ਨਾਭਾ ਦੇ ਪਿੰਡ ''ਚ ਸ਼ਾਤਰ ਜਨਾਨੀਆਂ ਨੇ ਮਾਰੀ ਅਨੋਖੀ ਠੱਗੀ, ਹਰ ਕੋਈ ਹੈਰਾਨ

08/26/2020 3:30:57 PM

ਨਾਭਾ (ਖੁਰਾਣਾ) : ਦੇਸ਼ ਅੰਦਰ ਕੋਰੋਨਾ ਮਹਾਮਾਰੀ ਦੇ ਕਾਰਨ ਜਿੱਥੇ ਬੇਰੋਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਉੱਥੇ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਠੱਗ ਨਵੇਂ-ਨਵੇਂ ਪੈਂਤੜੇ ਅਪਣਾ ਕੇ ਲੋਕਾਂ ਨੂੰ ਠੱਗਣ 'ਚ ਲੱਗੇ ਹੋਏ ਹਨ, ਜਿਸ ਦੀ ਤਾਜ਼ਾ ਮਿਸਾਲ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਇੱਕ ਨਹੀਂ, ਦੋ ਨਹੀਂ, ਦਰਜਨਾਂ ਪਰਿਵਾਰ ਅਮੀਰ ਬਣਨ ਦੇ ਚੱਕਰ 'ਚ ਆਪਣੇ ਖ਼ੂਨ-ਪਸੀਨੇ ਦੀ ਕਮਾਈ ਦਾ ਸੋਨਾ ਆਦਿ ਲੁਟਾ ਬੈਠੇ।

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ 'ਚ 2 ਜਨਾਨੀਆਂ ਭੋਲੀਆਂ-ਭਾਲੀਆਂ ਬਣ ਕੇ ਆਈਆਂ ਅਤੇ ਲੱਖਾਂ ਦੀ ਠੱਗੀ ਮਾਰ ਕੇ ਚੱਲਦੀਆਂ ਬਣੀਆਂ। ਇਨ੍ਹਾਂ ਜਨਾਨੀਆਂ ਨੇ ਘਰ ਦੀਆਂ ਸੁਆਣੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਭਾਂਡੇ ਦਿਉ, ਅਸੀਂ ਇਸ ਦਾ ਕੰਪਨੀ ਵੱਲੋਂ ਛਾਪਾ ਲਗਵਾ ਕੇ ਨਵੇਂ ਭਾਂਡੇ ਬਣਵਾਵਾਂਗੇ ਅਤੇ ਤੁਹਾਨੂੰ ਤੁਹਾਡੇ ਭਾਂਡੇ ਮੋੜ ਦੇਵਾਂਗੇ, ਇਸ ਦੇ ਨਾਲ ਹੀ ਪੈਸੇ ਵੀ ਦੇ ਦੇਵਾਂਗੇ।

ਇਨ੍ਹਾਂ ਜਨਾਨੀਆਂ ਨੇ ਭਾਂਡਿਆਂ ਦੇ ਨਾਲ ਕਿਸੇ ਨੂੰ ਹਜ਼ਾਰ, ਕਿਸੇ ਨੂੰ 2 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦਾ ਲਾਲਚ ਹੋਰ ਵਧਾ ਦਿੱਤਾ। ਜਨਾਨੀਆਂ ਇੱਕ ਹਫ਼ਤਾ ਪਿੰਡ 'ਚ ਇਸੇ ਤਰ੍ਹਾਂ ਹੀ ਧੰਦਾ ਕਰਦੀਆਂ ਰਹੀਆਂ ਅਤੇ ਆਪਣੇ ਜਾਲ 'ਚ ਹੋਰ ਜਨਾਨੀਆਂ ਨੂੰ ਫਸਾਉਂਦੀਆਂ ਰਹੀਆਂ। ਪਿੰਡ ਦੀਆਂ ਜਨਾਨੀਆਂ ਨੂੰ ਉਕਤ ਜਨਾਨੀਆਂ ਨੇ ਫਿਰ ਚਾਂਦੀ ਅਤੇ ਸੋਨਾ ਦੇਣ ਲਈ ਮਜਬੂਰ ਕਰ ਦਿੱਤਾ ਅਤੇ ਕਰੀਬ ਦਰਜਨਾਂ ਘਰਾਂ 'ਚੋਂ 70 ਤੋਲੇ ਸੋਨਾ ਇਕੱਠਾ ਕਰ ਕੇ ਉਹ ਨਾਲ ਲੈ ਗਈਆਂ ਅਤੇ ਇਹ ਕਹਿ ਗਈਆਂ ਕਿ ਕੱਲ੍ਹ ਨੂੰ ਅਸੀਂ ਆਵਾਂਗੀਆਂ ਅਤੇ ਸੋਨੇ ਦੇ ਨਾਲ ਪੈਸੇ ਵੀ ਮੋੜ ਦੇਵਾਂਗੀਆਂ ਪਰ ਹੁਣ ਇਹ ਠੱਗ ਜਨਾਨੀਆਂ ਮੁੜ ਕੇ ਨਹੀਂ ਆਈਆਂ।

ਇਸ ਪਿੰਡ ਦੀਆਂ ਵੱਡੇ-ਵੱਡੇ ਘਰਾਣੇ ਦੀਆਂ ਜਨਾਨੀਆਂ ਵੀ ਇਸ ਠੱਗੀ ਦਾ ਸ਼ਿਕਾਰ ਹੋ ਗਈਆਂ ਪਰ ਸ਼ਰਮ ਦੇ ਮਾਰੇ ਜ਼ਿਆਦਾਤਰ ਜਨਾਨੀਆਂ ਕੈਮਰੇ ਅੱਗੇ ਨਹੀਂ ਆਈਆਂ। ਸਿਰਫ ਉਹ ਜਨਾਨੀਆਂ ਹੀ ਅੱਗੇ ਆਈਆਂ, ਜੋ ਕਿ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀਆਂ ਹਨ। ਹੁਣ ਇਨ੍ਹਾਂ ਪੀੜਤਾਂ ਵੱਲੋਂ ਪੁਲਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਨ੍ਹਾਂ ਠੱਗ ਜਨਾਨੀਆਂ ਨੂੰ ਫੜ੍ਹਿਆ ਜਾਵੇ ਅਤੇ ਸਾਡਾ ਸਾਮਾਨ ਵਾਪਸ ਕਰਾਇਆ ਜਾਵੇ। ਇਸ ਮੌਕੇ 'ਤੇ ਥਾਣਾ ਸਦਰ 'ਚ ਇਨ੍ਹਾਂ ਪੀੜਤ ਜਨਾਨੀਆਂ ਦੀ ਰਿਪੋਰਟ ਦਰਜ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਠੱਗ ਜਨਾਨੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Babita

Content Editor

Related News