3 BHK ਫਲੈਟ ਦੇ ਨਾਂ ’ਤੇ 23.40 ਲੱਖ ਦੀ ਠੱਗੀ, ਦੋ ਖ਼ਿਲਾਫ਼ ਕੇਸ ਦਰਜ
Sunday, Jun 28, 2026 - 12:45 PM (IST)
ਖਰੜ (ਰਣਬੀਰ) : ਖਰੜ ਪੁਲਸ ਨੇ 3 ਬੀ. ਐੱਚ. ਕੇ. ਫਲੈਟ ਦਿਵਾਉਣ ਦਾ ਝਾਂਸਾ ਦੇ ਕੇ 23.40 ਲੱਖ ਰੁਪਏ ਹੜੱਪਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫ਼ਤਿਹਾਬਾਦ (ਹਰਿਆਣਾ) ਦੇ ਪਿੰਡ ਚੰਦਰ ਕਲਾਂ ਦੇ ਵਸਨੀਕ ਗਗਨਦੀਪ ਗਿੱਲ ਦੀ ਸ਼ਿਕਾਇਤ ’ਤੇ ਦਰਜ ਮਾਮਲੇ ’ਚ ਦੋਸ਼ ਹੈ ਕਿ ਸੌਰਭ ਬਜਾਜ ਅਤੇ ਰਵਿੰਦਰ ਸਿੰਘ ਨੇ ਅਮੇਜ਼ਨ ਸਿਟੀ-3, ਸੰਨੀ ਇਨਕਲੇਵ, ਖਰੜ ’ਚ ਫਲੈਟ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਲੈ ਲਏ, ਪਰ ਨਾ ਫਲੈਟ ਦਿੱਤਾ ਅਤੇ ਨਾ ਹੀ ਰਕਮ ਵਾਪਸ ਕੀਤੀ। ਪੁਲਸ ਜਾਂਚ ਅਨੁਸਾਰ ਅਪ੍ਰੈਲ 2024 ’ਚ 50 ਲੱਖ ਰੁਪਏ ’ਚ ਸੌਦਾ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ 50 ਹਜ਼ਾਰ ਰੁਪਏ ਟੋਕਨ ਮਨੀ ਦੇਣ ਤੋਂ ਬਾਅਦ 15.50 ਲੱਖ ਅਤੇ 7 ਲੱਖ ਰੁਪਏ ਆਰਟੀਜੀਐੱਸ ਰਾਹੀਂ ਸੌਰਭ ਬਜਾਜ ਦੇ ਖਾਤੇ ਵਿੱਚ ਭੇਜੇ।
ਕੁੱਲ 23.40 ਲੱਖ ਰੁਪਏ ਅਦਾ ਕਰਨ ਦੇ ਬਾਵਜੂਦ ਫਲੈਟ ਦੀ ਰਜਿਸਟਰੀ ਨਹੀਂ ਹੋਈ। ਬਾਅਦ ’ਚ ਸੌਦਾ ਰੱਦ ਹੋਣ ’ਤੇ ਮੁਲਜ਼ਮ ਨੇ ਰਕਮ ਵਾਪਸੀ ਲਈ 6 ਚੈੱਕ ਦਿੱਤੇ, ਪਰ 22.90 ਲੱਖ ਰੁਪਏ ਦੇ ਸਾਰੇ ਚੈੱਕ ਬਾਊਂਸ ਹੋ ਗਏ। ਜਾਂਚ ਦੌਰਾਨ ਨੋਟਰੀਕ੍ਰਿਤ ਹਲਫ਼ਨਾਮੇ ਰਾਹੀਂ ਰਕਮ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ ਗਿਆ, ਪਰ ਭੁਗਤਾਨ ਨਹੀਂ ਕੀਤਾ ਗਿਆ। ਡੀ. ਐੱਸ. ਪੀ. ਦੀ ਜਾਂਚ ’ਚ ਧੋਖਾਧੜੀ ਦੀ ਪੁਸ਼ਟੀ ਹੋਣ ਤੋਂ ਬਾਅਦ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਥਾਣਾ ਸਿਟੀ ਖਰੜ ਪੁਲਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਕਮ ਨਾ ਮਿਲਣ ਦੇ ਸਦਮੇ ’ਚ ਪਤੀ ਦੀ ਹੋਈ ਮੌਤ : ਸ਼ਿਕਾਇਤਕਰਤਾ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੱਖਾਂ ਰੁਪਏ ਫਸ ਜਾਣ ਕਾਰਨ ਉਸ ਦੇ ਪਤੀ ਹਰਪ੍ਰੀਤ ਸਿੰਘ ਗੰਭੀਰ ਮਾਨਸਿਕ ਤਣਾਅ ’ਚ ਆ ਗਏ ਅਤੇ 26 ਫਰਵਰੀ 2025 ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੈਸੇ ਮੰਗਣ ’ਤੇ ਮੁਲਜ਼ਮਾਂ ਨੇ ਰਕਮ ਵਾਪਸ ਕਰਨ ਦੀ ਬਜਾਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
