ਆਨਲਾਈਨ ਕੰਮ ਦੇ ਨਾਂ ’ਤੇ 33 ਲੱਖ ਰੁਪਏ ਦੀ ਮਾਰੀ ਠੱਗੀ
Saturday, Jul 13, 2024 - 12:21 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਠੱਗਾਂ ਨੇ ਆਨਲਾਈਨ ਕੰਮ ਪੂਰਾ ਕਰਨ ਤੋਂ ਬਾਅਦ ਕਮਿਸ਼ਨ ਦੇਣ ਦੇ ਬਹਾਨੇ ਵਿਅਕਤੀ ਤੋਂ 33 ਲੱਖ ਰੁਪਏ ਠੱਗ ਲਏ। ਸਾਈਬਰ ਥਾਣਾ ਪੁਲਸ ਨੇ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਧੋਖਾਧੜੀ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸੈਕਟਰ-38 ਦੇ ਅਜੇ ਜੈਨ ਨੇ ਸ਼ਿਕਾਇਤ ’ਚ ਦੱਸਿਆ ਕਿ 24 ਫਰਵਰੀ ਨੂੰ ਮੋਬਾਇਲ ਫੋਨ ’ਤੇ ਕਨਿਕਾ ਮੀਰਾ ਨਾਮਕ ਮਹਿਲਾ ਦਾ ਫੋਨ ਆਇਆ, ਜਿਸ ਨੇ ਖ਼ੁਦ ਨੁੰ ਕਿਕਸਟਾਰਟ ਲਿਮਟਿਡ ਕੰਪਨੀ ਦਾ ਮੁਲਾਜ਼ਮ ਦੱਸਿਆ।
ਉਸ ਨੇ ਘਰ ਬੈਠੇ ਆਨਲਾਈਨ ਸਮੀਖਿਆ ਕਰਕੇ ਹਰ ਦਿਨ 6 ਹਜ਼ਾਰ ਰੁਪਏ ਕਮਾਉਣ ਦੀ ਗੱਲ ਕਹੀ। ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਨੇ ਗੂਗਲ ’ਤੇ ਸਮੀਖਿਆ ਕਰਨਾ ਸ਼ੁਰੂ ਕੀਤਾ ਅਤੇ ਕੰਮ ਪੂਰਾ ਹੋਣ ਦੇ ਬਾਅਦ ਪੈਸੇ ਵੀ ਮਿਲਣ ਲੱਗੇ। ਬਾਅਦ ’ਚ ਪੀੜਤ ਨੂੰ ਟੈਲੀਗ੍ਰਾਮ ਗਰੁੱਪ ’ਚ ਜੋੜ ਕੇ ਟਾਸਕ ਦਿੱਤਾ ਗਿਆ। ਸ਼ੁਰੂ ’ਚ ਕੰਮ ਕਮਿਸ਼ਨ ਦਿੱਤੀ ਗਈ ਪਰ ਬਾਅਦ ’ਚ ਪੈਸੇ ਦੇਣੇ ਬੰਦ ਕਰ ਦਿੱਤੇ। ਇਸ ਤੋਂ ਬਾਅਦ ਆਨਲਾਈਨ ਨਿਵੇਸ਼ ਲਈ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਸ਼ਿਕਾਇਤਕਰਤਾ ਨੇ 33.04 ਲੱਖ ਰੁਪਏ ਵੱਖ-ਵੱਖ ਖ਼ਾਤਿਆਂ ’ਚ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਪੀੜਤ ਨੂੰ ਨਾ ਕੋਈ ਲਾਭ ਦਿੱਤਾ ਤੇ ਨਾ ਹੀ ਰਕਮ ਵਾਪਸ ਕੀਤੀ।