ਧੋਖਾਧੜੀ ਕਰਕੇ ਕਾਰ ਅੱਗੇ ਵੇਚਣ ਦੇ ਦੋਸ਼ਾਂ ਤਹਿਤ 3 ਖ਼ਿਲਾਫ਼ ਕੇਸ ਦਰਜ
Sunday, Jul 14, 2024 - 05:15 PM (IST)
ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਕਿਰਾਏ ’ਤੇ ਲਈ ਕਾਰ ਧੋਖਾਧੜੀ ਨਾਲ ਅੱਗੇ ਵੇਚਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਚੰਦਰ ਪ੍ਰਕਾਸ ਪੁੱਤਰ ਬਰਿੰਦਰ ਬਹਾਦਰ ਸਿੰਘ ਵਾਸੀ ਜ਼ਿਲ੍ਹਾ ਮੋਹਾਲੀ ਨੇ ਦੱਸਿਆ ਕਿ ਮੈਂ ਇੱਕ ਆਲਟੋ ਕਾਰ ਕਿਰਾਏ ਲਈ ਪਾਈ ਹੋਈ ਸੀ। ਮਿਤੀ 2/7/2024 ਨੂੰ ਹਰਿਆਣਾ ਵਾਸੀ ਸੁਭਾਸ਼ ਨੇ ਆਨਲਾਈਨ ਉਸ ਦੀ ਕਾਰ ਮਿਤੀ 10-7-2024 ਤੱਕ ਬੁੱਕ ਕਰ ਲਈ ਅਤੇ ਮੈਨੂੰ ਆਪਣਾ ਆਧਾਰ ਕਾਰਡ ਅਤੇ ਲਾਇਸੈਂਸ ਵਗੈਰਾ ਦੀ ਵੈਰੀਫਿਕੇਸ਼ਨ ਕਰਵਾ ਕੇ ਕਾਰ ਲੈ ਗਿਆ।
ਜਦੋਂ ਮਿੱਥੀ ਹੋਈ ਤਾਰੀਖ਼ ਤੱਕ ਕਾਰ ਵਾਪਸ ਨਹੀਂ ਆਈ ਤਾਂ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਸ ਨੇ ਸੁਰਿੰਦਰ ਸਿੰਘ ਅਤੇ ਰਾਜੇਸ਼ ਕੁਮਾਰ ਨਾਲ ਸਲਾਹ-ਮਸ਼ਵਰਾ ਕਰਕੇ ਮੇਰਾ ਜਾਅਲੀ ਆਧਾਰ ਕਾਰਡ, ਪੈਨ ਕਾਰਡ ਬਣਵਾ ਕੇ ਅਤੇ ਮੇਰੇ ਜਾਅਲੀ ਦਸਤਖ਼ਤ ਕਰਕੇ ਕਾਰ ਨੂੰ ਅੱਗੇ ਕਿਸੇ ਡੀਲਰ ਨੂੰ ਵੇਚ ਦਿੱਤੀ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਨ ਸੁਰਿੰਦਰ ਕੁਮਾਰ ਪੁੱਤਰ ਰਾਮਫਲ ਵਾਸੀ ਬਸਤੀ ਰਾਜ ਨਗਰ ਟੋਹਾਣਾ ਹਰਿਆਣਾ, ਸੁਭਾਸ਼ ਪੁੱਤਰ ਰਾਮ ਕ੍ਰਿਸ਼ਨ ਵਾਸੀ ਪ੍ਰਭਾਕਰ ਕਾਲੋਨੀ ਚੰਡੀਗੜ੍ਹ ਰੋਡ ਟੋਹਾਣਾ ਹਰਿਆਣਾ ਅਤੇ ਰਾਜੇਸ਼ ਕੁਮਾਰ ਪੁੱਤਰ ਬਾਰੂ ਰਾਮ ਵਾਸੀ ਵਾਰਡ ਨੰਬਰ-6 ਰਾਜ ਨਗਰ ਕੈਂਥਲ ਰੋਡ ਹਰਿਆਣਾ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।