ਆਨਲਾਈਨ ਗੇਮ ਦੇ ਨਾਂ ’ਤੇ ਗ਼ਰੀਬਾਂ ਦੇ ਮੋਢਿਆਂ ਦੀ ਹੋ ਰਹੀ ਵਰਤੋਂ! ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

Thursday, Aug 22, 2024 - 06:17 PM (IST)

ਆਨਲਾਈਨ ਗੇਮ ਦੇ ਨਾਂ ’ਤੇ ਗ਼ਰੀਬਾਂ ਦੇ ਮੋਢਿਆਂ ਦੀ ਹੋ ਰਹੀ ਵਰਤੋਂ! ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

ਫਿਲੌਰ (ਭਾਖੜੀ)-ਆਨਲਾਈਨ ਗੇਮ ਦੇ ਨਾਂ ’ਤੇ ਗ਼ਰੀਬਾਂ ਦੇ ਮੋਢਿਆਂ ਦੀ ਵਰਤੋਂ ਹੋ ਰਹੀ ਹੈ, ਜਿਨ੍ਹਾਂ ਦੇ ਬੈਂਕ ਖ਼ਾਤਿਆਂ ’ਚ ਗੇਮ ਸੰਚਾਲਕਾਂ ਦੇ ਲੱਖਾਂ ਰੁਪਏ ਪਏ ਹਨ ਪਰ ਖਾਣ ਲਈ ਇਕ ਢੰਗ ਦਾ ਘਰ ’ਚ ਆਟਾ ਵੀ ਨਸੀਬ ਨਹੀਂ ਹੋ ਰਿਹਾ। ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖ ਕੇ ਅਤੇ ਪੁਲਸ ਕਮਿਸ਼ਨਰ ਜਲੰਧਰ ਕੋਲ ਪੇਸ਼ ਹੋ ਕੇ ਸ਼ਿਕਾਇਤ ਦਿੰਦੇ ਹੋਏ ਹਰਵਿੰਦਰ ਕੁਮਾਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਉਰਫ਼ ਰਾਜ ਨਾਲ ਹੋਈ ਸੀ।

ਉਨ੍ਹਾਂ ਕੋਲ ਕੋਈ ਕੰਮ-ਧੰਦਾ ਨਾ ਹੋਣ ਦਾ ਫਾਇਦਾ ਉਠਾਉਂਦੇ ਹੋਏ ਜਤਿੰਦਰ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਲੁਧਿਆਣਾ ’ਚ 2 ਵਿਅਕਤੀਆਂ ਨਾਲ ਚੰਗੀ ਪਛਾਣ ਹੈ। ਉਹ ਬਹੁਤ ਜ਼ਿਆਦਾ ਅਮੀਰ ਲੋਕ ਹਨ। ਇਹ ਲੋਕ ਤੁਹਾਡੇ ਵਰਗੇ ਗ਼ੀਰੀਬਾਂ ਦੀ ਮਦਦ ਕਰ ਦਿੰਦੇ ਹਨ। ਉਨ੍ਹਾਂ ਨੂੰ ਕੰਮ ਕਰਨ ਲਈ ਰਿਕਸ਼ਾ, ਈ-ਰਿਕਸ਼ਾ ਜਾਂ ਸੈਕਿੰਡ ਹੈਂਡ ਥ੍ਰੀ-ਵ੍ਹੀਲਰ ਲੈ ਕੇ ਦਿੰਦੇ ਹਨ। ਬਦਲੇ ’ਚ ਉਹ ਉਨ੍ਹਾਂ ਦਾ ਖ਼ਾਤਾ ਬੈਂਕ ’ਚ ਖੁੱਲ੍ਹਵਾ ਦਿੰਦੇ ਹਨ। ਉਸ ਖ਼ਾਤੇ ’ਚ ਉਹ ਥੋੜ੍ਹੀ-ਬਹੁਤ ਰੁਪਇਆਂ ਦੀ ਐਂਟਰੀ ਕਰਵਾਉਂਦੇ ਹਨ।

PunjabKesari

ਇਹ ਵੀ ਪੜ੍ਹੋ- ਚਾਚੇ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਭਤੀਜੇ ਬਾਰੇ ਹੋਇਆ ਵੱਡਾ ਖ਼ੁਲਾਸਾ

ਕੋਈ ਕੰਮ-ਧੰਦਾ ਨਾ ਹੋਣ ਕਾਰਨ ਉਹ ਉਸ ਦੀਆਂ ਗੱਲਾਂ ’ਚ ਆ ਗਏ ਅਤੇ ਰਾਜ ਨੇ ਉਨ੍ਹਾਂ ਨੂੰ ਮਿਲਵਾਉਣ ਤੋਂ ਬਾਅਦ ਉਨ੍ਹਾਂ ਦੇ ਲੁਧਿਆਣਾ ਦੇ 2 ਬੈਂਕਾਂ ’ਚ ਖ਼ਾਤੇ ਖੁੱਲ੍ਹਵਾ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਰਫ਼ ਉਨ੍ਹਾਂ ਹੀ ਦੋਵਾਂ ਦੇ ਨਹੀਂ, ਸਗੋਂ ਲੁਧਿਆਣਾ ਦੇ ਰਹਿਣ ਵਾਲੇ 7 ਹੋਰ ਵਿਅਕਤੀਆਂ ਨੇ ਵੀ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਬੈਂਕਾਂ ’ਚ ਖ਼ਾਤੇ ਖੁੱਲ੍ਹਵਾਏ ਹਨ। ਉਨ੍ਹਾਂ ਸਾਰੇ ਲੋਕਾਂ ਨੂੰ ਅੱਜ ਤੱਕ ਰਿਕਸ਼ਾ ਤਾਂ ਕੀ, ਇਕ ਫੁੱਟੀ ਕੌਡੀ ਨਹੀਂ ਮਿਲੀ। ਉਨ੍ਹਾਂ ਨੂੰ ਹੁਣ ਸਾਰੀ ਖੇਡ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਜਦੋਂ ਬੈਂਕ ’ਚ ਜਾ ਕੇ ਗੱਲ ਕੀਤੀ ਤਾਂ ਉਨ੍ਹਾਂ ਦੇ ਖ਼ਾਤਿਆਂ ’ਚ ਲੱਖਾਂ ਰੁਪਏ ਪਏ ਹਨ, ਜੋ ਸਾਈਬਰ ਸੈੱਲ ਨੇ ਬੈਂਕ ਕੋਲ ਸ਼ਿਕਾਇਤ ਭੇਜ ਕੇ ਉਸ ਰਕਮ ਨੂੰ ਫ੍ਰੀਜ਼ ਕਰਵਾ ਰੱਖਿਆ ਹੈ। ਉਨ੍ਹਾਂ ਖ਼ਿਲਾਫ਼ ਸਾਈਬਰ ਸੈੱਲ ਵੱਲੋਂ ਪੂਰੇ ਦੇਸ਼ ਭਰ ਤੋਂ ਸ਼ਿਕਾਇਤਾਂ ਆਈਆਂ ਹੋਈਆਂ ਹਨ।

ਬੈਂਕ ਮੁਲਾਜ਼ਮ ਗੰਢਤੁੱਪ ਕਰਕੇ ਰੋਜ਼ਾਨਾ ਖੋਲ੍ਹ ਰਹੇ ਹਨ ਖ਼ਾਤੇ
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਰਗੇ ਗ਼ਰੀਬ ਅਤੇ ਲੋੜਵੰਦ ਲੋਕ ਰੋਜ਼ਾਨਾ ਉਨ੍ਹਾਂ ਦੇ ਝਾਂਸੇ ’ਚ ਆ ਕੇ ਫਸ ਰਹੇ ਹਨ। ਕੁਝ ਬੈਂਕਾਂ ਦੇ ਮੁਲਾਜ਼ਮ ਵੀ ਉਨ੍ਹਾਂ ਨਾਲ ਮਿਲੇ ਹੋਏ ਹਨ ਅਤੇ ਬੈਂਕਾਂ ਦੇ ਵੱਡੇ ਅਧਿਕਾਰੀਆਂ ਨੂੰ ਧੋਖਾ ਦੇਣ ਲਈ ਇਨ੍ਹਾਂ ਨੇ ਲੁਧਿਆਣਾ ’ਚ ਇਕ ਆਫਿਸ ਲੈ ਰੱਖਿਆ ਹੈ। ਅਜਿਹੇ ਆਫਿਸ ਹੋਰ ਵੀ ਸ਼ਹਿਰਾਂ ’ਚ ਹਨ। ਗ਼ਰੀਬ ਵਿਅਕਤੀ ਨੂੰ ਪਹਿਲੇ ਦਿਨ ਚੰਗੇ ਕੱਪੜੇ ਪਹਿਨਾ ਕੇ ਬੈਂਕ ’ਚ ਲਿਜਾ ਕੇ ਵੱਡਾ ਵਪਾਰੀ ਦੱਸਿਆ ਜਾਂਦਾ ਹੈ, ਜਿਸ ਕੰਮ ਦਾ ਉਨ੍ਹਾਂ ਨੂੰ ਵਪਾਰੀ ਦੱਸਿਆ ਜਾਦਾ ਹੈ, ਉਸੇ ਕੰਮ ਦਾ ਬੋਰਡ ਉੱਪਰ ਲਗਾ ਕੇ ਉਸ ਨੂੰ ਮਾਲਕ ਬਣਾ ਕੇ ਦਫ਼ਤਰ ਖੋਲ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਆਧਾਰ ਕਾਰਡ ਅਤੇ ਹੋਰ ਕਾਗਜ਼ ਖਾਤਾ ਖੋਲ੍ਹਣ ਵਾਲੇ ਫਾਰਮ ਦੇ ਨਾਲ ਲਗਾ ਦਿੱਤੇ ਜਾਂਦੇ ਹਨ। ਬੈਂਕ ਮੈਨੇਜਰ ਜਿਸ ਮੁਲਾਜ਼ਮ ਨੂੰ ਜਾਂਚ-ਪੜਤਾਲ ਲਈ ਉਨ੍ਹਾਂ ਦੇ ਦਫ਼ਤਰ ਭੇਜਦਾ ਹੈ, ਉਸ ਨਾਲ ਇਹ ਗੰਢਤੁੱਪ ਕਰ ਲੈਂਦੇ ਹਨ। ਉਸ ਬੈਂਕ ਮੁਲਾਜ਼ਮ ਨੂੰ ਇਕ ਖ਼ਾਤਾ ਖੁੱਲ੍ਹਵਾਉਣ ਦੇ 15 ਤੋਂ 20 ਹਜ਼ਾਰ ਰੁਪਏ ਦਿੰਦੇ ਹਨ।

PunjabKesari

ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਖ਼ਬਰ, ਜਲੰਧਰ 'ਚ ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗੀ ਭਰਤੀ

ਜੇਕਰ ਉਸ ਖ਼ਾਤੇ ਨੂੰ ਬੈਂਕ ਦਾ ਵੱਡਾ ਅਧਿਕਾਰੀ ਕਿਸੇ ਸ਼ੱਕ ਤਹਿਤ ਉਸ ’ਚ ਪਈ ਪੇਮੈਂਟ ਨੂੰ ਰੋਕ ਲਵੇ ਤਾਂ ਇਨ੍ਹਾਂ ਨਾਲ ਮਿਲਿਆ ਹੋਇਆ ਬੈਂਕ ਅਧਿਕਾਰੀ ਆਪਣੇ ਵੱਡੇ ਅਧਿਕਾਰੀ ਨੂੰ ਧੋਖਾ ਦੇ ਕੇ ਬੈਂਕ ’ਚ ਪਈ ਪੇਮੈਂਟ ਕਢਵਾਉਣ ’ਚ ਮਦਦ ਕਰਦਾ ਹੈ। ਜੇਕਰ ਸਾਈਬਰ ਕ੍ਰਾਈਮ ਵੱਲੋਂ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇ ਤਾਂ ਉਹ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਉਹ ਕੋਈ ਮਦਦ ਨਹੀਂ ਕਰ ਸਕੇਗਾ।

ਬੈਂਕ ’ਚ ਖ਼ਾਤਾ ਖੁੱਲ੍ਹਦੇ ਹੀ ਉਕਤ ਲੋਕ ਲੈ ਜਾਂਦੇ ਹਨ ਚੈੱਕਬੁੱਕ ਅਤੇ ਡੈਬਿਟ ਕਾਰਡ
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਕਤ ਲੋਕ ਇੰਨੇ ਜ਼ਿਆਦਾ ਸ਼ਾਤਰ ਹਨ ਕਿ ਬੈਂਕ ’ਚ ਖ਼ਾਤਾ ਖੁੱਲ੍ਹਵਾਉਂਦੇ ਸਮੇਂ ਉਹ ਆਪਣੇ ਕੋਲੋਂ ਉਨ੍ਹਾਂ ਨੂੰ ਇਕ ਮੋਬਾਇਲ ਫੋਨ ਨੰਬਰ ਦਿੰਦੇ ਹਨ, ਜੋ ਉਨ੍ਹਾਂ ਵਰਗੇ ਕਿਸੇ ਹੋਰ ਗਰੀਬ ਵਿਅਕਤੀ ਦੇ ਨਾਂ ’ਤੇ ਇਨ੍ਹਾਂ ਨੇ ਜਾਰੀ ਕਰਵਾਇਆ ਹੁੰਦਾ ਹੈ। ਜਿਉਂ ਹੀ ਬੈਂਕ ’ਚ ਉਨ੍ਹਾਂ ਦੇ ਸਰਟੀਫਿਕੇਟ ਦੇ ਨਾਲ ਖ਼ਾਤਾ ਖੁੱਲ੍ਹ ਜਾਂਦਾ ਹੈ, ਇਹ ਲੋਕ ਬੈਂਕ ਤੋਂ ਮਿਲਣ ਵਾਲੀ ਚੈੱਕਬੁੱਕ ਅਤੇ ਡੈਬਿਟ ਕਾਰਡ ਆਪਣੇ ਕੋਲ ਰੱਖ ਲੈਂਦੇ ਹਨ। ਜੋ ਫੋਨ ਨੰਬਰ ਇਨ੍ਹਾਂ ਨੂੰ ਦਿੱਤਾ ਹੁੰਦਾ ਹੈ, ਉਹ ਵੀ ਬੈਂਕ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ ਤੋਂ ਫੜ ਲੈਂਦੇ ਹਨ ਕਿਉਂਕਿ ਉਸੇ ਫੋਨ ਨੰਬਰ ’ਤੇ ਓ. ਟੀ. ਪੀ. ਨੰਬਰ ਆਉਣੇ ਹੁੰਦੇ ਹਨ। ਉਸ ਤੋਂ ਬਾਅਦ ਖ਼ਾਤਾਧਾਰਕਾਂ ਨੂੰ ਕੁਝ ਨਹੀਂ ਪਤਾ ਲਗਦਾ ਕਿ ਉਨ੍ਹਾਂ ਦੇ ਬੈਂਕ ਖ਼ਾਤਿਆਂ ’ਚ ਕੀ ਹੋ ਰਿਹਾ ਹੈ।

 

ਇਹ ਵੀ ਪੜ੍ਹੋ- ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਮਹੱਤਵਪੂਰਨ ਟਰੇਨਾਂ ਰਹਿਣਗੀਆਂ ਰੱਦ

ਮਹਾਦੇਵ ਐਪ ਵਾਂਗ ਇਹ ਲੋਕ 25 ਹਜ਼ਾਰ ’ਚ ਖ਼ੁਦ ਦੀ ਐੱਪ ਤਿਆਰ ਕਰ ਕੇ ਦੇਸ਼ ਭਰ ਦੇ ਲੋਕਾਂ ਤੋਂ ਲੁੱਟ ਲੈਂਦੇ ਹਨ ਕਰੋੜਾਂ ਰੁਪਏ
ਦੇਸ਼ ਵਾਸੀਆਂ ਨੂੰ ਯਾਦ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਮਹਾਦੇਵ ਐਪ ਦਾ ਜ਼ਿਕਰ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਕੀਤਾ ਸੀ। ਇਹ ਐਪ ਵੀ ਆਨਲਾਈਨ ਗੇਮ ਅਤੇ ਹਵਾਲਾ ਦਾ ਕਾਰੋਬਾਰ ਕਰਦੀ ਸੀ, ਜਿਨ੍ਹਾਂ ਨੇ ਕਰੋੜਾਂ ਰੁਪਏ ਪਾਰਟੀਆਂ ਨੂੰ ਚੋਣ ਲੜਨ ਲਈ ਫੰਡ ਵੀ ਮੁਹੱਈਆ ਕਰਵਾਇਆ ਸੀ। ਇਹ ਲੋਕ ਵੀ ਉਨ੍ਹਾਂ ਹੀ ਦੀ ਤਰਜ਼ ’ਤੇ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੇ ਹਨ। ਜਾਣਕਾਰੀ ਮੁਤਾਬਕ ਇਹ ਲੋਕ ਸ਼ਿਕਾਇਤਕਰਤਾ ਵਰਗੇ ਗ਼ਰੀਬ ਲੋਕਾਂ ਦੇ ਰੋਜ਼ਾਨਾ ਬੈਂਕ ’ਚ 50 ਤੋਂ 100 ਖ਼ਾਤੇ ਖੁੱਲ੍ਹਵਾਉਂਦੇ ਹਨ। ਫਿਰ ਇਨ੍ਹਾਂ ਕੋਲ ਕੰਪਿਊਟਰ ਦੇ ਮਾਹਿਰ ਲੋਕ ਜੋ ਦੂਜੇ ਸੂਬਿਆਂ ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਆਪਣੇ ਕੋਲ ਬੁਲਾਉਂਦੇ ਹਨ। ਉਹ ਸਿਰਫ਼ 25 ਹਜ਼ਾਰ ਰੁਪਏ ਲੈ ਕੇ ਇਨ੍ਹਾਂ ਨੂੰ ਖ਼ੁਦ ਦੀ ਆਨਲਾਈਨ ਗੇਮ ਖੇਡਣ ਵਾਲੀ ਐਪ ਤਿਆਰ ਕਰ ਦਿੰਦੇ ਹਨ, ਜਿਸ ਤੋਂ ਬਾਅਦ ਲੋਕਾਂ ਨਾਲ ਜੋ ਆਨਲਾਈਨ ਗੇਮ ਖੇਡਣ ਦੇ ਸ਼ੌਕੀਨ ਹੁੰਦੇ ਹਨ, ਧੋਖਾਦੇਹੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਕ੍ਰਿਕਟ ਤੋਂ ਲੈ ਕੇ ਫੁੱਟਬਾਲ, ਟੇਬਲ ਟੈਨਿਸ, ਕਸੀਨੋ ਤੋਂ ਇਲਾਵਾ ਇਹ ਦੇਸ਼ ’ਚ ਹੋਣ ਵਾਲੀਆਂ ਚੋਣਾਂ ਦਾ ਆਨਲਾਈਨ ਸੱਟਾ ਬੁਕ ਕਰਦੇ ਹਨ। ਆਪਣੇ ਗਾਹਕਾਂ ਨੂੰ ਆਨਲਾਈਨ ਪੈਸੇ ਪਾਉਣ ਲਈ ਇਨ੍ਹਾਂ ਹੀ ਗ਼ੀਰੀਬ ਲੋਕਾਂ ਦੇ ਬੈਂਕ ਖ਼ਾਤਿਆਂ ਦੀ ਵਰਤੋਂ ਕਰਦੇ ਹਨ।

ਗੇਮ ਖੇਡਣ ਵਾਲੇ ਲੋਕ ਇਨ੍ਹਾਂ ਵੱਲੋਂ ਦਿੱਤੇ ਬਾਰਕੋਡ ਅਤੇ ਬੈਂਕ ਖ਼ਾਤਿਆਂ ’ਚ ਜਿਉਂ ਹੀ ਰੁਪਏ ਪਾਉਂਦੇ ਹਨ ਤਾਂ ਨਾਲ ਹੀ ਨਾਲ ਉਸ ਨੂੰ ਦੂਜੇ ਖਾਤੇ ’ਚ ਸ਼ਿਫਟ ਕਰਦੇ ਰਹਿੰਦੇ ਹਨ। ਜੋ ਲੋਕ ਰੁਪਏ ਹਾਰ ਜਾਂਦੇ ਹਨ, ਉਹ ਤਾਂ ਇਨ੍ਹਾਂ ਨੂੰ ਮਿਲਣੇ ਹੀ ਹੁੰਦੇ ਹਨ, ਉਨ੍ਹਾਂ ਨੂੰ ਇਹ ਰੁਪਏ ਨਹੀਂ ਦਿੰਦੇ, ਜਿਸ ਤੋਂ ਬਾਅਦ ਇਹ ਲੋਕ ਇਨ੍ਹਾਂ ਦੀ ਸਾਈਬਰ ਕ੍ਰਾਇਮ ’ਚ ਸ਼ਿਕਾਇਤ ਦਰਜ ਕਰਵਾਉਂਦੇ ਹਨ। ਇਹ ਸ਼ਿਕਾਇਤ ਉਨ੍ਹਾਂ ’ਤੇ ਦਰਜ ਹੁੰਦੀ ਹੈ, ਜਿਨ੍ਹਾਂ ਦੇ ਨਾਂ ’ਤੇ ਇਨ੍ਹਾਂ ਨੇ ਬੈਂਕਾਂ ਵਿਚ ਖਾਤੇ ਖੁੱਲ੍ਹਵਾਏ ਹੁੰਦੇ ਹਨ। ਆਨਲਾਈਨ ਗੇਮ ਖੇਡਣ ਵਾਲੇ ਸ਼ਾਤਿਰ ਲੋਕਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾਂਦਾ ਹੈ। ਇਕ ਹੀ ਦਿਨ ਵਿਚ ਇਕ ਖਾਤੇ ’ਚ 50 ਤੋਂ ਲੈ ਕੇ 100 ਵਿਅਕਤੀਆਂ ਦੀ ਟ੍ਰਾਂਜ਼ੈਕਸ਼ਨ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਪੁਲਸ ਤੋਂ ਬਚਣ ਲਈ ਇਸ ਦੇ ਸਰਗਣਾ ਦੁਬਈ ’ਚ ਬੈਠ ਕੇ ਚਲਾਉਂਦੇ ਹਨ ਇਹ ਗੋਰਖਧੰਦਾ
ਭਾਰਤ ’ਚ ਖ਼ਰੀਦੇ ਗਏ ਗਰੀਬ ਲੋਕਾਂ ਦੇ ਪਛਾਣ ਪੱਤਰ ਦੇ ਕੇ ਸਿੰਮ ਕਾਰਡ ਨੂੰ ਇਹ ਲੋਕ ਇੰਟਰਨੈਸ਼ਨਲ ਕਰਵਾ ਕੇ ਦੁਬਈ ਲੈ ਜਾਂਦੇ ਹਨ। ਸੂਤਰ ਨੇ ਦੱਸਿਆ ਕਿ ਉਥੋਂ ਹੀ ਇਹ ਪੁਲਸ ਤੋਂ ਬਚਣ ਲਈ ਆਨਲਾਈਨ ਗੇਮ ਦਾ ਗੋਰਖਧੰਦਾ ਚਲਾਉਂਦੇ ਹਨ, ਉਨ੍ਹਾਂ ਹੀ ਸਿਮ ’ਤੇ ਓ. ਟੀ. ਪੀ. ਜਾਂ ਫਿਰ ਕਿਤੇ ਸੁਨੇਹੇ ਕਾਰਨ ਬੈਂਕ ਅਧਿਕਾਰੀ ਇਨ੍ਹਾਂ ਨੂੰ ਫੋਨ ਲਾਉਂਦਾ ਹੈ ਤਾਂ ਇਹ ਖ਼ੁਦ ਹੀ ਅੱਗੇ ਮਾਲਕ ਬਣ ਕੇ ਗੱਲਬਾਤ ਕਰ ਲੈਂਦੇ ਹਨ।
ਭਾਰਤ ਦੀ ਪੁਲਸ ਕੋਲ ਕੋਈ ਸਬੂਤ ਨਾ ਰਹਿਣ ਅਤੇ ਫੜੇ ਨਾ ਜਾਣ, ਇਸੇ ਕਾਰਨ ਇਹ ਦੁਬਈ ਦਾ ਸਰਵਰ ਯੂਜ਼ ਕਰਦੇ ਹਨ, ਜਿਸ ਨੂੰ ਇਨ੍ਹਾਂ ਦੀ ਲੋਕੇਸ਼ਨ ਵੀ ਦੁਬਈ ਦੀ ਹੀ ਆਉਂਦੀ ਹੈ। ਹੁਣ ਇਹ ਲੋਕ ਅਮਰੀਕਾ ’ਚ ਹੋਣ ਵਾਲੀਆਂ ਚੋਣਾਂ ’ਤੇ ਵੀ ਦੇਸ਼ ਭਰ ਤੋਂ ਕਰੋੜਾਂ ਦਾ ਸੱਟਾ ਲਗਵਾ ਰਹੇ ਹਨ, ਜਿਸ ’ਚ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਉਨ੍ਹਾਂ ’ਚੋਂ ਕਿਸੇ ਇਕ ਨੂੰ ਚੁਣਨਾ ਹੈ ਕਿ ਕੌਣ ਜਿੱਤੇਗਾ, ਜਿਸ ਦੇ ਹੁਣ ਤੋਂ ਆਨਲਾਈਨ ਪੈਸੇ ਇਨ੍ਹਾਂ ਦੇ ਖਾਤਿਆਂ ’ਚ ਆ ਰਹੇ ਹਨ। ਚੋਣਾਂ ਤੋਂ ਬਾਅਦ ਇਹ ਉਨ੍ਹਾਂ ਖਾਤਿਆਂ ਨੂੰ ਬੰਦ ਕਰ ਦੇਣਗੇ ਅਤੇ ਕਿਸੇ ਨੂੰ ਪੈਸਾ ਨਹੀਂ ਦੇਣਗੇ।

2 ਬੈਂਕ ਮੈਨੇਜਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਹੀ ਸ਼ਾਖਾਵਾਂ ’ਚ ਖੁੱਲ੍ਹੇ ਹੋਏ ਹਨ 50 ਤੋਂ ਵੱਧ ਅਜਿਹੇ ਖ਼ਾਤੇ
ਜ਼ਿਆਦਾਤਰ ਸਾਈਬਰ ਸੈੱਲ ਨੇ ਕੀਤੇ ਹੋਏ ਹਨ ਫ੍ਰੀਜ਼

ਸ਼ਹੀਦ ਭਗਤ ਸਿੰਘ ਨਗਰ ਅਤੇ ਪੱਖੋਵਾਲ ਰੋਡ ’ਤੇ ਸਥਿਤ ਸਰਕਾਰੀ ਬੈਂਕਾਂ ਦੇ ਮੈਨੇਜਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ 2 ਸ਼ਾਖਾਵਾਂ ’ਚ 50 ਤੋਂ ਵੱਧ ਇਸ ਤਰ੍ਹਾਂ ਦੇ ਨਾਜਾਇਜ਼ ਖਾਤੇ ਖੁੱਲ੍ਹੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਿ ਉਹ ਬੈਂਕਾਂ ਵਿਚ ਖ਼ਾਤੇ ਖੁੱਲ੍ਹਵਾਉਣ। ਅਜਿਹੇ ਛੋਟੇ ਮੇਲੇ ਲਗਾਏ ਜਾਂਦੇ ਸਨ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਗੱਲ ਦਾ ਫਾਇਦਾ ਉਠਾ ਕੇ ਇਹ ਲੋਕ ਇਸ ਤਰ੍ਹਾਂ ਦੇ ਨਾਜਾਇਜ਼ ਖਾਤੇ ਖੁੱਲ੍ਹਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਲੋਕ ਜਦੋਂ ਉਨ੍ਹਾਂ ਗਰੀਬ ਲੋਕਾਂ ਨੂੰ ਲੈ ਕੇ ਬੈਂਕ ’ਚ ਪੇਮੈਂਟ ਕਢਵਾਉਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਾਫ਼ ਪਤਾ ਲੱਗ ਜਾਂਦਾ ਹੈ ਕਿ ਖਾਤਾਧਾਰੀ ਕੋਈ ਫੈਕਟਰੀ ਮਾਲਕ ਨਹੀਂ। ਦੇਸ਼ ਭਰ ਤੋਂ ਸਾਈਬਰ ਕ੍ਰਾਇਮ ਵਾਲਿਆਂ ਨੇ ਉਨ੍ਹਾਂ ਦੇ ਕੋਲ ਮੇਲ ਜ਼ਰੀਏ ਸ਼ਿਕਾਇਤਾਂ ਭੇਜੀਆਂ ਹਨ, ਜਿਸ ਨਾਲ ਜ਼ਿਆਦਾਤਰ ਖਾਤੇ ਫ੍ਰੀਜ਼ ਹੋਏ ਪਏ ਹਨ।

ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਵੱਧ ਰਹੀ ਲਗਾਤਾਰ ਇਹ ਬੀਮਾਰੀ, ਲੋਕ ਹੋਣ ਲੱਗੇ ਪਾਜ਼ੇਟਿਵ

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਸ਼ਿਕਾਇਤ ਦਿੱਤੀ ਹੈ, ਉਨ੍ਹਾਂ ਦੇ ਹੀ 3 ਖ਼ਾਤਿਆਂ ’ਚ 30 ਲੱਖ ਤੋਂ ਵੱਧ ਰੁਪਏ ਪਏ ਹਨ, ਜੋ ਅਧਿਕਾਰੀਆਂ ਨੇ ਫ੍ਰੀਜ਼ ਕਰਵਾਏ ਹੋਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਬੈਂਕ ਅਧਿਕਾਰੀਆਂ ਨੂੰ ਖੁਦ ਦਿੱਤੇ ਗਏ ਪਤਿਆਂ ’ਤੇ ਭੇਜ ਕੇ ਮੁੜ ਤੋਂ ਵੈਰੀਫਿਕੇਸ਼ਨ ਕਰਵਾ ਰਹੇ ਹਨ। ਨਾ ਤਾਂ ਦੱਸੇ ਗਏ ਪਤੇ ’ਤੇ ਕੋਈ ਫੈਕਟਰੀ ਮਿਲ ਰਹੀ ਹੈ, ਨਾ ਹੀ ਕੋਈ ਵੱਡਾ ਉਦਯੋਗਿਕ ਘਰਾਣਾ। ਉਹ ਖੁਦ ਚਾਹੁੰਦੇ ਹਨ ਕਿ ਅਜਿਹੇ ਲੋਕਾਂ ’ਤੇ ਸਖ਼ਤ ਕਾਰਵਾਈ ਹੋਵੇ।
ਇਹ ਵੀ ਪੜ੍ਹੋ-  ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ ’ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News