ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਂ ’ਤੇ 18 ਲੱਖ 46 ਹਜ਼ਾਰ ਰੁਪਏ ਦੀ ਠੱਗੀ
Thursday, Mar 13, 2025 - 01:39 PM (IST)

ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਂ ’ਤੇ ਸੈਕਟਰ-44 ਦੇ ਵਸਨੀਕ ਨਾਲ 18 ਲੱਖ 46 ਹਜ਼ਾਰ 245 ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਸ਼ਿਕਾਇਤਕਰਤਾ ਨੇ ਨਿਵੇਸ਼ ਕੀਤੇ ਪੈਸੇ ਕੱਢਣ ਲਈ ਕਿਹਾ ਤਾਂ ਠੱਗਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਸਾਈਬਰ ਸੈੱਲ ਨੇ ਰਾਕੇਸ਼ ਦਿਲਵਰੀ ਵਾਸੀ ਸੈਕਟਰ-44 ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ’ਤੇ ਪਰਚਾ ਦਰਜ ਕਰ ਲਿਆ। ਰਾਕੇਸ਼ ਦਿਲਵਰੀ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਨਲਾਈਨ ਵਪਾਰ ਕਰਨ ਲਈ ਸੀ2 ਆਫੀਸ਼ੀਅਲ ਕੋਟਕ ਸਕਿਓਰਟੀਜ਼ ਟ੍ਰੇਡਿੰਗ ਗਰੁੱਪ ਜੁਆਇਨ ਕੀਤਾ ਸੀ।
3 ਅਕਤੂਬਰ 2024 ਨੂੰ ਉਸ ਨੇ 50 ਹਜ਼ਾਰ ਨਿਵੇਸ਼ ਕੀਤੇ। 9 ਅਕਤੂਬਰ ਨੂੰ 55 ਹਜ਼ਾਰ 113 ਰੁਪਏ ਆ ਗਏ। 7 ਅਕਤੂਬਰ ਨੂੰ 2 ਲੱਖ 40 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ। ਉਸ ਨੂੰ 4 ਲੱਖ 21 ਹਜ਼ਾਰ 695 ਰੁਪਏ ਮਿਲ ਗਏ। ਸ਼ਿਕਾਇਤਕਰਤਾ ਨੇ 14 ਅਕਤੂਬਰ ਨੂੰ ਇਕ ਲੱਖ ਰੁਪਏ ਕੱਢਵਾ ਲਏ। ਇਸ ਤੋਂ ਬਾਅਦ ਉਸ ਨੇ ਲੁਚਸ਼ਯ ਪਾਵਰਟੈਕ ਦੇ 5200 ਸ਼ੇਅਰ ਖਰੀਦੇ। ਉਸ ਨੂੰ 8 ਲੱਖ 89 ਹਜ਼ਾਰ 200 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਸ ਦੇ ਖ਼ਾਤੇ ’ਚ ਸਾਢੇ ਚਾਰ ਲੱਖ ਰੁਪਏ ਸਨ।
ਉਸ ਨੇ ਸ਼ੇਅਰ ਵੇਚ ਦਿੱਤੇ ਤੇ 16 ਲੱਖ 84 ਹਜ਼ਾਰ 814 ਰੁਪਏ ਬਣ ਗਏ। ਇਸ ਤੋਂ ਬਾਅਦ ਡੈਨਿਸ਼ ਪਾਵਰ ਆਈ. ਪੀ. ਓ. ’ਚ 28 ਲੱਖ ਰੁਪਏ ਦੇ ਸ਼ੇਅਰ ਅਲਾਟ ਕਰ ਦਿੱਤੇ। ਡੈਨਿਸ਼ ਦੇ ਸ਼ੇਅਰ 8 ਨਵੰਬਰ ਨੂੰ 62 ਲੱਖ 30 ਹਜ਼ਾਰ 330 ਰੁਪਏ ’ਚ ਵੇਚੇ। ਸ਼ਿਕਾਇਤਕਰਤਾ ਨੇ ਪੈਸੇ ਵਿਡਰਾਅ ਕਰਨ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਕ੍ਰੈਡਿਟ ਸਕੋਰ 75 ਹੈ ਜੋ 80 ਹੋਣਾ ਚਾਹੀਦਾ ਹੈ। ਇਹ ਸਕੋਰ ਹਾਸਲ ਕਰਨ ਲਈ ਤੁਹਾਨੂੰ ਪੰਜ ਲੱਖ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਪਰ ਉਸ ਤੋਂ ਬਾਅਦ ਉਸ ਨੇ ਕੋਈ ਪੈਸਾ ਜਮ੍ਹਾਂ ਨਹੀਂ ਕਰਵਾਇਆ। ਧੋਖਾਧੜੀ ਦਾ ਅਹਿਸਾਸ ਹੋਣ ’ਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।