ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਦੇ ਨਾਂ ’ਤੇ 6 ਲੱਖ 81 ਹਜ਼ਾਰ ਰੁਪਏ ਦੀ ਠੱਗੀ
Saturday, Mar 08, 2025 - 10:29 PM (IST)

ਚੰਡੀਗੜ੍ਹ (ਸੁਸ਼ੀਲ) : ਨਰਸ ਨੂੰ ਆਸਟ੍ਰੇਲੀਆ ਭੇਜਣ ਦੇ ਨਾਮ ’ਤੇ ਸੈਕਟਰ-35 ਸਥਿਤ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਇਮੀਗ੍ਰੇਸ਼ਨ ਕੰਪਨੀ ਨੇ 6 ਲੱਖ 81 ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਠੱਗੀ ਤੋਂ ਬਾਅਦ ਮੁਲਜ਼ਮ ਆਪਣਾ ਦਫਤਰ ਬੰਦ ਕਰ ਕੇ ਫਰਾਰ ਹੋ ਗਿਆ। ਲੁਧਿਆਣਾ ਨਿਵਾਸੀ ਅਮਨਦੀਪ ਕੌਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਤੋਂ ਬਾਅਦ ਸੈਕਟਰ-36 ਥਾਣੇ ਦੀ ਪੁਲਸ ਨੇ ਕੰਪਨੀ ਦੇ ਮਾਲਕ ਰਾਜਦੀਪ ਸਿੰਘ, ਵਾਸੀ ਮੋਹਾਲੀ ਫੇਜ਼-7 ਅਤੇ ਸ਼ੈਲੀ ਸ਼ਰਮਾ ਵਾਸੀ ਨਵਾਂਗਰਾਓਂ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।
ਲੁਧਿਆਣਾ ਨਿਵਾਸੀ ਅਮਨਦੀਪ ਕੌਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਕਿ 1 ਜੁਲਾਈ 2023 ਨੂੰ ਪਤੀ ਦੇ ਦੋਸਤ ਨੇ ਕਿਹਾ ਕਿ ਨਰਸ ਹੋਣ ਕਰਕੇ ਆਸਟ੍ਰੇਲੀਆ ਦੀ ਪੀ.ਆਰ. ਮਿਲ ਜਾਵੇਗੀ। ਪੀ.ਆਰ. ਲਈ ਅਰਜ਼ੀ ਦੇਵੇ। ਉਨ੍ਹਾਂ ਨੇ ਟ੍ਰੈਵਲ ਏਜੰਟ ਸੈਕਟਰ-35 ਸਥਿਤ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਇਮੀਗ੍ਰੇਸ਼ਨ ਕੰਪਨੀ ਦੇ ਰਾਜਦੀਪ ਸਿੰਘ ਅਤੇ ਸਹਾਇਕ ਨਵਾਂਗਰਾਓਂ ਦੀ ਰਹਿਣ ਵਾਲੀ ਸ਼ੈਲੀ ਸ਼ਰਮਾ ਦਾ ਨੰਬਰ ਦਿੱਤਾ। ਟ੍ਰੈਵਲ ਏਜੰਟ ਰਾਜਦੀਪ ਦੀ ਸਹਾਇਕ ਸ਼ੈਲੀ ਸ਼ਰਮਾ ਨੇ 19 ਜੁਲਾਈ 2023 ਨੂੰ ਰਾਜਦੀਪ ਨਾਲ ਮਿਲਣ ਲਈ ਸੈਕਟਰ-35 ਦੇ ਦਫ਼ਤਰ ਵਿਚ ਬੁਲਾਇਆ। ਰਾਜਦੀਪ ਨੇ ਆਸਟ੍ਰੇਲੀਆ ਦੀ ਪੀ.ਆਰ. ਦਿਵਾਉਣ ਲਈ 16 ਲੱਖ ਰੁਪਏ ਮੰਗੇ। ਉਸਨੇ ਕਿਹਾ ਕਿਛੇ ਮਹੀਨਿਆਂ ਵਿਚ ਪੀ.ਆਰ. ਦਿਵਾ ਦਿੱਤੀ ਜਾਵੇਗੀ।
19 ਜੁਲਾਈ 2023 ਨੂੰ ਇੱਕ ਲੱਖ 35 ਹਜ਼ਾਰ ਰੁਪਏ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਨੂੰ ਟਰਾਂਸਫਰ ਕਰ ਦਿੱਤੇ। ਨਵੰਬਰ 2023 ਵਿਚ 2 ਲੱਖ 11 ਹਜ਼ਾਰ ਰੁਪਏ, 5 ਮਾਰਚ, 2024 ਨੂੰ ਅਤੇ ਡੇਢ ਲੱਖ ਰੁਪਏ ਟਰਾਂਸਫਰ ਕੀਤੇ । ਰਾਜਦੀਪ ਅਤੇ ਸ਼ੈਲੀ ਸ਼ਰਮਾ ਨਾਲ ਕਈ ਵਾਰ ਫ਼ੋਨ ’ਤੇ ਗੱਲ ਕੀਤੀ ਅਤੇ ਵੀਜ਼ਾ ਬਾਰੇ ਪੁੱਛਣ ਲਈ ਕਈ ਵਾਰ ਉਨ੍ਹਾਂ ਦੇ ਦਫ਼ਤਰ ਵੀ ਗਏ, ਅਤੇ ਉਨ੍ਹਾਂ ਨੇ ਕਿਹਾ ਕਿ ਵੀਜ਼ਾ ਜਲਦੀ ਹੀ ਲੱਗ ਜਾਵੇਗਾ। 10 ਸਤੰਬਰ 2024 ਨੂੰ 20 ਹਜ਼ਾਰ, 16 ਅਕਤੂਬਰ 2024 ਨੂੰ 25 ਹਜ਼ਾਰ ਅਤੇ 27 ਨਵੰਬਰ 2024 ਨੂੰ ਉੱਤਰਾਖੰਡ ਦੇ ਰੁਦਰਪੁਰ ਗਏ ਅਤੇ ਰਾਜਦੀਪ ਨੂੰ ਇੱਕ ਲੱਖ 25 ਹਜ਼ਾਰ ਰੁਪਏ ਦਿੱਤੇ।
ਪੈਸੇ ਲੈਣ ਤੋਂ ਬਾਅਦ ਫ਼ੋਨ ਚੁੱਕਣਾ ਬੰਦ ਕਰ ਦਿੱਤਾ
ਪੈਸੇ ਲੈਣ ਤੋਂ ਬਾਅਦ ਰਾਜਦੀਪ ਅਤੇ ਸ਼ੈਲੀ ਸ਼ਰਮਾ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਰਾਜਦੀਪ ਅਤੇ ਸ਼ੈਲੀ ਸ਼ਰਮਾ ਵਿਰੁੱਧ 2 ਸਤੰਬਰ 2024 ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਜਦੋਂ ਰਾਜਦੀਪ ਦੇ ਦਫ਼ਤਰ ਗਏ, ਤਾਂ ਸ਼ੈਲੀ ਸ਼ਰਮਾ ਮਿਲੀ। ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਸ਼ੈਲੀ ਸ਼ਰਮਾ ਨੇ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜਦੀਪ ਦੀ ਉੱਪਰ ਤੱਕ ਪਹੁੰਚ ਹੈ। ਬਾਅਦ ਵਿਚ ਪਤਾ ਲੱਗਾ ਕਿ ਰਾਜਦੀਪ ਵਿਰੁੱਧ 30 ਹੋਰ ਲੋਕਾਂ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਹੋਰ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਸੈਕਟਰ-36 ਥਾਣੇ ਦੀ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਰਾਜਦੀਪ ਅਤੇ ਸ਼ੈਲੀ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।