ ਵੱਲੋਂ ਇਸ ਮਾਮਲੇ ਵਿਚ ਕੋਈ ਕਲੈਰਿਟੀ ਨਹੀਂ ਦਿੱਤੀ ਗਈ। ਸਰਕਾਰੀ ਸਕੂਲਾਂ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸਰਕੂਲਰ ਜਾਰੀ ਕਰ ਕੇ ਕੱਲ ਨੂੰ ਇਹ ਅਦਾਰੇ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਇੰਟਰਨੈੱਟ ਸੇਵਾਵਾਂ ਵੀ ਰਹਿਣਗੀਆਂ ਠੱਪ
ਬੰਦ ਦੇ ਮੱਦੇਨਜ਼ਰ 2 ਅਪ੍ਰੈਲ ਨੂੰ ਸਰਕਾਰ ਵੱਲੋਂ ਇੰਟਰਨੈਟ ਸੇਵਾਵਾਂ ਵੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਅੱਜ ਰਾਤ ਤੋਂ ਹੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਜੋ ਕਿ ਕੱਲ ਤੱਕ ਬੰਦ ਰਹਿਣਗੀਆਂ। ਇਸ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਦੇ ਸਮੇਂ ਪੈਦਾ ਹੋਏ ਮਾਹੌਲ ਦੌਰਾਨ ਇੰਟਰਨੈੱਟ ਸੇਵਾਵਾਂ ਠੱਪ ਰੱਖੀਆਂ ਗਈਆਂ ਸਨ ਤੇ ਕੱਲ ਨੂੰ ਵੀ ਇੰਟਰਨੈੱਟ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ।