‘ਸਿੱਧੂ ਤੋਂ ਲੈ ਕੇ ਮਜ਼੍ਹਬੀ ਵੋਟ ਬੈਂਕ ਤਕ ਸਾਰਿਆਂ ’ਤੇ ਬਣ ਰਹੀ ਰਣਨੀਤੀ’

03/17/2021 2:29:45 PM

ਜਲੰਧਰ (ਪਾਹਵਾ) : ਪੰਜਾਬ ਵਿਚ ਮੌਜੂਦਾ ਕਾਂਗਰਸ ਸਰਕਾਰ ਨੂੰ 4 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਅਤੇ ਇਹ ਚੱਲ ਰਿਹਾ ਸਾਲ ਸੂਬੇ ਵਿਚ ਉਸ ਦਾ ਆਖਰੀ ਸਾਲ ਹੈ। ਆਖਰੀ ਸਾਲ ਹੈ ਤਾਂ ਲਾਜ਼ਮੀ ਹੈ ਕਿ ਚੋਣ ਰਣਨੀਤੀ ਨੂੰ ਲੈ ਕੇ ਵੀ ਯੋਜਨਾ ’ਤੇ ਕੰਮ ਸ਼ੁਰੂ ਹੋ ਗਿਆ ਹੋਵੇਗਾ। ਇਸ ਦਾ ਅਸਰ ਅਗਲੇ ਇਕ ਹਫਤੇ ’ਚ ਸਾਰਿਆਂ ਦੇ ਸਾਹਮਣੇ ਆ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਚ ਕਾਂਗਰਸ ਨੂੰ ਲੱਗਣ ਲੱਗਾ ਹੈ ਕਿ ਦਲਿਤ ਵੋਟ ਕਾਰਡ ਖੇਡੇ ਬਿਨਾਂ ਗੁਜ਼ਾਰਾ ਸੰਭਵ ਨਹੀਂ। ਕਾਰਣ ਇਹ ਹੈ ਕਿ ਹੁਣੇ ਜਿਹੇ ਦੀਆਂ ਬਾਡੀ ਚੋਣਾਂ ਵਿਚ ਜਿਸ ਤਰ੍ਹਾਂ ਵੋਟ ਬੈਂਕ ਬਸਪਾ ਵਰਗੀਆਂ ਪਾਰਟੀਆਂ ਵੱਲ ਟ੍ਰੈਂਡ ਕਰਦਾ ਨਜ਼ਰ ਆ ਰਿਹਾ ਹੈ, ਉਸ ਨੇ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਵਿਚ ਕਾਂਗਰਸ ਇਕ ਵਾਰ ਮੁੜ ਦਲਿਤ ਵੋਟ ਬੈਂਕ, ਖਾਸ ਤੌਰ ’ਤੇ ਮਜ਼੍ਹਬੀ ਸਿੱਖ ਕਾਰਡ ’ਤੇ ਖੇਡਣ ਦੀ ਤਿਆਰੀ ਕਰ ਰਹੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਨੇ ਇਸ ’ਤੇ ਵੱਡੀ ਰਣਨੀਤੀ ਵੀ ਤਿਆਰ ਕੀਤੀ ਹੈ, ਜਿਸ ਨੂੰ ਅਮਲੀ ਰੂਪ ਦੇਣ ਦਾ ਕੰਮ ਅਗਲੇ 2 ਹਫਤਿਆਂ ਅੰਦਰ ਹੋਵੇਗਾ। ਕਾਂਗਰਸ ਨੂੰ ਇਸ ਵੇਲੇ ਸਭ ਤੋਂ ਵੱਡੀ ਕਮੀ ਮਜ਼੍ਹਬੀ ਸਿੱਖ ਚਿਹਰੇ ਦੀ ਆ ਰਹੀ ਹੈ। ਕਿਸੇ ਵੇਲੇ ਬੂਟਾ ਸਿੰਘ ਕਾਂਗਰਸ ਵਿਚ ਵੱਡਾ ਨਾਂ ਸੀ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਕੋਲ ਕੋਈ ਵੱਡਾ ਮਜ਼੍ਹਬੀ ਸਿੱਖ ਚਿਹਰਾ ਨਹੀਂ ਬਚਿਆ। ਇਸ ਕਮੀ ਨੂੰ ਪੂਰਾ ਕਰਨ ਲਈ ਕਾਂਗਰਸ ਵਲੋਂ ਉਨ੍ਹਾਂ ਵਿਧਾਇਕਾਂ ਨੂੰ ਅੱਗੇ ਲਿਆਉਣ ਦੀ ਯੋਜਨਾ ਬਣਾਈ ਗਈ ਹੈ, ਜੋ ਮਜ਼੍ਹਬੀ ਸਿੱਖ ਬਿਰਾਦਰੀ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਰੋਜੀ ਬਰਕੰਦੀ ਨੇ ਕਿਹਾ 'ਰਾਜਾ ਵੜਿੰਗ ਘਰ ਉਜਾੜੂ ਵਿਧਾਇਕ'

 

ਮੰਤਰੀ ਮੰਡਲ ’ਚ ਫੇਰਬਦਲ ਦੀ ਤਿਆਰੀ
ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਮੁੜ ਚਰਚਾ ਚੱਲ ਰਹੀ ਹੈ। ਚਰਚਾ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਏ ਜਾਣ ਦੀ ਹੈ ਪਰ ਇਸ ਦੀ ਆੜ ’ਚ ਕਾਂਗਰਸ ਆਪਣੀ ਰਣਨੀਤੀ ਨੂੰ ਸਫਲ ਬਣਾਉਣ ਲਈ ਖੇਡ ਖੇਡਣ ਦੀ ਤਿਆਰੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਮੰਤਰੀ ਮੰਡਲ ਵਿਚ ਤਬਦੀਲੀ ਹੋਣ ਦੇ ਨਾਲ ਕੁਝ ਮਜ਼੍ਹਬੀ ਸਿੱਖ ਚਿਹਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਕਾਂਗਰਸ ਇਕ ਤੀਰ ਨਾਲ 2 ਨਿਸ਼ਾਨੇ ਲਾਉਣ ਦੀ ਤਾਕ ’ਚ ਹੈ। ਇਕ ਪਾਸੇ ਤਾਂ ਉਹ ਮਜ਼੍ਹਬੀ ਸਿੱਖ ਚਿਹਰਿਆਂ ਨੂੰ ਅੱਗੇ ਲਿਆਏਗੀ, ਦੂਜਾ ਦਲਿਤ ਵੋਟ ਬੈਂਕ ਲਈ ਪਹਿਲੀ ਕਤਾਰ ਦੇ ਨੇਤਾਵਾਂ ਦੇ ਜਾਣ ਤੋਂ ਬਾਅਦ ਦੂਜੀ ਕਤਾਰ ਵੀ ਤਿਆਰ ਕਰ ਲਵੇਗੀ।

ਇਹ ਵੀ ਪੜ੍ਹੋ : 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅੰਮ੍ਰਿਤਸਰ ਤੋਂ 20 ਮਾਰਚ ਨੂੰ ਆਰੰਭ ਹੋਵੇਗਾ ਨਗਰ ਕੀਰਤਨ : ਬੀਬੀ ਜਗੀਰ ਕੌਰ

ਸਿੱਧੂ ਲਈ ਯੋਜਨਾ
ਨਵਜੋਤ ਸਿੱਧੂ ਨੂੰ ਐਡਜਸਟ ਕਰਨ ਲਈ ਵੀ ਰਣਨੀਤੀ ’ਤੇ ਕੰਮ ਚੱਲ ਰਿਹਾ ਹੈ। ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੰਚ ਡਿਪਲੋਮੇਸੀ ਸਿੱਧੂ ਦੀ ਮੰਤਰੀ ਮੰਡਲ ਤਾਜਪੋਸ਼ੀ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਸਿੱਧੂ ਉਂਝ ਤਾਂ ਬਾਡੀ ਮੰਤਰਾਲਾ ’ਤੇ ਅੜੇ ਹੋਏ ਹਨ ਪਰ ਕੈਪਟਨ ਵਲੋਂ ਉਨ੍ਹਾਂ ਨੂੰ ਬਿਜਲੀ ਵਿਭਾਗ ਦੇ ਨਾਲ ਇਕ ਹੋਰ ਵਿਭਾਗ ਦੇਣ ਦੀ ਆਫਰ ਦੇਣ ’ਤੇ ਕੰਮ ਚੱਲ ਰਿਹਾ ਹੈ। ਸੰਭਵ ਤੌਰ ’ਤੇ ਸਿੱਧੂ ਖੇਤੀਬਾੜੀ ਮੰਤਰਾਲਾ ’ਤੇ ਉਂਗਲ ਰੱਖ ਸਕਦੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Anuradha

Content Editor

Related News