ਵਾਊਚਰ ''ਚ ਕਟਿੰਗ ਕਰਕੇ ਕਿਸੇ ਹੋਰ ਦਾ ਲਿਖਿਆ ਨਾਂ

03/13/2018 6:18:54 PM

ਜਲੰਧਰ (ਖੁਰਾਣਾ)— ਕੁਝ ਦਿਨ ਪਹਿਲਾਂ ਨਗਰ ਨਿਗਮ ਦੀ ਅਕਾਊਂਟ ਬ੍ਰਾਂਚ 'ਚ ਫਰਜ਼ੀ ਯੂ. ਟੀ. ਆਰ. ਨੰਬਰ ਲਿਖਣ ਦਾ ਸਕੈਂਡਲ ਸਾਹਮਣੇ ਆਇਆ ਸੀ। ਜਿਸ ਦੇ ਤਹਿਤ ਕੁਝ ਠੇਕੇਦਾਰਾਂ ਨੇ ਟੈਂਡਰ ਫਾਰਮਾਂ 'ਚ ਯੂ. ਟੀ. ਆਰ. ਨੰਬਰ ਲਿਖੇ ਪਰ ਉਨ੍ਹਾਂ ਨੰਬਰਾਂ ਦੇ ਆਧਾਰ 'ਤੇ ਨਿਗਮ ਖਾਤੇ 'ਚ ਪੇਮੈਂਟ ਡਲਿਵਰ ਨਹੀਂ ਹੋਈ। ਸੋਮਵਾਰ ਨਿਗਮ ਦੀ ਅਕਾਊਂਟ ਸ਼ਾਖਾ 'ਚ ਇਕ ਹੋਰ ਫਰਾਡ ਪਕੜ 'ਚ ਆਇਆ ਜਦੋਂ ਕਿਸੇ ਸੋਸਾਇਟੀ ਦੇ ਨਾਂ 'ਤੇ ਕੱਟੇ ਗਏ ਪੇਮੈਂਟ ਵਾਊਚਰ 'ਚ ਕਟਿੰਗ ਕਰਕੇ ਦੂਜੀ ਸੋਸਾਇਟੀ ਦਾ ਨਾਂ ਭਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਨਿਗਮ ਨੇ ਠੇਕੇਦਾਰਾਂ ਦੀ ਅਰਨੈਸਟ ਮਨੀ ਰਿਲੀਜ਼ ਕਰਨ ਲਈ ਵਾਊਚਰ ਪਾਸ ਕਰਵਾਏ ਸਨ। ਇਕ ਕਲਰਕ ਨੇ 18 ਹਜ਼ਾਰ ਦੇ ਵਾਊਚਰ 'ਚ ਜਦੋਂ ਕਟਿੰਗ ਦੇਖੀ ਤਾਂ ਉਸ ਦਾ ਮੱਥਾ ਠਣਕਿਆ। ਰਿਕਾਰਡ ਦੇਖਣ 'ਤੇ ਪਤਾ ਕਿ ਇਹ ਵਾਊਚਰ ਕੁੰਡਲ ਕੋਆਪ੍ਰੇਟਿਵ ਸੋਸਾਇਟੀ ਦੇ ਨਾਂ ਨਾਲ ਪਾਸ ਹੋਇਆ ਸੀ ਪਰ ਉਕਤ ਸੋਸਾਇਟੀ ਦਾ ਨਾਮ ਕੱਟ ਕੇ ਉਥੇ ਠੇਕੇਦਾਰ ਵਿਕਾਸ ਗੰਭੀਰ ਦੀ ਸੋਸਾਇਟੀ ਦਾ ਨਾਂ ਲਿਖਿਆ ਹੋਇਆ ਸੀ। ਅਕਾਊਂਟ ਵਿਭਾਗ ਨੇ ਉਕਤ ਘਟਨਾ ਪਕੜ 'ਚ ਆਉਣ ਤੋਂ ਬਾਅਦ ਅਸਲੀ ਸੋਸਾਇਟੀ ਨੂੰ ਪੇਮੈਂਟ ਕਰ ਦਿੱਤੀ ਪਰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਪਿਛਲੇ ਅਰਨੈਸਟ ਮਨੀ ਦੇ ਵਾਊਚਰਜ਼ ਦੀ ਵੀ ਹੋਵੇਗੀ ਜਾਂਚ 
ਇਸ ਦੌਰਾਨ ਨਿਗਮ ਦੇ ਹੋਰ ਠੇਕੇਦਾਰਾਂ ਨੇ ਮੰਗ ਕੀਤੀ ਹੈ ਕਿ ਅਜਿਹਾ ਫਰਾਡ ਪਹਿਲਾਂ ਵੀ ਹੋਇਆ ਹੋ ਸਕਦਾ ਹੈ। ਇਸ ਲਈ ਇਸ ਠੇਕੇਦਾਰ ਨੂੰ ਪਿਛਲੇ ਸਮੇਂ ਦੌਰਾਨ ਜਾਰੀ ਅਰਨੈਸਟ ਮਨੀਆਂ ਦੇ ਵਾਊਚਰਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਠੇਕੇਦਾਰਾਂ ਨੇ ਕਿਹਾ ਕਿ ਨਿਗਮ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਇਸ ਦੇ ਕੋਲ ਕਰਮਚਾਰੀਆਂ ਨੂੰ ਤਨਖਾਹ ਤੱਕ ਦੇਣ ਦੇ ਪੈਸੇ ਨਹੀਂ ਹਨ ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਠੇਕੇਦਾਰ ਵਿਕਾਸ ਗੰਭੀਰ ਨੂੰ ਮਨਮਰਜ਼ੀ ਦੇ ਢੰਗ ਨਾਲ ਲੱਖਾਂ ਰੁਪਏ ਦੀ ਪੇਮੈਂਟ ਕਰ ਦਿੱਤੀ ਗਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕਲੈਰੀਕਲ ਮਿਸਟੇਕ ਹੋਈ ਹੋਵੇਗੀ: ਵਿਕਾਸ ਗੰਭੀਰ
ਸਾਰੇ ਮਾਮਲੇ ਬਾਰੇ ਠੇਕੇਦਾਰ ਵਿਕਾਸ ਗੰਭੀਰ ਨੇ ਕਿਹਾ ਕਿ ਉਸ ਨੇ ਅਰਨੈਸਟ ਮਨੀ ਦੇ ਵਾਊਚਰ 'ਤੇ ਕਟਿੰਗ ਨਹੀਂ ਕੀਤੀ। ਸਟਾਫ ਕੋਲੋਂ ਕਲੈਰੀਕਲ ਮਿਸਟੇਕ ਹੋਈ ਹੋਵੇਗੀ ਕਿਉਂਕਿ ਉਸਦੀਆਂ 11 ਹੋਰ ਅਰਨੈਸਟ ਮਨੀਆਂ ਦੇ ਵਾਊਚਰ ਵੀ ਤਿਆਰ ਹੋਏ ਹਨ। ਉਨ੍ਹਾਂ ਕਿਹਾ ਕਿ  ਇਸ ਵਾਰ ਦੇ ਟੈਂਡਰ 'ਚ ਜ਼ਿਆਦਾਤਰ ਕੰਮ ਉਨ੍ਹਾਂ ਨੂੰ ਤੇ ਹੁਸ਼ਿਆਰਪੁਰ ਦੇ ਇਕ ਠੇਕੇਦਾਰ ਨੂੰ ਮਿਲੇ ਹਨ। ਜਿਸ ਕਾਰਨ ਨਿਗਮ ਦੇ ਬਾਕੀ ਠੇਕੇਦਾਰ ਈਰਖਾ ਵਸ ਇਸ ਗੱਲ ਨੂੰ ਮੁੱਦਾ ਬਣਾ ਰਹੇ ਹਨ। ਉਨ੍ਹਾਂ ਦੀ ਕਰੋੜਾਂ ਦੀ ਟਰਨਓਵਰ ਹੈ। ਉਹ 18 ਹਜ਼ਾਰ ਦੀ ਪੇਮੈਂਟ ਇਸ ਤਰ੍ਹਾਂ ਗਲਤ ਢੰਗ ਨਾਲ ਨਹੀਂ ਲੈਣਗੇ।


Related News