ਪੰਜਾਬ ''ਚ ਬਚੇ ਸਿਰਫ 21 ਆਜ਼ਾਦੀ ਘੁਲਾਟੀਏ, ਸਰਕਾਰ ਕੋਲੋਂ ਮੰਗੀ 25000 ਰੁਪਏ ਮਹੀਨਾ ਪੈਨਸ਼ਨ
Tuesday, Sep 24, 2019 - 03:55 PM (IST)

ਜਲੰਧਰ (ਧਵਨ) : ਪੰਜਾਬ 'ਚ ਆਜ਼ਾਦੀ ਘੁਲਾਟੀਆਂ ਦੀ ਗਿਣਤੀ ਸਿਰਫ 21 ਦੇ ਕਰੀਬ ਰਹਿ ਗਈ ਹੈ। ਉਨ੍ਹਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ 25 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ। ਆਜ਼ਾਦੀ ਘੁਲਾਟੀਏ 94 ਸਾਲਾ ਅਵਿਨਾਸ਼ ਚੰਦਰ ਛਾਬੜਾ ਨੇ ਸੋਮਵਾਰ ਨੂੰ ਕਿਹਾ ਕਿ ਉਤਰਾਖੰਡ 'ਚ ਤਾਂ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੇ ਜਾਨਸ਼ੀਨਾਂ ਨੂੰ ਵੀ ਪੈਨਸ਼ਨ ਦੇਣ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਉਤਰਾਖੰਡ 'ਚ ਆਜ਼ਾਦੀ ਦੀ ਲੜਾਈ ਲੜਨ ਵਾਲੇ ਘੁਲਾਟੀਆਂ ਨੂੰ 20 ਹਜ਼ਾਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ 5 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਫੌਜ ਵਿਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਭਾਰਤ-ਪਾਕਿ ਦਰਮਿਆਨ ਹੋਈ ਜੰਗ 'ਚ ਹਿੱਸਾ ਲਿਆ ਸੀ। ਉਨ੍ਹਾਂ ਨੂੰ ਆਜ਼ਾਦੀ ਘੁਲਾਟੀਆਂ ਦੀ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਇਸ ਨੂੰ ਤੁਰੰਤ ਪੂਰੀ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਨੇਕਾਂ ਸੂਰਵੀਰਾਂ ਨੇ ਆਪਣਾ ਪੂਰਾ ਜੀਵਨ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਲਾ ਦਿੱਤਾ ਸੀ। ਕਈ ਆਜ਼ਾਦੀ ਘੁਲਾਟੀਏ ਹੁਣ ਨਹੀਂ ਰਹੇ ਹਨ। ਉਨ੍ਹਾਂ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ। ਜਿਹੜੇ 21 ਆਜ਼ਾਦੀ ਘੁਲਾਟੀਏ ਰਹਿ ਗਏ ਹਨ, ਦੀ ਉਮਰ ਇਸ ਸਮੇਂ 85 ਤੋਂ 95 ਸਾਲ ਦਰਮਿਆਨ ਹੈ।
ਛਾਬੜਾ ਨੇ ਕਿਹਾ ਕਿ ਸੂਬੇ ਵਿਚ ਆਜ਼ਾਦੀ ਘੁਲਾਟੀਆਂ ਦੀਆਂ 100 ਵਿਧਵਾਵਾਂ ਨੂੰ ਵੀ ਪੰਜਾਬ ਸਰਕਾਰ ਵਲੋਂ ਪੈਨਸ਼ਨ ਦਿੱਤੀ ਜਾ ਰਹੀ ਹੈ। ਇਹ ਪੈਨਸ਼ਨ ਵਧਾਈ ਜਾਣੀ ਚਾਹੀਦੀ ਹੈ। ਆਜ਼ਾਦੀ ਘੁਲਾਟੀਆਂ ਨੂੰ ਕੈਪਟਨ ਸਰਕਾਰ ਨੇ 300 ਯੂਨਿਟ ਮੁਫਤ ਬਿਜਲੀ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਆਜ਼ਾਦੀ ਘੁਲਾਟੀਆਂ ਦਾ ਇਕ ਵਫਦ 4 ਜੂਨ ਨੂੰ ਕੈਬਨਿਟ ਮੰਤਰੀ ਓ. ਪੀ. ਸੋਨੀ ਨੂੰ ਮਿਲਿਆ ਸੀ ਅਤੇ ਉਨ੍ਹਾਂ ਇਸ ਸਬੰਧੀ ਵਿੱਤ ਵਿਭਾਗ ਨਾਲ ਗੱਲਬਾਤ ਕੀਤੀ ਸੀ।