ਥਾਣੇਦਾਰ ਭਰਤੀ ਕਰਵਾਉਣ ਤੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 70 ਲੱਖ ਠੱਗੇ
Thursday, Jun 28, 2018 - 07:35 AM (IST)
ਲੰਬੀ/ਮਲੋਟ (ਜੁਨੇਜਾ) - 2 ਵਿਅਕਤੀਆਂ ਨੂੰ ਪੰਜਾਬ ਪੁਲਸ ਵਿਚ ਥਾਣੇਦਾਰ ਭਰਤੀ ਕਰਵਾਉਣ ਅਤੇ ਬਾਅਦ ’ਚ ਪਰਿਵਾਰ ਸਮੇਤ ਵਿਦੇਸ਼ ਭੇਜਣ ਦੇ ਨਾਂ ’ਤੇ 35-35 ਲੱਖ (ਕੁਲ 70) ਰੁਪਏ ਦੀ ਠੱਗੀ ਦੇ ਮਾਰਨ ਦੇ ਕਥਿਤ ਦੋਸ਼ ’ਚ ਥਾਣਾ ਕਬਰਵਾਲਾ ਪੁਲਸ ਨੇ 4 ਵਿਰੁੱਧ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਵਿੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ 5556 ਬੀ-ਬਲਾਕ ਗਰੇਟਰ ਕੈਲਾਸ਼ ਬਟਾਲਾ ਅਤੇ ਲਖਵੀਰਪਾਲ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 367 ਪ੍ਰਤਾਪ ਐਵੇਨਿਊ, ਅੰਮ੍ਰਿਤਸਰ ਵੱਲੋਂ ਦਰਜ ਸ਼ਿਕਾਇਤਾਂ ’ਚੋਂ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ 2012 ਵਿਚ ਸੋਨੂੰ ਪੁੱਤਰ ਗੁਰਰਾਜ ਸਿੰਘ ਵਾਸੀ ਸਰਾਵਾਂ ਬੋਦਲਾਂ ਨੇ ਉਸ ਨੂੰ ਆਪਣੇ ਜੀਜੇ ਸੁਖਬੀਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਮਨ ਨਗਰ, ਮਲੋਟ ਨੂੰ ਇਹ ਕਹਿ ਕੇ ਮਿਲਾਇਆ ਕਿ ਇਹ ਤੁਹਾਨੂੰ ਪੁਲਸ ’ਚ ਥਾਣੇਦਾਰ ਭਰਤੀ ਕਰਵਾ ਦੇਵੇਗਾ, ਜਿਸ ਬਦਲੇ 25 ਲੱਖ ਮੰਗੇ ਗਏ।
ਉਸ ਦੀਅਾਂ ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਨੇ 2-3 ਦਿਨ ਬਾਅਦ ਸੋਨੂੰ ਸਾਹਮਣੇ ਉਸ ਦੇੇ ਜੀਜੇ ਸੁਖਬੀਰ ਸਿੰਘ, ਉਸ ਦੇ ਭਰਾ ਚਰਨਜੀਤ ਸਿੰਘ ਅਤੇ ਸੁਖਬੀਰ ਦੀ ਪਤਨੀ ਪ੍ਰਭਜੋਤ ਕੌਰ ਨਾਲ ਪਿੰਡ ਸਰਾਵਾਂ ਬੋਦਲਾਂ ਵਿਖੇ ਆਪਣੇ ਦੋਸਤ ਸਾਹਮਣੇ 25 ਲੱਖ ਰੁਪਏ ਦਿੱਤੇ।
ਇਸ ਤੋਂ ਬਾਅਦ ਉਸ ਨੂੰ ਇਹ ਵਿਅਕਤੀ ਭਰਤੀ ਕਰਵਾਉਣ ਦਾ ਵਾਰ-ਵਾਰ ਭਰੋਸਾ ਦਿੰਦੇ ਰਹੇ ਅਤੇ ਕਰੀਬ 6 ਮਹੀਨਿਅਾਂ ਬਾਅਦ ਸੁਖਬੀਰ ਸਿੰਘ ਨੇ ਉਸ ਨੂੰ ਕਿਹਾ ਕਿ ਪੁਲਸ ’ਚ ਥਾਣੇਦਾਰ ਭਰਤੀ ਹੋਣਾ ਮੁਸ਼ਕਲ ਹੈ, ਇਸ ਲਈ ਮੈਂ ਤੁਹਾਨੂੰ ਸਮੇਤ ਪਰਿਵਾਰ ਅਮਰੀਕਾ ਭੇਜ ਸਕਦਾ ਹਾਂ, ਜਿਸ ਲਈ ਹੋਰ 10 ਲੱਖ ਰੁਪਏ ਮੰਗੇ, ਜਿਹਡ਼ੇ 4-5 ਦਿਨ ਬਾਅਦ ਸੁਖਬੀਰ ਦੇ ਕਹਿਣ ’ਤੇ ਭਰਾ ਚਰਨਜੀਤ ਸਿੰਘ ਨੂੰ ਫਡ਼ਾ ਦਿੱਤੇ, ਉਸ ਵੇਲੇ ਪ੍ਰਭਜੋਤ ਕੌਰ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਉਨ੍ਹਾਂ ਨੂੰ ਅਮਰੀਕਾ ਭੇਜ ਦੇਣਗੇ।
ਇਸੇ ਤਰ੍ਹਾਂ ਹੀ ਲਖਵੀਰਪਾਲ ਸਿੰਘ ਵੀ ਇਨ੍ਹਾਂ ਦੇ ਝਾਂਸੇ ਵਿਚ ਆ ਗਿਆ ਅਤੇ ਪਰਿਵਾਰ ਸਮੇਤ ਅਮਰੀਕਾ ਭੇਜਣ ਦੇ ਸਬਜ਼ਬਾਗ ਦਿਖਾ ਕੇ 5 ਮਈ, 2012 ਨੂੰ ਸਰਾਵਾਂ ਬੋਦਲਾਂ ਆਪਣੇ ਘਰ 17 ਲੱਖ ਰੁਪਏ ਲੈ ਲਏ ਅਤੇ ਕੁਝ ਸਮੇਂ ਬਾਅਦ ਦੁਬਾਰਾ ਫਿਰ 18 ਲੱਖ ਰੁਪਏ ਨਕਦ ਦਿੱਤੇ। ਸੁਖਬੀਰ ਸਿੰਘ ਨੇ ਇਸ ਸਬੰਧੀ ਸਕਿਓਰਿਟੀ ਵਜੋਂ ਰਣਧੀਰ ਸਿੰਘ ਦੇ ਨਾਂ ’ਤੇ ਆਪਣੇ ਦਸਤਖਤਾਂ ਹੇਠ ਯੂ. ਟੀ. ਆਈ. ਬ੍ਰਾਂਚ ਮਲੋਟ ਦਾ 15 ਲੱਖ ਅਮਾਊਂਟ ਦਾ ਚੈੱਕ ਨੰਬਰ 059042, ਇਕ ਚੈੱਕ ਨੰਬਰ 001825 ਯੂਨੀਅਨ ਬੈਂਕ ਆਫ ਇੰਡੀਆ ਛੇਹਰਟਾ ਰੋਡ, ਅੰਮ੍ਰਿਤਸਰ ਰਣਧੀਰ ਸਿੰਘ ਦੇ ਦਸਤਖਤਾਂ ਹੇਠ ਲਖਵੀਰਪਾਲ ਸਿੰਘ ਨੂੰ 12 ਲੱਖ 50 ਹਜ਼ਾਰ ਰੁਪਏ ਦਾ ਦਿੱਤਾ ਸੀ ਪਰ ਬਾਅਦ ’ਚ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਨੂੰ ਰੁਪਏ ਵਾਪਸ ਦਿੱਤੇ। ਸ਼ਿਕਾਇਤਕਰਤਾਵਾਂ ਅਨੁਸਾਰ ਅਜਿਹਾ ਕਰ ਕੇ ਇਨ੍ਹਾਂ ਨੇ ਸਾਡੇ ਨਾਲ 70 ਲੱਖ ਰੁਪਏ ਦੀ ਠੱਗੀ ਮਾਰੀ ਹੈ। ਕਬਰਵਾਲਾ ਪੁਲਸ ਦੇ ਇੰਚਾਰਜ ਕੁਲਦੀਪ ਚੰਦ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
