ਜਿਊਲਰੀ ਸ਼ਾਪ ’ਚ 500 ਦੇ ਨਕਲੀ ਨੋਟ ਦੇ ਕੇ ਸੋਨਾ ਖ਼ਰੀਦ ਕੇ ਠੱਗੀ ਮਾਰਨ ਵਾਲੇ ਗੈਂਗ ਦਾ ਪਰਦਾਫਾਸ਼
Tuesday, Jul 09, 2024 - 01:57 PM (IST)
ਲੁਧਿਆਣਾ (ਰਿਸ਼ੀ) : ਰਾਜਸਥਾਨ ਅਤੇ ਗੁਜਰਾਤ ਤੋਂ ਆ ਕੇ ਸਰਾਫਾ ਬਾਜ਼ਾਰ ਦੇ ਦੁਕਾਨਦਾਰਾਂ ਤੋਂ ਸੋਨਾ ਖਰੀਦ ਕੇ ਉਨ੍ਹਾਂ ਨੂੰ 500 ਦੇ ਨਕਲੀ ਨੋਟਾਂ ਦੀਆਂ ਕਾਪੀਆਂ ਦੇ ਕੇ ਠੱਗੀ ਮਾਰਨ ਵਾਲੇ ਇਕ ਗੈਂਗ ਦਾ ਸੀ. ਆਈ. ਏ.-2 ਦੀ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ 3 ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਕਨ੍ਹੱਈਆ ਨਿਵਾਸੀ ਰਾਜਸਥਾਨ ਅਤੇ ਰਾਜ ਨਿਵਾਸ ਸ਼ਰਮਾ ਨਿਵਾਸੀ ਗੁਜਰਾਤ ਵਜੋਂ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਕਾਫੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ ਪਰ ਹੁਣ ਤੱਕ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਂਚ ਅਧਿਕਾਰੀ ਹਰਜਾਪ ਸਿੰਘ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਗੈਂਗ ਵੱਲੋਂ 500-500 ਦੇ ਨੋਟ ਕਾਪੀ ਦੇ ਉੱਪਰ ਅਤੇ ਥੱਲੇ ਲਗਾ ਕੇ ’ਚ ਪਲੇਨ ਪੇਪਰ ਰੱਖੇ ਹੋਏ ਹਨ, ਜੋ ਜਿਊਲਰੀ ਸ਼ਾਪ ’ਤੇ ਜਾ ਕੇ ਪਹਿਲਾਂ ਸੋਨਾ ਖਰੀਦਦੇ ਹਨ, ਫਿਰ ਨਕਲੀ ਕਾਪੀਆਂ ਫੜ੍ਹ ਕੇ ਤੁਰੰਤ ਮੌਕੇ ਤੋਂ ਭੱਜ ਜਾਂਦੇ ਹਨ, ਜੋ ਅੱਜ ਸਰਾਫਾ ਬਾਜ਼ਾਰ ’ਚ ਘੁੰਮ ਰਹੇ ਹਨ, ਜਿਸ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ।