ਕੈਨੇਡਾ ਦਾ ਵੀਜ਼ਾ ਲੱਗਣ ਦੇ ਚਾਅ 'ਚ ਦਿੱਤੇ 27 ਲੱਖ, ਸੱਚ ਸਾਹਮਣੇ ਆਉਣ 'ਤੇ ਹੱਕਾ-ਬੱਕਾ ਰਹਿ ਗਿਆ ਨੌਜਵਾਨ
Friday, Jun 02, 2023 - 01:54 PM (IST)
ਸਰਦੂਲਗੜ੍ਹ (ਜੱਸਲ) : ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਸਬੰਧੀ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਦੋ ਸਕੇ ਭਰਾਵਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਕਰਨ ਸਿੰਘ ਵਾਸੀ ਪਿੰਡ ਜਟਾਣਾ ਕਲਾਂ ਨੇ ਆਪਣੀ ਮੁੰਡੇ ਲਵਦੀਪ ਸਿੰਘ, ਜੋ ਕਿ 12ਵੀਂ ਪਾਸ ਹੈ, ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦੇ ਲਈ ਇੰਟਰਨੈਸ਼ਨਲ ਆਈਲੈਟਸ ਐਂਡ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਸੈਂਟਰ ਬਠਿੰਡਾ ਨਾਲ ਸੰਪਰਕ ਕੀਤਾ। ਜਿਸ 'ਤੇ 31 ਲੱਖ ਰੁਪਏ ’ਚ ਗੱਲ ਤੈਅ ਹੋ ਗਈ, ਜਿਸ ਅਨੁਸਾਰ ਉਕਤ ਸੈਂਟਰ ਵੱਲੋਂ ਲਵਦੀਪ ਦਾ ਪਹਿਲਾਂ ਪੀ. ਟੀ. ਈ. ਦਾ ਟੈਸਟ ਲਿਆ ਗਿਆ ਅਤੇ ਫਿਰ ਨਤੀਜਾ ਜਾਰੀ ਕਰ ਕੇ 6 ਲੱਖ 50 ਹਜ਼ਾਰ ਰੁਪਏ ਨਕਦ ਲਏ। ਫਿਰ ਉਨ੍ਹਾਂ ਬਠਿੰਡਾ ਸਥਿਤ ਕਿਸੇ ਬੈਂਕ ’ਚ ਲਵਦੀਪ ਦਾ ਖ਼ਾਤਾ ਖੁੱਲ੍ਹਵਾ ਕੇ ਇਹ ਰਾਸ਼ੀ ਜਮ੍ਹਾ ਕਰਵਾ ਕੇ ਬੈਂਕ ਦੀ ਚੈੱਕ ਬੁੱਕ ਹਾਸਲ ਕੀਤੀ ਅਤੇ ਚੈੱਕਾਂ ’ਤੇ ਲਵਦੀਪ ਦੇ ਦਸਤਖ਼ਤ ਕਰਵਾ ਲਏ ਅਤੇ ਦੂਜੇ ਦਿਨ ਇਹ ਰਾਸ਼ੀ ਕਢਵਾ ਲਈ ਗਈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਗਰਭਵਤੀ ਤੇ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ
ਇਸ ਉਪਰੰਤ ਉਕਤ ਸੈਂਟਰ ਨੇ ਆਫ਼ਰ ਲੈਟਰ ਭੇਜਿਆ ਅਤੇ ਫਿਰ ਲਵਦੀਪ ਨੂੰ ਵੀਜ਼ਾ ਭੇਜ ਕੇ ਹੋਰ ਰਕਮ ਦੀ ਮੰਗ ਕਰਦਿਆਂ ਕਿਹਾ ਕਿ ਸਤੰਬਰ ’ਚ ਉਸ ਨੂੰ ਕੈਨੇਡਾ ਭੇਜ ਦਿੱਤਾ ਜਾਵੇਗਾ ਅਤੇ ਫਿਰ ਕਿਹਾ ਦਸੰਬਰ ’ਚ ਭੇਜ ਦਿੱਤਾ ਜਾਵੇਗਾ ਕਿਉਂਕਿ ਜਨਵਰੀ ’ਚ ਉਸ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ। ਇਸ ਦੌਰਾਨ ਗੁਰਕਰਨ ਸਿੰਘ ਨੇ ਕੁੱਲ 27 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਉਕਤ ਸੈਂਟਰ ਦੇ ਸੰਚਾਲਕਾਂ ਨਕੁਲ ਖੁਰਾਣਾ ਅਤੇ ਮਕੁਲ ਖੁਰਾਣਾ ਵਾਸੀ ਬਠਿੰਡਾ ਨੂੰ ਦੇ ਦਿੱਤੀ ਪਰ ਇਸ ਉਪਰੰਤ ਉਨ੍ਹਾਂ ਨੇ ਨਾ ਤਾਂ ਲਵਦੀਪ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਕਤ ਰਾਸ਼ੀ ਵਾਪਸ ਕੀਤੀ। ਇਸ ਸਬੰਧੀ ਪੀੜਤ ਗੁਰਕਰਨ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ ’ਤੇ ਐੱਸ. ਆਈ. ਗਗਨਦੀਪ ਕੌਰ ਨੇ 27 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਉਕਤ ਦੋਵਾਂ ਭਰਾਵਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਣਕ ਤੇ ਚੌਲਾਂ ਦੀ ਖ਼ਰੀਦ 'ਚ ਪੰਜਾਬ ਸਣੇ ਇਨ੍ਹਾਂ ਸੂਬਿਆਂ ਨੇ ਪਾਇਆ ਵੱਡਾ ਯੋਗਦਾਨ, ਜਾਣੋ ਕਿੰਨਾ ਹੈ ਸੰਯੁਕਤ ਸਟਾਕ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।