ਲੜਕੀ ਨੂੰ ਵਰਗਲਾ ਕੇ ਗਹਿਣੇ ਹਥਿਆਉਣ ਵਾਲੇ ਪਤੀ-ਪਤਨੀ ਨਾਮਜ਼ਦ

Tuesday, Jan 02, 2018 - 10:12 AM (IST)

ਲੜਕੀ ਨੂੰ ਵਰਗਲਾ ਕੇ ਗਹਿਣੇ ਹਥਿਆਉਣ ਵਾਲੇ ਪਤੀ-ਪਤਨੀ ਨਾਮਜ਼ਦ

ਪਾਤੜਾਂ (ਮਾਨ)-ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦੇ ਥਾਣਾ ਘੱਗਾ ਵਿਖੇ ਪਿਸਤੌਲ ਦੀ ਨੋਕ 'ਤੇ ਇਕ ਲੜਕੀ ਨੂੰ ਵਰਗਲਾ ਕੇ ਉਸ ਪਾਸੋਂ ਗਹਿਣੇ ਹਥਿਆ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ-ਪਤਨੀ ਖਿਲਾਫ਼ ਕੇਸ ਦਰਜ ਕਰ ਕੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪਿੰਡ ਕਕਰਾਲਾ ਭਾਈਕਾ ਵਾਸੀ ਹੰਸ ਰਾਜ ਪੁੱਤਰ ਸੁੱਚਾ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਉਸ ਨੇ ਆਪਣੀ ਲੜਕੀ ਦੇ ਵਿਆਹ ਲਈ ਗਹਿਣੇ ਬਣਵਾ ਕੇ ਘਰ ਰੱਖੇ ਹੋਏ ਸਨ। ਇਸ ਤੋਂ ਇਲਾਵਾ 6 ਮੁੰਦੀਆਂ ਅਤੇ 1 ਸੋਨੇ ਦਾ ਕੜਾ ਪਿਆ ਹੋਇਆ ਸੀ। ਬੀਤੀ 25 ਦਸੰਬਰ ਨੂੰ ਜਦੋਂ ਉਹ ਘਰ ਨਹੀਂ ਸੀ ਤਾਂ ਇਕੱਲੀ ਲੜਕੀ ਨੂੰ ਦੇਖ ਕੇ ਮੇਰੇ ਸ਼ਰੀਕੇ ਵਿਚੋਂ ਪੋਤਾ ਲਗਦਾ ਜਗਜੀਤ ਸਿੰਘ ਆਪਣੀ ਪਤਨੀ ਨਾਲ ਘਰ ਆਇਆ। ਉਸ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ। ਲੜਕੀ ਦੇ ਦੱਸਣ ਮੁਤਾਬਕ ਉਸ ਨੇ ਕਿਹਾ ਕਿ ਮੈਂ ਪਿਸਤੌਲ ਖਰੀਦ ਲਿਆ ਹੈ। ਤੁਹਾਡੇ ਘਰ ਵਿਚ ਜੋ ਗਹਿਣੇ ਹਨ, ਉਹ ਕੱਢ ਦੇ, ਨਹੀਂ ਤਾਂ ਅਸੀਂ ਤੇਰੇ ਪਿਤਾ ਨੂੰ ਜਾਨੋਂ ਮਾਰ ਦਿਆਂਗੇ। ਉਨ੍ਹਾਂ ਦੱਸਿਆ ਕਿ ਲੜਕੀ ਨੇ ਡਰਦਿਆਂ ਘਰ ਵਿਚ ਪਏ ਸਾਰੇ ਗਹਿਣੇ ਉਨ੍ਹਾਂ ਨੂੰ ਦੇ ਦਿੱਤੇ ਪਰ ਦੱਸਿਆ ਨਹੀਂ। ਉਸ ਨੇ ਆਪਣੇ ਮਾਮੇ ਦੇ ਲੜਕੇ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। 
ਉਨ੍ਹਾਂ ਦੱਸਿਆ ਕਿ ਪਤਾ ਲੱਗਣ 'ਤੇ ਉਨ੍ਹਾਂ 5-7 ਪਤਵੰਤਿਆਂ ਨਾਲ ਪੰਚਾਇਤ ਇਕੱਠੀ ਕੀਤੀ। ਇਸ ਵਿਚ ਉਸ ਦੀ ਪਤਨੀ ਤੇ ਮਾਂ ਹਾਜ਼ਰ ਸਨ ਜੋ ਗਹਿਣੇ ਦੇਣੇ ਮੰਨ ਗਈਆਂ ਸਨ। ਕਈ ਦਿਨ ਬੀਤ ਜਾਣ 'ਤੇ ਵੀ ਗਹਿਣੇ ਦੇਣ ਦੀ ਬਜਾਏ ਇਕ ਦਿਨ ਜਗਜੀਤ ਸਿੰਘ ਸਵੇਰੇ ਤੜਕਸਾਰ ਉਨ੍ਹਾਂ ਦੇ ਘਰ ਆਇਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧੀ ਉਨ੍ਹਾਂ ਸਵੇਰੇ ਪੁਲਸ ਨੂੰ ਜਾਣਕਾਰੀ ਦਿੱਤੀ। ਥਾਣਾ ਮੁਖੀ ਘੱਗਾ ਗੁਰਮੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਅਨ ਜਗਜੀਤ ਸਿੰਘ ਤੇ ਉਸ ਦੀ ਪਤਨੀ ਅਨੀਤਾ ਰਾਣੀ ਖ਼ਿਲਾਫ ਧਾਰਾ 384, 387, 506, 34 ਆਈ. ਪੀ. ਸੀ. ਅਤੇ 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News