ਸ਼ਾਤਿਰ ਠੱਗ ਦਾ ਕਾਰਨਾਮਾ : ਕਦੇ ਡੀ. ਜੀ. ਪੀ. ਤਾਂ ਕਦੇ ਐੱਸ. ਐੱਸ. ਪੀ., ਹੁਣ ਇੰਸਪੈਕਟਰ ਦੇ ਨਾਂ ''ਤੇ ਠੱਗੀ

9/11/2020 5:01:24 PM

ਚੰਡੀਗੜ੍ਹ (ਸੁਸ਼ੀਲ) : ਕਦੇ ਚੰਡੀਗੜ੍ਹ ਦਾ ਐੱਸ. ਐੱਸ. ਪੀ. ਵਿਨੀਤ ਬਣਿਆ, ਕਦੇ ਮੋਹਾਲੀ ਦਾ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਚਹਿਲ ਅਤੇ ਕਦੇ ਪੰਜਾਬ ਦਾ ਡੀ. ਜੀ. ਪੀ. ਬਣ ਕੇ ਟ੍ਰਾਈਸਿਟੀ ਦੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਰੋਅਬ ਜਮਾਇਆ ਅਤੇ ਫੜ੍ਹਿਆ ਗਿਆ, ਉਹ ਵੀ ਸਿਰਫ਼ 5 ਹਜ਼ਾਰ ਰੁਪਏ ਦੀ ਠੱਗੀ 'ਚ। ਪੰਜਾਬ ਪੁਲਸ ਦੇ ਇੰਸਪੈਕਟਰ ਦੀ ਵਰਦੀ ਲਈ ਤਾਂ ਐਕਟਿੰਗ ਲਈ ਸੀ ਪਰ ਇਸ ਦੀ ਵਰਤੋਂ ਪੰਜਾਬ ਦੇ ਸਿੰਗਰ ਰਾਜਵੀਰ ਨੇ ਠੱਗੀ ਲਈ ਕੀਤੀ, ਜਿਸ ਨਾਲ ਠੱਗੀ ਹੋਈ, ਉਸ ਨੂੰ ਜਦੋਂ ਸ਼ੱਕ ਹੋਇਆ ਤਾਂ ਉਸ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿਚ ਦਿੱਤੀ। ਸੈਕਟਰ-17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਨੇ ਪੁਲਸ ਟੀਮ ਨਾਲ ਸ਼ਿਕਾਇਤਕਰਤਾ ਅੰਕੁਸ਼ ਦੀ ਨਿਸ਼ਾਨਦੇਹੀ 'ਤੇ ਫਰਜ਼ੀ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਰਾਜਵੀਰ ਸਿੰਘ ਦੇ ਰੂਪ ਵਿਚ ਹੋਈ। ਮੁਲਾਜ਼ਮ ਨੇ ਦੱਸਿਆ ਕਿ ਉਹ ਪੰਜਾਬੀ ਐਲਬਮ ਵਿਚ ਐਕਟਿੰਗ ਕਰਦਾ ਹੈ ਅਤੇ ਗਾਣੇ ਗਾਉਂਦਾ ਹੈ। ਪੰਜਾਬ ਪੁਲਸ ਦੇ ਇੰਸਪੈਕਟਰ ਦੀ ਵਰਦੀ ਐਕਟਿੰਗ ਕਰਨ ਲਈ ਖਰੀਦੀ ਸੀ। ਸੈਕਟਰ-17 ਥਾਣਾ ਪੁਲਸ ਨੇ ਜ਼ੀਰਕਪੁਰ ਨਿਵਾਸੀ ਅੰਕੁਸ਼ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦਾ ਫਰਜ਼ੀ ਇੰਸਪੈਕਟਰ ਬਣਨ ਵਾਲੇ ਅੰਮ੍ਰਿਤਸਰ ਨਿਵਾਸੀ ਰਾਜਵੀਰ ਸਿੰਘ ਖਿਲਾਫ਼ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਿਆਂ ਨੂੰ ਵੱਡਾ ਇਨਾਮ ਦੇਵੇਗਾ ਅਕਾਲੀ ਦਲ (ਅ) 

ਇਕ ਲੱਖ ਵਿਚ ਡੀਲ ਕੀਤੀ ਸੀ, 5 ਹਜ਼ਾਰ ਰੁਪਏ ਲਏ ਸਨ
ਜ਼ੀਰਕਪੁਰ ਨਿਵਾਸੀ ਅੰਕੁਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਵੀਰਵਾਰ ਨੂੰ ਸੈਕਟਰ-17 ਵਿਚ ਸਿਕਿਓਰਿਟੀ ਗਾਰਡ ਦੀ ਨੌਕਰੀ ਦੀ ਭਾਲ ਵਿਚ ਆਇਆ ਸੀ। ਜਦੋਂ ਉਹ ਪਲਾਜ਼ਾ 'ਚ ਪਹੁੰਚਿਆ ਤਾਂ ਪੰਜਾਬ ਪੁਲਸ ਦੇ ਇਕ ਇੰਸਪੈਕਟਰ ਨੇ ਉਸ ਨੂੰ ਬਿਨਾਂ ਮਾਸਕ ਦੇ ਰੋਕ ਲਿਆ। ਇੰਸਪੈਕਟਰ ਨੇ ਉਸ ਨੂੰ ਮਾਸਕ ਪਹਿਨਣ ਲਈ ਕਿਹਾ ਅਤੇ ਸੈਕਟਰ-17 ਵਿਚ ਘੁੰਮਣ ਦਾ ਕਾਰਣ ਪੁੱਛਿਆ। ਅੰਕੁਸ਼ ਨੇ ਇੰਸਪੈਕਟਰ ਨੂੰ ਦੱਸਿਆ ਕਿ ਉਹ ਸਿਕਿਓਰਿਟੀ ਗਾਰਡ ਦੀ ਨੌਕਰੀ ਲਈ ਆਇਆ ਹੈ। ਇੰਸਪੈਕਟਰ ਨੇ ਅੰਕੁਸ਼ ਨੂੰ ਕਿਹਾ ਕਿ ਉਹ ਉਸ ਨੂੰ ਪੰਜਾਬ ਵਿਚ ਹੋਮਗਾਰਡ ਦੀ ਨੌਕਰੀ ਲਗਵਾ ਦੇਵੇਗਾ ਪਰ ਇਸ ਲਈ ਰੁਪਏ ਖਰਚ ਕਰਨੇ ਪੈਣਗੇ। ਅੰਕੁਸ਼ ਨੇ ਹੋਮਗਾਰਡ ਵਿਚ ਭਰਤੀ ਹੋਣ ਲਈ ਇੰਸਪੈਕਟਰ ਤੋਂ ਪੈਸਿਆਂ ਬਾਰੇ ਪੁੱਛਿਆ। ਇੰਸਪੈਕਟਰ ਨੇ ਅੰਕੁਸ਼ ਤੋਂ ਹੋਮਗਾਰਡ ਵਿਚ ਨੌਕਰੀ ਦਵਾਉਣ ਲਈ ਇਕ ਲੱਖ ਦੀ ਮੰਗ ਕੀਤੀ। ਅੰਕੁਸ਼ ਨੇ ਕਿਹਾ ਕਿ ਉਸ ਕੋਲ ਇਸ ਸਮੇਂ ਸਿਰਫ ਪੰਜ ਹਜ਼ਾਰ ਰੁਪਏ ਹਨ। ਇੰਸਪੈਕਟਰ ਨੇ ਅੰਕੁਸ਼ ਤੋਂ ਪੰਜ ਹਜ਼ਾਰ ਮੌਕੇ 'ਤੇ ਲੈ ਲਏ ਅਤੇ ਬਾਕੀ ਰੁਪਏ ਘਰੋਂ ਲਿਆਉਣ ਲਈ ਕਿਹਾ। ਅੰਕੁਸ਼ ਨੂੰ ਇੰਸਪੈਕਟਰ 'ਤੇ ਸ਼ੱਕ ਹੋਇਆ ਅਤੇ ਉਸਨੇ ਮਾਮਲੇ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿਚ ਦੇ ਦਿੱਤੀ।

ਥਾਣੇ ਲਿਆਂਦਾ ਤਾਂ ਬੋਲਿਆ ਸੱਚ
ਇੰਸਪੈਕਟਰ ਰਾਮ ਰਤਨ ਸ਼ਰਮਾ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਰੁਪਏ ਲੈਣ ਵਾਲੇ ਇੰਸਪੈਕਟਰ ਨੂੰ ਫੜਨ ਲਈ ਸਪੈਸ਼ਲ ਟੀਮ ਬਣਾਈ। ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਨੇ ਅੰਕੁਸ਼ ਦੀ ਨਿਸ਼ਾਨਦੇਹੀ 'ਤੇ ਪੰਜਾਬ ਪੁਲਸ ਦੀ ਵਰਦੀ ਪਾਈ ਇੰਸਪੈਕਟਰ ਨੂੰ ਫੜ੍ਹ ਲਿਆ। ਫੜ੍ਹੇ ਗਏ ਇੰਸਪੈਕਟਰ ਤੋਂ ਆਈ ਕਾਰਡ ਮੰਗਿਆ ਤਾਂ ਉਹ ਬਹਾਨੇ ਬਣਾਉਣ ਲੱਗਾ। ਪੁਲਸ ਟੀਮ ਪੰਜਾਬ ਪੁਲਸ ਦੇ ਇੰਸਪੈਕਟਰ ਦੀ ਵਰਦੀ ਪਹਿਨਣ ਵਾਲੇ ਵਿਅਕਤੀ ਨੂੰ ਸੈਕਟਰ-17 ਥਾਣੇ ਲੈ ਆਈ। ਇੱਥੇ ਪੁੱਛਗਿਛ ਦੌਰਾਨ ਫੜੇ ਗਏ ਵਿਅਕਤੀ ਨੇ ਆਪਣੀ ਪਛਾਣ ਅੰਮ੍ਰਿਤਸਰ ਨਿਵਾਸੀ ਰਾਜਵੀਰ ਸਿੰਘ ਦੇ ਰੂਪ ਵਿਚ ਦੱਸੀ। ਉਸ ਨੇ ਦੱਸਿਆ ਕਿ ਉਹ ਪੰਜਾਬੀ ਐਲਬਮ ਵਿਚ ਗਾਣੇ ਗਾਉਂਦਾ ਅਤੇ ਐਕਟਿੰਗ ਕਰਦਾ ਹੈ। ਪੁਲਸ ਨੇ ਰਾਜਬੀਰ ਤੋਂ ਵਰਦੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਵਰਦੀ ਐਕਟਿੰਗ ਕਰਨ ਲਈ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ : ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਚੱਲੇ ਦੋਸ਼ੀ ਖ਼ਿਲਾਫ਼ ਕੇਸ ਦਰਜ

ਪਹਿਲਾਂ ਵੀ ਕਰ ਚੁੱਕੈ ਠੱਗੀ
ਪੰਜਾਬ ਪੁਲਸ ਦਾ ਫੜ੍ਹਿਆ ਗਿਆ ਨਕਲੀ ਇੰਸਪੈਕਟਰ ਰਾਜਵੀਰ ਸਿੰਘ ਪਹਿਲਾਂ ਵੀ ਕਈ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਮੁਲਜ਼ਮ ਨੇ ਮਲੋਆ ਦੇ ਨੌਜਵਾਨ ਤੋਂ ਐੱਨ. ਜੀ. ਓ. ਦਾ ਕਾਰਡ ਬਣਾਉਣ ਦੇ ਨਾਂ 'ਤੇ 6 ਹਜ਼ਾਰ ਦੀ ਠੱਗੀ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਮੁਲਜ਼ਮ ਨੇ ਪੰਜਾਬ ਦੀ ਰਹਿਣ ਵਾਲੀ ਲੜਕੀ ਨੂੰ ਫਿਲਮਾਂ ਵਿਚ ਰੋਲ ਦਿਵਾਉਣ ਦੇ ਨਾਂ 'ਤੇ ਤਿੰਨ ਲੱਖ ਰੁਪਏ ਮੰਗੇ ਸਨ। ਉਸ ਲੜਕੀ ਸਾਹਮਣੇ ਉਸ ਨੇ ਖੁਦ ਦੀ ਪਛਾਣ ਅਮਰਿੰਦਰ ਢਿੱਲੋਂ ਦੇ ਰੂਪ ਵਿਚ ਦੱਸੀ ਸੀ। ਲੜਕੀ ਨੇ ਰਾਜਵੀਰ ਦੇ ਖਾਤੇ ਵਿਚ ਹਜ਼ਾਰਾਂ ਰੁਪਏ ਜਮ੍ਹਾ ਕਰਵਾ ਦਿੱਤੇ ਅਤੇ ਬਾਅਦ ਵਿਚ ਠੱਗੀ ਦਾ ਅਹਿਸਾਸ ਹੋਇਆ ਸੀ।

ਥਾਣਾ ਇੰਚਾਰਜਾਂ 'ਤੇ ਦਿਖਾਉਂਦਾ ਸੀ ਰੋਹਬ
ਜਾਂਚ 'ਚ ਸਾਹਮਣੇ ਆਇਆ ਕਿ ਫੜਿਆ ਗਿਆ ਪੰਜਾਬ ਪੁਲਸ ਦਾ ਨਕਲੀ ਇੰਸਪੈਕਟਰ ਰਾਜਵੀਰ ਸਿੰਘ ਟ੍ਰਾਈਸਿਟੀ 'ਚ ਪੁਲਸ ਜਵਾਨਾਂ ਨੂੰ ਰੋਹਬ ਦਿਖਾਉਂਦਾ ਸੀ। ਉਹ ਖੁਦ ਨੂੰ ਪੰਜਾਬ ਪੁਲਸ ਦਾ ਇੰਸਪੈਕਟਰ ਕਹਿਕੇ ਲੋਕਾਂ ਦੇ ਕੰਮ ਕਰਵਾਕੇ ਉਨ੍ਹਾਂ ਤੋਂ ਰੁਪਏ ਤੱਕ ਲੈਂਦਾ ਸੀ। ਕਈ ਵਾਰ ਤਾਂ ਰਾਜਵੀਰ ਡੀ. ਐੱਸ. ਪੀ. ਅਤੇ ਥਾਣਾ ਇੰਚਾਰਜਾਂ ਨੂੰ ਫੋਨ ਕਰ ਕੇ ਕੰਮ ਲਈ ਕਹਿੰਦਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਘਰ 'ਚ ਵੜ ਕੇ ਗੋਲੀਆਂ ਨਾ ਭੁੰਨਿਆ ਨੌਜਵਾਨ (ਤਸਵੀਰਾਂ)

ਚੰੜੀਗੜ੍ਹ ਦਾ ਐੱਸ. ਐੱਸ. ਪੀ. ਬਣ ਕੇ ਹੋਟਲ ਤੋਂ ਮੰਗਿਆ ਸੀ ਰਿਕਾਰਡ
ਪੰਜਾਬ ਪੁਲਸ ਦੀ ਵਰਦੀ ਵਿਚ ਫੜੇ ਗਏ ਗਾਇਕ ਰਾਜਵੀਰ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦਾ ਐੱਸ. ਐੱਸ. ਪੀ. ਵਿਨੀਤ ਬਣ ਕੇ ਤਾਜ ਹੋਟਲ ਵਿਚ ਫੋਨ ਕਰ ਕੇ ਉੱਥੇ ਠਹਿਰੇ ਲੋਕਾਂ ਦਾ ਰਿਕਾਰਡ ਮੰਗਿਆ ਸੀ। ਇਹੀ ਨਹੀਂ ਮੁਲਜ਼ਮ ਨੇ ਮੋਹਾਲੀ ਦਾ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਬਣ ਕੇ ਚੰਡੀਗੜ੍ਹ ਅਤੇ ਪੰਜਾਬ ਦੇ ਇੰਸਪੈਕਟਰਾਂ ਨੂੰ ਕਈ ਸ਼ਿਕਾਇਤਾਂ ਵਿਚ ਸਮਝੌਤਾ ਕਰਵਾਉਣ ਦੀ ਸਿਫਾਰਿਸ਼ ਵੀ ਕੀਤੀ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਪੰਜਾਬ ਪੁਲਸ ਦਾ ਡੀ. ਜੀ. ਪੀ. ਬਣ ਕੇ ਪੰਜਾਬ ਦੇ ਕਈ ਐੱਸ. ਐੱਸ. ਪੀ. ਨੂੰ ਫੋਨ ਕਰ ਕੇ ਪੁਲਸ ਜਵਾਨਾਂ ਦੀ ਸਿਫਾਰਿਸ਼ ਕੀਤੀ ਸੀ, ਜਿਸ ਬਦਲੇ ਮੁਲਜ਼ਮ ਰੁਪਏ ਲੈਂਦਾ ਸੀ। ਇਸ ਤੋਂ ਇਲਾਵਾ ਮੁਲਜ਼ਮ ਆਰ. ਟੀ. ਓ. ਵੀ ਬਣ ਕੇ ਵਾਹਨ ਚਾਲਕਾਂ ਨਾਲ ਠੱਗੀ ਕਰ ਚੁੱਕਿਆ ਹੈ। ਜਾਂਚ ਵਿਚ ਪਤਾ ਚੱਲਿਆ ਕਿ ਅਮਰਿੰਦਰ ਗਿੱਲ ਦਾ ਨਾਂ ਲੈ ਕੇ ਮੁਲਜ਼ਮ ਫਿਲਮ ਵਿਚ ਰੋਲ ਦਿਵਾਉਣ ਦੇ ਨਾਂ 'ਤੇ ਲੜਕੇ ਅਤੇ ਲੜਕੀਆਂ ਨਾਲ ਲੱਖਾਂ ਦੀ ਠੱਗੀ ਕਰ ਚੁੱਕਿਆ ਹੈ।

ਸਟੇਜ ਸ਼ੋਅ ਕਰ ਕੇ ਲੱਖਾਂ ਕਮਾਉਂਦਾ ਸੀ ਮੁਲਜ਼ਮ
ਫੜ੍ਹਿਆ ਗਿਆ ਨਕਲੀ ਇੰਸਪੈਕਟਰ ਰਾਜਵੀਰ ਸਿੰਘ ਬਤੌਰ ਸਿੰਗਰ ਸਟੇਜ ਸ਼ੋਅ ਕਰ ਕੇ ਲੱਖਾਂ ਰੁਪਾਏ ਕਮਾ ਚੁੱਕਿਆ ਹੈ। ਤਾਲਾਬੰਦੀ 'ਚ ਕੰਮ ਨਾ ਮਿਲਣ 'ਤੇ ਮੁਲਜ਼ਮ ਪੁਲਸ ਦੀ ਵਰਦੀ ਪਾ ਕੇ ਠੱਗੀ ਕਰਨ ਲੱਗਾ। ਮੁਲਜ਼ਮ ਨੇ ਦੱਸਿਆ ਕਿ ਉਸ ਤੋਂ ਗਲਤੀ ਹੋ ਚੁੱਕੀ ਹੈ, ਉਹ ਅੱਗੇ ਤੋਂ ਕੋਈ ਠੱਗੀ ਨਹੀਂ ਕਰੇਗਾ।    

ਇਹ ਵੀ ਪੜ੍ਹੋ : ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ


Anuradha

Content Editor Anuradha