ਫਰਜ਼ੀ ਵੀਜ਼ਾ ਸਟਿੱਕਰ :  ਥਾਈਲੈਂਡ ਤੇ ਮਲੇਸ਼ੀਆ ਬਣ ਚੁੱਕੇ ਹਨ ਫਰਜ਼ੀ ਟਰੈਵਲ ਏਜੰਟਾਂ ਦਾ ਗੜ੍ਹ

12/24/2017 2:56:13 AM

ਕਪੂਰਥਲਾ,   (ਭੂਸ਼ਣ)-  ਦੱਖਣ ਪੂਰਵੀ ਏਸ਼ੀਆ ਦੇ 2 ਪ੍ਰਮੁੱਖ ਦੇਸ਼ ਥਾਈਲੈਂਡ ਤੇ ਮਲੇਸ਼ੀਆ ਬਣ ਚੁੱਕੇ ਹਨ ਫਰਜ਼ੀ ਟਰੈਵਲ ਏਜੰਟਾਂ ਦੀਆਂ ਗਤੀਵਿਧੀਆਂ ਦਾ ਗੜ੍ਹ। ਬੀਤੇ ਲੰਬੇ ਸਮੇਂ ਤੋਂ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ 'ਚ ਸ਼ਰੇਆਮ ਵਿਕਣ ਵਾਲੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧਤ ਫਰਜ਼ੀ ਸਟਿਕਰ ਵੀਜ਼ੇ ਦੀ ਖੇਡ ਦੇ ਕਾਰਨ ਜਿਥੇ ਸੂਬੇ ਨਾਲ ਸੰਬੰਧਤ ਸੈਂਕੜੇ ਨੌਜਵਾਨ ਕਰੋੜਾਂ ਰੁਪਏ ਦੀ ਰਕਮ ਗਵਾ ਚੁੱਕੇ ਹਨ। ਉਥੇ ਹੀ ਖੁਦ ਦੇ ਪਾਸਪੋਰਟ ਤੇ ਜਾਅਲੀ ਵੀਜ਼ਾ ਲੱਗਣ ਦੇ ਕਾਰਨ ਇਨ੍ਹਾਂ 'ਚੋਂ ਕਈ ਨੌਜਵਾਨਾਂ ਨੂੰ ਜੇਲਾਂ 'ਚ ਵੀ ਰਹਿਣਾ ਪੈਂਦਾ ਹੈ ।  
ਬੈਂਕਾਂਕ ਤੇ ਕੁਆਲਾਲੰਪੁਰ 'ਚ ਬੈਠੇ ਹਨ ਸੂਬੇ ਨਾਲ ਸਬੰਧਤ ਸੈਂਕੜੇ ਨੌਜਵਾਨ
ਸੂਬੇ ਨਾਲ ਸਬੰਧਤ ਨੌਜਵਾਨਾਂ 'ਚ ਵਿਦੇਸ਼ ਜਾਣ ਲਈ ਲੱਗੀ ਹੋੜ ਦੇ ਕਾਰਨ ਫਰਜ਼ੀ ਟ੍ਰੈਵਲ ਏਜੰਟ ਉਨ੍ਹਾਂ ਦਾ ਜਿਥੇ ਸ਼ੋਸ਼ਣ ਕਰ ਰਹੇ ਹਨ। ਉਥੇ ਹੀ ਹੁਣ ਇਨ੍ਹਾਂ ਕਬੂਤਰਬਾਜ਼ਾਂ ਨੇ ਥਾਈਲੈਂਡ ਦੀ ਰਾਜਧਾਨੀ ਬੈਕਾਂਕ ਅਤੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ 'ਚ ਵਿਕਣ ਵਾਲੇ ਯੂਰੋਪੀਅਨ ਦੇਸ਼ਾਂ ਤੇ ਉੱਤਰੀ ਅਮਰੀਕੀ ਦੇਸ਼ਾਂ ਦੇ ਸਟਿਕਰ ਵੀਜ਼ੇ ਦੀ ਮਦਦ ਨਾਲ ਮਾਸੂਮ ਨੌਜਵਾਨਾਂ ਨੂੰ ਠੱਗਣ ਦਾ ਦੌਰ ਤੇਜ਼ ਕਰ ਦਿੱਤਾ ਹੈ।  
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਸ਼ਹਿਰਾਂ 'ਚ ਕੁਝ ਹਜ਼ਾਰ ਰੁਪਏ ਖਰਚ ਕਰਕੇ ਫਰਜ਼ੀ ਟ੍ਰੈਵਲ ਏਜੰਟ ਕਿਸੇ ਵੀ ਦੇਸ਼ ਦਾ ਜਾਅਲੀ ਸਟਿਕਰ ਵੀਜ਼ਾ ਖਰੀਦ ਲੈਂਦੇ ਹਨ ਤੇ ਆਪਣੇ ਸ਼ਿਕਾਰ ਨੌਜਵਾਨਾਂ ਨੂੰ ਯੂਰੋਪੀਅਨ ਦੇਸ਼ਾਂ ਦੇ ਨਾਲ-ਨਾਲ ਉੱਤਰੀ ਅਮਰੀਕੀ ਦੇਸ਼ਾਂ 'ਚ ਭੇਜਣ ਦਾ ਝਾਂਸਾ ਦੇਕੇ ਉਨ੍ਹਾਂ ਤੋਂ 10 ਲੱਖ ਰੁਪਏ ਤੋਂ ਲੈ ਕੇ 30 ਲੱਖ ਰੁਪਏ ਦੀ ਰਕਮ ਹੜਪ ਲੈਂਦੇ ਹਨ 
ਜ਼ਿਆਦਾਤਰ ਮਾਮਲਿਆਂ 'ਚ ਠੱਗੀ ਕਰਨ ਵਾਲੇ ਕਬੂਤਰਬਾਜ਼ਾਂ ਦਾ ਨਹੀਂ ਕੋਈ ਸੁਰਾਗ
ਦੱਸਿਆ ਜਾਂਦਾ ਹੈ ਕਿ ਵਰਤਮਾਨ ਦੌਰ 'ਚ ਇੰਨੀ ਵੱਡੀ ਠੱਗੀ ਦਾ ਨੈੱਟਵਰਕ ਸਾਹਮਣੇ ਆਉਣ ਦੇ ਬਾਵਜੂਦ ਵੀ ਬੈਂਕਾਕ ਅਤੇ ਕੁਆਲਾਲੰਪੁਰ 'ਚ ਕਈ ਲੋਕ ਤਾਂ ਆਪਣੇ ਪਰਿਵਾਰਾਂ ਦੇ ਨਾਲ ਬੀਤੇ ਕਈ ਮਹੀਨਿਆਂ ਤੋਂ ਬੈਠੇ ਹੋਏ ਹਨ ਤੇ ਕਬੂਤਰਬਾਜ਼ ਉਨ੍ਹਾਂ ਨੂੰ ਇਨ੍ਹਾਂ ਫਰਜ਼ੀ ਵੀਜ਼ਾਂ ਦੀ ਮਦਦ ਨਾਲ ਅਮੀਰ ਦੇਸ਼ਾਂ 'ਚ ਭੇਜਣ ਦਾ ਝਾਂਸਾ ਦੇ ਰਹੇ ਹਨ ਹਾਲਾਂਕਿ ਇਨ੍ਹਾਂ 'ਚੋਂ ਕਈ ਲੋਕ ਤਾਂ ਆਪਣੇ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ ਦਾ ਖੁਲਾਸਾ ਹੁੰਦੇ ਹੀ ਇਨ੍ਹਾਂ ਸ਼ਹਿਰਾਂ ਤੋਂ ਕਿਸੇ ਤਰ੍ਹਾਂ ਭੱਜ ਕੇ ਵਾਪਸ ਪੰਜਾਬ ਆ ਗਏ ਹਨ ਤਾਂਕਿ ਫੜੇ ਜਾਣ ਤੇ ਉਨ੍ਹਾਂ ਦੇ ਖਿਲਾਫ ਮਾਮਲਾ ਨਾ ਦਰਜ ਹੋ ਜਾਵੇ। ਉਥੇ ਹੀ ਇਸ ਸੰਬੰਧ 'ਚ ਜਿਥੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਕਰ ਚੁੱਕੀ ਵੱਖ-ਵੱਖ ਜ਼ਿਲਿਆਂ ਦੀ ਪੁਲਸ ਦੇ ਕੋਲ ਹੁਣ ਫਰਜ਼ੀ ਵੀਜ਼ਾ ਹਾਸਲ ਕਰਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ ਹਾਲਾਂਕਿ ਜ਼ਿਆਦਾਤਰ ਮਾਮਲਿਆਂ 'ਚ ਠੱਗੀ ਕਰਨ ਵਾਲੇ ਕਬੂਤਰਬਾਜ਼ਾਂ ਦਾ ਕੋਈ ਸੁਰਾਗ ਨਹੀਂ ਹੈ।   
ਫਰਜ਼ੀ ਟ੍ਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦੀ ਰਕਮ ਦੇ ਕੇ ਜਾਅਲੀ ਵੀਜ਼ਾ ਲੈਣ ਵਾਲੇ ਮਾਸੂਮ ਲੋਕਾਂ ਨੂੰ ਕਈ ਵਾਰ ਤਾਂ ਦੋਹਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਮਾਮਲਿਆਂ 'ਚ ਫੜੇ ਜਾਣ 'ਤੇ ਜਦੋਂ ਇਨ੍ਹਾਂ ਸੰਬੰਧਤ ਦੇਸ਼ਾਂ ਦੇ ਇੰਮੀਗਰੇਸ਼ਨ ਅਫਸਰ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਨਵੀਂ ਦਿੱਲੀ ਭੇਜਦੇ ਹਨ ਤਾਂ ਦਿੱਲੀ ਪੁੱਜਦੇ ਹੀ ਉਨ੍ਹਾਂ ਨੂੰ ਫਰਜ਼ੀ ਵੀਜ਼ਾ ਰੱਖਣ 'ਤੇ ਸਿੱਧਾ ਤਿਹਾੜ ਜੇਲ ਭੇਜ ਦਿੱਤਾ ਜਾਂਦਾ ਹੈ, ਜਿਸ ਦੇ ਦੌਰਾਨ ਪਹਿਲਾਂ ਤੋਂ ਹੀ ਆਪਣੀ ਜ਼ਿੰਦਗੀ ਭਰ ਦੀ ਰਕਮ ਗਵਾ ਚੁੱਕੇ ਇਨ੍ਹਾਂ ਲੋਕਾਂ ਨੂੰ ਜ਼ਮਾਨਤ ਲਈ ਹਜ਼ਾਰਾਂ ਰੁਪਏ ਦੀ ਰਕਮ ਖਰਚ ਕਰਨੀ ਪੈਂਦੀ ਹੈ ਪਰ ਜਾਗਰੂਕਤਾ ਦੀ ਕਮੀ ਕਾਰਨ ਲੋਕ ਇਨ੍ਹਾਂ ਫਰਜ਼ੀ ਟ੍ਰੈਵਲ ਏਜੰਟਾਂ ਦੇ ਜਾਲ 'ਚ ਲਗਾਤਾਰ ਫਸ ਰਹੇ ਹਨ । 


Related News