ਸ਼ੱਕੀ ਹਾਲਤ ’ਚ ਨੌਜਵਾਨ ਦਾ ਕਤਲ, ਦੋਸਤਾਂ ਨੂੰ ਮਿਲਣ ਗਿਆ ਸੀ ਟੋਭੇ ''ਚੋਂ ਮਿਲੀ ਲਾਸ਼

Wednesday, Mar 03, 2021 - 04:35 PM (IST)

ਸ਼ੱਕੀ ਹਾਲਤ ’ਚ ਨੌਜਵਾਨ ਦਾ ਕਤਲ, ਦੋਸਤਾਂ ਨੂੰ ਮਿਲਣ ਗਿਆ ਸੀ ਟੋਭੇ ''ਚੋਂ ਮਿਲੀ ਲਾਸ਼

ਰਾਜਪੁਰਾ (ਮਸਤਾਨਾ)- ਆਪਣੇ ਦੋਸਤਾਂ ਨੂੰ ਮਿਲਣ ਗਏ ਇਕ 14 ਸਾਲਾਂ ਨੌਜਵਾਨ ਦੀ ਲਾਸ਼ ਅਗਲੇ ਦਿਨ ਪਾਣੀ ਦੇ ਟੋਭੇ ਵਿਚੋਂ ਮਿਲੀ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੂਲ ਨਿਵਾਸੀ ਯੂ.ਪੀ. ਹਾਲ ਵਾਸੀ ਰਾਜਪੁਰਾ ਕਲੂ ਸ਼ਰਮਾ ਨੇ ਥਾਣਾ ਖੇੜੀ ਗੰਡਿਆਂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦਾ 14 ਸਾਲਾ ਲੜਕਾ ਅਨੁਜ ਕੁਮਾਰ ਇਹ ਕਹਿ ਕੇ ਘਰ ਤੋਂ ਚਲਾ ਗਿਆ ਸੀ ਕਿ ਉਹ ਆਪਣੇ ਦੋਸਤਾਂ ਕੋਲ ਜਾ ਰਿਹਾ ਹੈ ਪਰ ਉਹ ਮੁੜ ਕੇ ਘਰ ਨਹੀਂ ਪਰਤਿਆ। ਅਗਲੇ ਦਿਨ ਉਸ ਦੀ ਲਾਸ਼ ਪਿੰਡ ਭੱਦਕ ਨੇੜਿਓਂ ਲੰਘਦੀ ਪਿੰਡ ਸੈਦਖੇੜੀ ਵੱਲ ਜਾਂਦੀ ਲਿੰਕ ਰੋਡ ’ਤੇ ਕਿਸੇ ਟੋਭੇ ਵਿਚੋਂ ਬਰਾਮਦ ਹੋਈ।

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਲੜਕੇ ਦਾ ਕਤਲ ਕਰਕੇ ਲਾਸ਼ ਟੋਭੇ ਵਿਚ ਸੁੱਟ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਅਤੇ ਅਗਲੇਰੀ ਕਾਰਵਾਈ ਲਈ ਸਥਾਨਕ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News