‘ਵਿਰੋਧੀ ਧਿਰ ਦੇ 26’ ’ਤੇ ਕਿੰਨੇ ਭਾਰੀ ਪੈਣਗੇ ‘ਭਾਜਪਾ ਦੇ 38’
Wednesday, Jul 19, 2023 - 06:43 PM (IST)
ਜਲੰਧਰ (ਬਿਊਰੋ) : ਸਿਆਸੀ ਨਜ਼ਰੀਏ ਨਾਲ 18 ਜੁਲਾਈ ਦਾ ਦਿਨ ਬੇਹੱਦ ਅਹਿਮ ਰਿਹਾ। ਬੈਂਗਲੂਰੂ ਵਿਚ ਜਿਥੇ ਵਿਰੋਧੀ ਪਾਰਟੀਆਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ, ਉਥੇ ਹੀ ਦਿੱਲੀ ਵਿਚ ਭਾਜਪਾ ਦੀ ਅਗਵਾਈ ਹੇਠ ਰਾਜਗ ਨੇ ਆਪਣਾ ਦਮ ਦਿਖਾਇਆ। ਵਿਰੋਧੀ ਧਿਰ ਦੀ ਮੀਟਿੰਗ ’ਚ 26 ਪਾਰਟੀਆਂ ਪੁੱਜੀਆਂ, ਜਦਕਿ ਰਾਜਗ ਨੂੰ 38 ਪਾਰਟੀਆਂ ਦਾ ਸਾਥ ਮਿਲਿਆ। ਅਜਿਹੇ ਵਿਚ ਸਵਾਲ ਉੱਠਣ ਲੱਗਾ ਹੈ ਕਿ ਰਾਜਗ ਅਤੇ ਵਿਰੋਧੀ ਧਿਰ ਦਰਮਿਆਨ ਕੌਣ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਾਬਿਤ ਹੋਵੇਗਾ।
ਕਿਸ ’ਚ ਕਿੰਨਾ ਹੈ ਦਮ
ਇਸ ਦਾ ਜਵਾਬ ਤਾਂ ਰਾਜਗ ਹੀ ਹੈ। ਭਾਜਪਾ ਦੀ ਅਗਵਾਈ ਵਾਲੇ ਰਾਜਗ ਕੋਲ ਲੋਕ ਸਭਾ ਵਿਚ 350 ਤੋਂ ਜ਼ਿਆਦਾ ਸੰਸਦ ਮੈਂਬਰ ਹਨ ਜਦਕਿ ਵਿਰੋਧੀ ਧਿਰ ਦੀ ਬੈਠਕ ’ਚ ਜਿੰਨੀਆਂ ਪਾਰਟੀਆਂ ਸ਼ਾਮਲ ਹੋਈਆਂ ਹਨ, ਉਨ੍ਹਾਂ ਕੋਲ ਲਗਭਗ 150 ਸੰਸਦ ਮੈਂਬਰ ਹੀ ਹਨ। ਹਾਲਾਂਕਿ ਅੰਕੜੇ ਦੇਖੇ ਜਾਣ ਤਾਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਵਿਚ ਸ਼ਾਮਲ ਹੋਈਆਂ 50 ਫ਼ੀਸਦੀ ਤੋਂ ਜ਼ਿਆਦਾ ਪਾਰਟੀਆਂ ਦਾ ਲੋਕ ਸਭਾ ਵਿਚ ਇਕ ਵੀ ਸੰਸਦ ਮੈਂਬਰ ਨਹੀਂ ਹੈ ਜਦਕਿ ਰਾਜਗ ਦੀ ਬੈਠਕ ’ਚ ਸ਼ਾਮਲ 65 ਫੀਸਦੀ ਪਾਰਟੀਆਂ ਕੋਲ ਲੋਕ ਸਭਾ ਵਿਚ ਇਕ ਵੀ ਸੀਟ ਨਹੀਂ ਹੈ। ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਕਿ ਰਾਜਗ ਦੀ ਬੈਠਕ ’ਚ ਕਈ ਅਜਿਹੀਆਂ ਪਾਰਟੀਆਂ ਹਨ, ਜਿਨ੍ਹਾਂ ਦਾ ਖੇਤਰੀ ਅਤੇ ਕਿਸੇ ਖਾਸ ਜਾਤੀ ’ਤੇ ਚੰਗਾ ਦਬਦਬਾ ਹੈ। ਇਹ ਪਾਰਟੀਆਂ ਯੂ. ਪੀ. ਅਤੇ ਬਿਹਾਰ ਵਰਗੇ ਸੂਬਿਆਂ ’ਚ ਅਹਿਮ ਫੈਕਟਰ ਸਾਬਿਤ ਹੋ ਸਕਦੀਆਂ ਹਨ। ਯੂ. ਪੀ. ’ਚ 80 ਤਾਂ ਬਿਹਾਰ ਵਿਚ 40 ਲੋਕ ਸਭਾ ਸੀਟਾਂ ਹਨ। ਭਾਵ ਲੋਕ ਸਭਾ ਦੀਆਂ 22 ਫੀਸਦੀ ਸੀਟਾਂ ਇਨ੍ਹਾਂ ਹੀ 2 ਸੂਬਿਆਂ ਤੋਂ ਆਉਂਦੀਆਂ ਹਨ। ਉਂਝ ਭਾਰਤ ਦਾ ਸਿਆਸੀ ਇਤਿਹਾਸ ਦੇਖੀਏ ਤਾਂ ਇਥੇ ਛੋਟੀਆਂ ਪਾਰਟੀਆਂ ਵੋਟ ਬੈਂਕ ਦੇ ਸਹਾਰੇ ਵੱਡੀਆਂ ਪਾਰਟੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਭਾਜਪਾ ਨਾਲ ਆਈਆਂ 38 ਪਾਰਟੀਆਂ ਵਿਚੋਂ ਵਧੇਰੇ ਅਜਿਹੀਆਂ ਹਨ, ਜਿਨ੍ਹਾਂ ਦੇ ਬਹੁਤ ਜ਼ਿਆਦਾ ਵਿਧਾਇਕ ਜਾਂ ਸੰਸਦ ਮੈਂਬਰ ਨਹੀਂ ਹਨ ਪਰ ਆਪਣੇ ਖੇਤਰ ਵਿਚ ਵੋਟਰਾਂ ’ਤੇ ਉਨ੍ਹਾਂ ਦੀ ਪਕੜ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ : ਲਿਕਰ ਲਾਇਸੈਂਸ ਦੇ 6 ਕਰੋੜ 'ਤੇ ਅੜੀ ਸਰਕਾਰ, ਚੰਡੀਗੜ੍ਹ ਹਵਾਈ ਅੱਡੇ 'ਤੇ ਖ਼ਾਲੀ ਪਈਆਂ ਸ਼ਰਾਬ ਦੀਆਂ ਦੁਕਾਨਾਂ
26 ਪਾਰਟੀਆਂ ਦਾ ਹਸਤਾਖਰ ਕੀਤਾ ਸੰਕਲਪ ਪੱਤਰ ਜਾਰੀ
ਬੋਲੇ - ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ ਭਾਜਪਾ
ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ 26 ਪਾਰਟੀਆਂ ਨੇ ਸੰਕਲਪ ਪੱਤਰ ਜਾਰੀ ਕੀਤਾ। ਇਸ ਵਿਚ ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀਆਂ 26 ਪ੍ਰਗਤੀਸ਼ੀਲ ਪਾਰਟੀਆਂ ਦੇ ਹਸਤਾਖਰ ਕੀਤੇ ਨੇਤਾ, ਸੰਵਿਧਾਨ ਵਿਚ ਨਿਹਿੱਤ ਭਾਰਤ ਦੇ ਵਿਚਾਰ ਦੀ ਰੱਖਿਆ ਲਈ ਆਪਣਾ ਦ੍ਰਿੜ ਸੰਕਲਪ ਪ੍ਰਗਟ ਕਰਦੇ ਹਾਂ। ਸਾਡੇ ਗਣਤੰਤਰ ਦੇ ਚਰਿੱਤਰ ’ਤੇ ਭਾਜਪਾ ਵਲੋਂ ਯੋਜਨਾਬੱਧ ਤਰੀਕੇ ਨਾਲ ਗੰਭੀਰ ਹਮਲਾ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਮੋੜ ’ਤੇ ਹਾਂ। ਅਸੀਂ ਮਣੀਪੁਰ ਨੂੰ ਤਬਾਹ ਕਰਨ ਵਾਲੀ ਮਨੁੱਖੀ ਤਰਾਸਦੀ ’ਤੇ ਆਪਣੀ ਗੰਭੀਰ ਚਿੰਤਾ ਪ੍ਰਗਟ ਕਰਦੇ ਹਾਂ। ਪ੍ਰਧਾਨ ਮੰਤਰੀ ਦੀ ਖਾਮੋਸ਼ੀ ਹੈਰਾਨ ਕਰਨ ਵਾਲੀ ਅਤੇ ਬੇਮਿਸਾਲ ਹੈ। ਮਣੀਪੁਰ ਨੂੰ ਸ਼ਾਂਤੀ ਅਤੇ ਸੁਲ੍ਹਾ ਦੇ ਰਸਤੇ ’ਤੇ ਵਾਪਸ ਲਿਆਉਣ ਦੀ ਫੌਰੀ ਲੋੜ ਹੈ। ਅਸੀਂ ਸੰਵਿਧਾਨ ਅਤੇ ਲੋਕਤੰਤਰਿਕ ਰੂਪ ਨਾਲ ਚੁਣੀਆਂ ਹੋਈਆਂ ਸੂਬਾ ਸਰਕਾਰਾਂ ਦੇ ਸੰਵਿਧਾਨਕ ਅਧਿਕਾਰਾਂ ’ਤੇ ਜਾਰੀ ਹਮਲੇ ਦਾ ਮੁਕਾਬਲਾ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਵਚਨਬੱਧ ਹਾਂ। ਭਾਜਪਾ ਸਰਕਾਰ ਵਲੋਂ ਸਿਆਸੀ ਵਿਰੋਧੀਆਂ ਖ਼ਿਲਾਫ਼ ਏਜੰਸੀਆਂ ਦੀ ਖੁੱਲ੍ਹਮ-ਖੁੱਲ੍ਹੀ ਦੁਰਵਰਤੋਂ ਸਾਡੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ।
ਇਹ ਵੀ ਪੜ੍ਹੋ : ਬਰੇਨ ਡੈੱਡ ਹੋਏ ਨੌਜਵਾਨ ਕਾਰਨ 3 ਮਰੀਜ਼ਾਂ ਨੂੰ ਮਿਲਿਆ ਨਵਾਂ ਜੀਵਨ, ਪਰਿਵਾਰ ਦੇ ਫ਼ੈਸਲੇ ਨੇ ਕਾਇਮ ਕੀਤੀ ਮਿਸਾਲ
ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨ ਦਾ ਸੰਕਲਪ
ਅਸੀਂ ਜ਼ਰੂਰੀ ਵਸਤੂਆਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਰਿਕਾਰਡ ਬੇਰੋਜ਼ਗਾਰੀ ਦੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨ ਦੇ ਆਪਣੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਨੋਟਬੰਦੀ ਆਪਣੇ ਨਾਲ ਐੱਮ. ਐੱਸ. ਐੱਮ. ਈ. ਅਤੇ ਅਸੰਗਠਿਤ ਖੇਤਰਾਂ ਵਿਚ ਅਣਕਹੀ ਦੁਰਦਸ਼ਾ ਲੈ ਕੇ ਆਈ, ਜਿਸ ਦੇ ਨਤੀਜੇ ਵਜੋਂ ਸਾਡੇ ਨੌਜਵਾਨਾਂ ’ਚ ਵੱਡੇ ਪੈਮਾਨੇ ’ਤੇ ਬੇਰੋਜ਼ਗਾਰੀ ਆਈ। ਅਸੀਂ ਪਸੰਦੀਦਾ ਦੋਸਤਾਂ ਨੂੰ ਦੇਸ਼ ਦੀ ਜਾਇਦਾਦ ਦੀ ਲਾਪ੍ਰਵਾਹੀ ਨਾਲ ਵਿਕਰੀ ਦਾ ਵਿਰੋਧ ਕਰਦੇ ਹਾਂ। ਸਾਨੂੰ ਇਕ ਮਜ਼ਬੂਤ ਅਤੇ ਰਣਨੀਤਕ ਜਨਤਕ ਖੇਤਰ ਦੇ ਨਾਲ-ਨਾਲ ਇਕ ਮੁਕਾਬਲੇਬਾਜ਼ੀ ਅਤੇ ਵੱਧਦੇ-ਫੁਲਦੇ ਨਿੱਜੀ ਖੇਤਰ ਦੇ ਨਾਲ ਇਕ ਨਿਰਪੱਖ ਅਰਥ ਵਿਵਸਥਾ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਸੰਵਿਧਾਨਕ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਹੋ ਰਹੀ ਉਲੰਘਣਾ
ਨਫਰਤ ਦੀ ਉਨ੍ਹਾਂ ਦੀ ਜ਼ਹਿਰੀਲੀ ਮੁਹਿੰਮ ਨੇ ਸੱਤਾਧਾਰੀ ਪਾਰਟੀ ਅਤੇ ਉਸ ਦੀ ਵੰਡਕਾਰੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਸਾਰੇ ਲੋਕਾਂ ਖਿਲਾਫ ਖਤਰਨਾਕ ਹਿੰਸਾ ਨੂੰ ਜਨਮ ਦਿੱਤਾ ਹੈ। ਇਹ ਹਮਲੇ ਨਾ ਸਿਰਫ ਸੰਵਿਧਾਨਕ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਉਲੰਘਣਾ ਕਰ ਰਹੇ ਹਨ ਸਗੋਂ ਉਨ੍ਹਾਂ ਬੁਨਿਆਦੀ ਮੁੱਲਾਂ ਨੂੰ ਵੀ ਨਸ਼ਟ ਕਰ ਰਹੇ ਹਨ, ਜਿਨ੍ਹਾਂ ’ਤੇ ਭਾਰਤ ਗਣਰਾਜ ਦੀ ਸਥਾਪਨਾ ਹੋਈ ਹੈ-ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਤੇ ਨਿਆ-ਸਿਆਸਤ, ਆਰਥਿਕ ਅਤੇ ਸਮਾਜਿਕ। ਭਾਰਤੀ ਇਤਿਹਾਸ ਦਾ ਪੁਨਰ-ਨਿਰਮਾਣ ਅਤੇ ਪੁਨਰ-ਲੇਖਨ ਕਰ ਕੇ ਜਨਤਕ ਸਲਾਹ ਨੂੰ ਦੂਸ਼ਿਤ ਕਰਨ ਦੇ ਭਾਜਪਾ ਦੇ ਵਾਰ-ਵਾਰ ਯਤਨ ਸਮਾਜਿਕ ਸਦਭਾਵਨਾ ਦਾ ਅਪਮਾਨ ਹੈ।
ਇਹ ਵੀ ਪੜ੍ਹੋ : ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ, ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ : ਸੁਨੀਲ ਜਾਖੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8