ਪਹਿਲਾਂ ਦੋਸਤ ਦਾ ਕਤਲ ਕਰ ਨਹਿਰ ’ਚ ਸੁੱਟੀ ਲਾਸ਼, ਫਿਰ ਆਤਮਿਕ ਸ਼ਾਂਤੀ ਲਈ ਕੀਰਤਪੁਰ ਜਾ ਕਰਵਾਇਆ ਪਾਠ

Friday, May 26, 2023 - 01:58 PM (IST)

ਲੁਧਿਆਣਾ (ਜ.ਬ.) : ਕਮਿਸ਼ਨਰੇਟ ਪੁਲਸ ਨੇ ਇਕ ਅਜਿਹੇ ਅੰਨ੍ਹੇ ਕਤਲ ਨੂੰ ਟ੍ਰੇਸ ਕੀਤਾ ਹੈ, ਜਿਸ ’ਚ ਦੋਸਤਾਂ ਨੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਭਾਖੜਾ ਨਹਿਰ ’ਚ ਜਾ ਕੇ ਸੁੱਟ ਦਿੱਤੀ। ਇੰਨਾ ਹੀ ਨਹੀਂ ਕੀਰਤਪੁਰ ਸਾਹਿਬ ਜਾ ਕੇ ਉਸ ਦੀ ਆਤਮਿਕ ਸ਼ਾਂਤੀ ਲਈ ਪਾਠ ਵੀ ਕਰਵਾ ਦਿੱਤਾ ਅਤੇ ਪਰਿਵਾਰ ਨਾਲ ਮਿਲ ਕੇ ਥਾਣਾ ਡੇਹਲੋਂ ’ਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾ ਦਿੱਤੀ ਪਰ ਕਹਿੰਦੇ ਹਨ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ। ਸੀ. ਆਈ. ਏ.-1 ਦੀ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੱਥ ਠੋਸ ਸੁਰਾਗ ਲੱਗੇ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਗੁਰਚਰਨ ਸਿੰਘ ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਨਥਾਣਾ ਨੇ ਨੌਜਵਾਨ ਦੀਪਇੰਦਰ ਸਿੱਧੂ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਫੜੇ ਗਏ ਮੁਲਜ਼ਮ ਮਾਲੇਰਕੋਟਲਾ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਉਰਫ ਗੁਰੀ ਅਤੇ ਗੁਰਮੀਤ ਸਿੰਘ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪੁਲਸ ਮ੍ਰਿਤਕ ਦੀ ਲਾਸ਼ ਲੱਭਣ ’ਚ ਲੱਗੀ ਹੋਈ ਹੈ। ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਰਛੀਨ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਥਾਣਾ ਡੇਹਲੋਂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਗੁਰਚਰਨ ਸਿੰਘ ਕਰੀਬ ਇਕ ਹਫ਼ਤਾ ਪਹਿਲਾਂ ਘਰੋਂ ਬਿਨਾਂ ਦੱਸੇ ਚਲੇ ਗਏ ਸਨ ਪਰ ਘਰ ਨਹੀਂ ਮੁੜੇ, ਜਿਸ ਤੋਂ ਬਾਅਦ ਥਾਣਾ ਡੇਹਲੋਂ ’ਚ ਗੁੰਮਸ਼ੁਦਗੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ 2 ਸਹਾਇਕ ਸਬ-ਇੰਸਪੈਕਟਰ ਗ੍ਰਿਫ਼ਤਾਰ, ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਜਾਂਚ ਦੌਰਾਨ ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਗੁਰਚਰਨ ਸਿੰਘ ਦਾ ਕਤਲ ਹੋਇਆ ਹੈ। ਜਿਸ ਤੋਂ ਬਾਅਦ ਕੇਸ ਦੀ ਜਾਂਚ ਸੀ. ਆਈ. ਏ.-1 ਦੀ ਪੁਲਸ ਨੇ ਸ਼ੁਰੂ ਕੀਤੀ। ਜਾਂਚ ’ਚ ਕਈ ਅਜਿਹੇ ਸੁਰਾਗ ਪੁਲਸ ਦੇ ਹੱਥ ਲੱਗੇ, ਜੋ ਮੁਲਜ਼ਮਾਂ ਵੱਲ ਇਸ਼ਾਰਾ ਕਰ ਰਹੇ ਸਨ। ਇਸ ਤੋਂ ਬਾਅਦ ਜਦੋਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਨੇ ਆਪਣੇ ਗੁਨਾਹ ਕਬੂਲ ਕਰ ਕੇ ਸਾਰਾ ਸੱਚ ਉਗਲ ਦਿੱਤਾ।

ਸ਼ਰਾਬ ਪੀਂਦਿਆਂ ਹੋਈ ਬਹਿਸਬਾਜ਼ੀ ਦੌਰਾਨ ਰਾਡ ਮਾਰ ਕੇ ਕੀਤਾ ਸੀ ਕਤਲ, ਫਿਰ ਨਹਿਰ ’ਚ ਸੁੱਟੀ ਲਾਸ਼

ਮੁਲਜ਼ਮਾਂ ਤੋਂ ਪੁੱਛਗਿੱਛ ’ਚ ਪਤਾ ਲੱਗਾ ਕਿ ਉਨ੍ਹਾਂ ਦਾ ਗੁਰਚਰਨ ਸਿੰਘ ਨਾਲ ਸੂਰਾਂ ਦਾ ਕਾਰੋਬਾਰ ਸੀ ਅਤੇ ਕਾਫ਼ੀ ਚੰਗੀ ਦੋਸਤੀ ਵੀ ਸੀ। ਇਕ ਦਿਨ ਉਹ ਗੁਰਚਰਨ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਦੌਰਾਨ ਉਨ੍ਹਾਂ ਦੀ ਪੈਸਿਆਂ ਨੂੰ ਲੈ ਕੇ ਗੁਰਚਰਨ ਸਿੰਘ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਲੋਹੇ ਦੀ ਰਾਡ ਨਾਲ ਗੁਰਚਰਨ ਸਿੰਘ ਦੇ ਸਿਰ ’ਤੇ ਵਾਰ ਕੀਤੇ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਲਾਸ਼ ਨੂੰ ਇਕ ਕੱਪੜੇ ’ਚ ਲਪੇਟ ਕੇ ਗੱਡੀ ’ਚ ਪਾ ਕੇ ਲੈ ਗਏ ਅਤੇ ਨਹਿਰ ’ਚ ਸੁੱਟ ਦਿੱਤੀ।

ਕੀਰਤਪੁਰ ਸਾਹਿਬ ਜਾ ਕੇ ਕਰਵਾਇਆ ਆਤਮਿਕ ਸ਼ਾਂਤੀ ਲਈ ਪਾਠ

ਪੁਲਸ ਨੇ ਦੱਸਿਆ ਕਿ ਮੁਲਜ਼ਮ ਬਹੁਤ ਹੀ ਸ਼ਾਤਰ ਹੈ। ਮੁਲਜ਼ਮ ਕੀਰਤਪੁਰ ਸਾਹਿਬ ਗਏ ਜਿੱਥੇ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਗੁਰਚਰਨ ਸਿੰਘ ਉਨ੍ਹਾਂ ਦਾ ਦੋਸਤ ਹੈ। ਮ੍ਰਿਤਕ ਦਾ ਦੁਨੀਆ ’ਚ ਕੋਈ ਨਹੀਂ ਹੈ। ਇਸ ਤੋਂ ਬਾਅਦ ਉਸ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਵੀ ਪਵਾਇਆ। ਇਸ ਤੋਂ ਬਾਅਦ ਮੁਲਜ਼ਮ ਪਰਿਵਾਰ ਨੂੰ ਵੀ ਮਿਲਦੇ ਰਹੇ। ਮੁਲਜ਼ਮ ਗੁਰਚਰਨ ਸਿੰਘ ਦੇ ਪਰਿਵਾਰ ਨਾਲ ਇੰਨੀ ਹਮਦਰਦੀ ਜਤਾਉਂਦੇ ਸਨ ਕਿ ਉਨ੍ਹਾਂ ਨਾਲ ਕਈ ਵਾਰ ਲੱਭਣ ਲਈ ਵੀ ਗਏ ਅਤੇ ਪੁਲਸ ਦੀਆਂ ਅੱਖਾਂ ’ਚ ਘੱਟਾ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਅਤੇ ਪੁਲਸ ਦੇ ਹੱਥੇ ਚੜ੍ਹ ਗਏ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


Simran Bhutto

Content Editor

Related News