ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 33 ਲੱਖ ਠੱਗੇ
Monday, Jan 03, 2022 - 11:06 AM (IST)
ਮੋਗਾ (ਆਜ਼ਾਦ) : ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਦਾਤਾ ਨਿਵਾਸੀ ਅਮਨਦੀਪ ਸਿੰਘ ਨੂੰ ਵਿਆਹ ਕਰਵਾ ਕੇ ਕੈਨੈਡਾ ਲਿਜਾਣ ਦਾ ਝਾਂਸਾ ਦੇ ਕੇ ਉਸ ਦੀ ਪਤਨੀ ਵੱਲੋਂ ਆਪਣੀ ਮਾਂ ਨਾਲ ਮਿਲ ਕੇ 33 ਲੱਖ ਰੁਪਏ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਮਹਿਣਾ ਪੁਲਸ ਵੱਲੋਂ ਕੈਨੇਡਾ ਰਹਿੰਦੀ ਦਵਿੰਦਰ ਕੌਰ ਨਿਵਾਸੀ ਦਾਤਾ ਅਤੇ ਉਸਦੀ ਮਾਂ ਮਨਜੀਤ ਕੌਰ ਨਿਵਾਸੀ ਪਿੰਡ ਈਸ਼ੇਵਾਲ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਨਿਵਾਸੀ ਪਿੰਡ ਦਾਤਾ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ। ਬੀਤੀ 20 ਦਸੰਬਰ 2019 ਨੂੰ ਉਸਦੇ ਬੇਟੇ ਅਮਨਦੀਪ ਸਿੰਘ ਦਾ ਵਿਆਹ ਦਵਿੰਦਰ ਕੌਰ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਮੋਗਾ ਦੇ ਇਕ ਪੈਲੇਸ ਵਿਚ ਹੋਇਆ ਸੀ।
ਉਨ੍ਹਾਂ ਕਿਹਾ ਕਿ ਦਵਿੰਦਰ ਕੌਰ ਨੇ ਆਈਲੈਟਸ ਕੀਤੀ ਹੋਈ ਸੀ, ਉਸਨੇ ਕਿਹਾ ਕਿ ਜੇਕਰ ਮੈਂ ਕੈਨੇਡਾ ਚਲੀ ਜਾਵਾਂ ਤਾਂ ਮੈਂ ਆਪਣੇ ਪਤੀ ਅਮਨਦੀਪ ਸਿੰਘ ਨੂੰ ਵੀ ਕੈਨੇਡਾ ਬੁਲਾ ਲਵਾਂਗੀ, ਜਿਸ ’ਤੇ ਅਸੀਂ ਉਸ ਨੂੰ ਕੈਨੇਡਾ ਭੇਜਣ ਲਈ ਫਾਈਲ ਤਿਆਰ ਕਰਵਾਈ ਪਰ ਦਵਿੰਦਰ ਕੌਰ ਨੇ ਫਾਈਲ ਵਿਚ ਆਪਣੇ ਆਪ ਨੂੰ ਕੁਆਰਾ ਦੱਸ ਕੇ ਫਾਈਲ ਲਾ ਦਿੱਤੀ, ਜਦਕਿ ਮੇਰੇ ਬੇਟੇ ਦੀ ਮੈਰਿਜ ਰਜਿਸਟਰਡ ਹੋਈ ਹੈ। ਇਸ ਉਪਰੰਤ ਦਵਿੰਦਰ ਕੌਰ ਵਿਆਹ ਦੇ ਕਰੀਬ 8 ਮਹੀਨੇ ਬਾਅਦ ਕੈਨੇਡਾ ਚਲੀ ਗਈ। ਉਸ ਨੇ ਜਦੋਂ ਮੇਰੇ ਬੇਟੇ ਨੂੰ ਕੈਨੇਡਾ ਨਾ ਬੁਲਾਇਆ ਤਾਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸਨੇ ਇਕੱਲੀ ਨੇ ਹੀ ਕੈਨੇਡਾ ਜਾਣ ਲਈ ਫਾਈਲ ਲਗਾਈ ਸੀ। ਸਾਡਾ ਉਸ ਨੂੰ ਕੈਨੇਡਾ ਭੇਜਣ ’ਤੇ 33 ਲੱਖ ਰੁਪਏ ਦੇ ਕਰੀਬ ਖ਼ਰਚਾ ਆ ਗਿਆ। ਅਸੀਂ ਕਈ ਵਾਰ ਉਸ ਨੂੰ ਅਤੇ ਉਸਦੀ ਮਾਤਾ ਦੇ ਇਲਾਵਾ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਮੇਰੇ ਬੇਟੇ ਨੂੰ ਕੈਨੇਡਾ ਬੁਲਾਵੇ।
ਇਸ ਸਬੰਧ ਵਿਚ ਪੰਚਾਇਤੀ ਤੌਰ ’ਤੇ ਵੀ ਗੱਲਬਾਤ ਕੀਤੀ, ਪਰ ਕਿਸੇ ਨੇ ਸਾਡੀ ਗੱਲ ਨਾ ਸੁਣੀ। ਇਸ ਤਰ੍ਹਾਂ ਮਾਂ-ਧੀ ਨੇ ਕਥਿਤ ਮਿਲੀ-ਭੁਗਤ ਕਰ ਕੇ ਸਾਡੇ ਨਾਲ ਧੋਖਾ ਕੀਤਾ। ਜ਼ਿਲ੍ਹਾ ਪੁਲਸ ਮੁਖੀ ਮੋਗਾ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਸਮੇਂ ਸਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਦਵਿੰਦਰ ਕੌਰ ਅਤੇ ਉਸਦੀ ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਥਾਣੇਦਾਰ ਲਖਵੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।