ਖ਼ੁਦ ਨੂੰ CM ਮਾਨ ਦਾ ਕਰੀਬੀ ਦੱਸ ਕੇ ਪਤੀ-ਪਤਨੀ ਨੇ ਮਾਰੀ ਲੱਖਾਂ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਉੱਡੇ ਸਭ ਦੇ ਹੋਸ਼

Monday, Jun 12, 2023 - 01:40 PM (IST)

ਭੀਖੀ (ਜ.ਬ.) : ਖ਼ੁਦ ਨੂੰ ਮੁੱਖ ਮੰਤਰੀ ਪਰਿਵਾਰ ਦੇ ਨੇੜੇ ਦੱਸ ਕੇ ਲੱਖਾਂ ਦੀ ਠੱਗੀ ਮਾਰਨ ਸਬੰਧੀ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਭੀਖੀ ਦੀ ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ ’ਤੇ ਪਤੀ-ਪਤਨੀ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਰਕਾਰੀ ਵਿਭਾਗਾਂ ’ਚ ਠੇਕੇਦਾਰੀ ਦਾ ਕੰਮ ਕਰਨ ਵਾਲੇ ਹਰਪਾਲ ਸਿੰਘ ਵਾਸੀ ਪਿੰਡ ਕਰਮਗੜ੍ਹ ਔਤਾਂਵਾਲੀ, ਹਾਲ ਆਬਾਦ ਮੋਹਾਲੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਸੁਖਦਰਸ਼ਨ ਸਿੰਘ ਵਾਸੀ ਪਿੰਡ ਬੀਰ ਖੁਰਦ, ਜੋ ਕਿ ਉਸ ਨੂੰ ਪਹਿਲਾਂ ਤੋਂ ਜਾਣਦਾ ਸੀ, ਨੇ ਫੋਨ ਕਰ ਕੇ ਪਿੰਡ ਬੀਰ ਕਲਾਂ ਸਥਿਤ ਇਕ ਡੇਰੇ ’ਚ ਬੁਲਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮੈਂ ਇਕ ਹੀ ਸਕੂਲ ’ਚ ਅਤੇ ਇਕ ਹੀ ਕਲਾਸ ’ਚ ਪੜ੍ਹਦੇ ਹੋਣ ਕਾਰਨ ਅਸੀਂ ਚੰਗੇ ਮਿੱਤਰ ਹਾਂ ਅਤੇ ਸਾਡੀ ਪਰਿਵਾਰਕ ਸਾਂਝ ਵੀ ਹੈ। ਉਸ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਡੇਰੇ ਦੇ ਸ਼ਰਧਾਲੂ ਹਨ ਅਤੇ ਜੇਕਰ ਕੋਈ ਕੰਮ ਹੋਵੇ ਤਾਂ ਦੱਸੀ। 

ਇਹ ਵੀ ਪੜ੍ਹੋ- ਮੁਕਤਸਰ ਵਿਖੇ ਡਰੇਨ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਨਵਾਂ ਖ਼ੁਲਾਸਾ, 4 ਦੋਸਤਾਂ ਨੇ ਦਿੱਤੀ ਸੀ ਬੇਰਹਿਮ ਮੌਤ

ਉਸ ਨੇ ਦੱਸਿਆ ਕਿ ਜਦ ਮੈਂ ਸੁਖਦਰਸ਼ਨ ਨੂੰ ਪੁੱਡਾ ਅਤੇ ਮੰਡੀ ਬੋਰਡ ’ਚ ਪਏ ਬਿੱਲਾਂ ਦੀ ਅਦਾਇਗੀ ਕਰਵਾਉਣ ਲਈ ਕਿਹਾ ਤਾਂ ਉਸ ਨੇ ਆਖਿਆ ਕਿ ਮੁੱਖ ਮੰਤਰੀ ਦੀ ਮਾਤਾ ਦੇ ਪੀ. ਐੱਸ. ਓ. ਸੈਂਬਰ ਸਿੰਘ ਨੇ ਚੋਣਾਂ ਸਮੇਂ ਦਾ ਪੈਟਰੋਲ ਪੰਪ ਦਾ ਕੁਝ ਹਿਸਾਬ ਦੇਣਾ ਬਾਕੀ ਹੈ, ਤੂੰ 10 ਲੱਖ ਰੁਪਏ ਮੈਨੂੰ ਅਦਾ ਕਰਦੇ ਅਤੇ ਇਸ ਦੇ ਨਾਲ ਹੀ ਅਸੀਂ ਤੈਨੂੰ ਹੋਰ ਟੈਂਡਰ ਵੀ ਦਿਵਾ ਦੇਵਾਂਗੇ। ਜਿਸ ’ਤੇ ਮੈਂ ਵੱਖ-ਵੱਖ ਸਮੇਂ ’ਤੇ ਉਸ ਨੂੰ 10 ਲੱਖ ਰੁਪਏ ਦੇ ਦਿੱਤੇ ਪਰ ਜਦ ਮੇਰਾ ਕੰਮ ਨਾ ਹੋਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ ਤਾਂ ਪਤਾ ਕਰਨ ’ਤੇ ਮਾਲੂਮ ਹੋਇਆ ਕਿ ਮੁੱਖ ਮੰਤਰੀ ਦੀ ਮਾਤਾ ਦਾ ਸੈਂਬਰ ਸਿੰਘ ਨਾਂ ਦਾ ਕੋਈ ਵਿਅਕਤੀ ਪੀ. ਐੱਸ. ਓ. ਨਹੀਂ ਹੈ ਅਤੇ ਮੁੱਖ ਮੰਤਰੀ ਦੀ ਭੈਣ ਦੱਸ ਕੇ ਜਿਸ ਔਰਤ ਨਾਲ ਗੱਲ ਕਰਵਾਈ ਸੀ, ਉਹ ਸੈਂਬਰ ਸਿੰਘ ਦੀ ਪਤਨੀ ਬਲਜੀਤ ਕੌਰ ਸੀ ਅਤੇ ਜਿਸ ਨੂੰ ਉਹ ਮੁੱਖ ਮੰਤਰੀ ਦਾ ਮਾਤਾ ਦੱਸ ਰਹੇ ਸਨ, ਉਹ ਸੁਖਦਰਸ਼ਨ ਸਿੰਘ ਦੀ ਪਤਨੀ ਗੁਰਦੀਪ ਕੌਰ ਸੀ।

ਇਹ ਵੀ ਪੜ੍ਹੋ- ਪਹਿਲਾਂ ਦੋਸਤ ਨੂੰ ਫੋਨ ਕਰ ਖ਼ੁਦਕੁਸ਼ੀ ਕਰਨ ਦੀ ਕਹੀ ਗੱਲ, ਫਿਰ ਉਸ ਦੇ ਸਾਹਮਣੇ ਇੰਝ ਲਾਇਆ ਮੌਤ ਨੂੰ ਗਲੇ

ਇਸ ਸ਼ਿਕਾਇਤ ਦੀ ਪੜਤਾਲ ਕਰਵਾ ਕੇ ਜ਼ਿਲ੍ਹਾ ਪੁਲਸ ਮੁਖੀ ਮਾਨਸਾ ਵੱਲੋਂ ਜਾਰੀ ਹੁਕਮਾਂ ’ਤੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਸੁਖਦਰਸ਼ਨ ਸਿੰਘ, ਉਸ ਦੀ ਪਤਨੀ ਗੁਰਦੀਪ ਕੌਰ ਵਾਸੀਆਨ ਪਿੰਡ ਬੀਰ ਖੁਰਦ ਅਤੇ ਸੈਂਬਰ ਸਿੰਘ, ਉਸ ਦੀ ਪਤਨੀ ਬਲਜੀਤ ਕੌਰ ਵਾਸੀਆਨ ਪਿੰਡ ਦੁੱਗਾ, ਜ਼ਿਲ੍ਹਾ ਸੰਗਰੂਰ ਦੇ ਵਿਰੁੱਧ ਧਾਰਾ 420,120 ਬੀ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News