ਖ਼ੁਦ ਨੂੰ RTA ਦਾ ਗੰਨਮੈਨ ਦੱਸ ਜ਼ਬਰਦਸਤੀ 500 ਰੁਪਏ ਲੈਣ ਦੇ ਦੋਸ਼ ’ਚ 2 ਖ਼ਿਲਾਫ਼ ਕੇਸ ਦਰਜ
Friday, Jun 14, 2024 - 04:57 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਖੁਦ ਨੂੰ ਆਰ. ਟੀ. ਏ. ਦਾ ਗੰਨਮੈਨ ਦੱਸ ਕੇ ਇਕ ਬਲੈਰੋ ਪਿਕਅਪ ਜੀਪ ਚਾਲਕ ਤੋਂ ਜ਼ਬਰਦਸਤੀ 500 ਰੁਪਏ ਲੈਣ ਅਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਲਵਪ੍ਰੀਤ ਉਰਫ਼ ਲਾਲੀ ਅਤੇ ਕਾਂਸਟੇਬਲ ਕੁਲਬੀਰ ਸਿੰਘ ਵਾਸੀ ਪਿੰਡ ਰੁਕਨਾ ਬੇਗੂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਪੁੱਤਰ ਪ੍ਰਹਿਲਾਦ ਰਾਮ ਵਾਸੀ ਨਿਹਾਲ ਖੇੜਾ ਥਾਣਾ ਖੂਈ ਖੇੜਾ ਨੇ ਪੁਲਸ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਅਤੇ ਬਿਆਨ ਦਿੱਤਾ ਹੈ ਕਿ ਉਹ ਆਪਣੀ ਜੀਪ ਬੋਲੈਰੋ ਪਿਕਅਪ ’ਤੇ ਖਰਬੂਜੇ ਲੋਡ ਕਰ ਕੇ ਸੂਰਤਗੜ੍ਹ, ਰਾਜਸਥਾਨ ਲੈ ਕੇ ਜਾ ਰਿਹਾ ਸੀ ਅਤੇ ਜਦੋਂ ਉਹ ਫਿਰੋਜ਼ਪੁਰ ਛਾਉਣੀ ਦੀ ਚੁੰਗੀ ਨੰਬਰ 7 ਨੇਜ਼ੇ ਪਹੁੰਚਿਆ ਤਾਂ ਸਿਵਲ ਕੱਪੜਿਆਂ ’ਚ ਲਵਪ੍ਰੀਤ ਨਾਂ ਦੇ ਵਿਅਕਤੀ ਅਤੇ ਇਕ ਪੁਲਸ ਦੀ ਵਰਦੀ ’ਚ ਕਾਂਸਟੇਬਲ ਕੁਲਬੀਰ ਸਿੰਘ ਖੜ੍ਹੇ ਹੋਏ ਸਨ।
ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਆਰ. ਟੀ. ਏ. ਦਾ ਗੰਨਮੈਨ ਹੈ ਅਤੇ ਗੱਡੀ ਦੇ ਕਾਗਜ਼ਾਤ ਦਿਖਾਵੇ ਤਾਂ ਦਸਤਾਵੇਜ਼ ਦਿਖਾਉਣ ਦੇ ਬਾਵਜੂਦ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ ਅਤੇ ਲਵਪ੍ਰੀਤ ਨੇ ਉਸ ਤੋਂ ਜ਼ਬਰਦਸਤੀ 500 ਰੁਪਏ ਲੈ ਲਏ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਨੇ ਖ਼ੁਦ ਨੂੰ ਆਰ. ਟੀ. ਏ. ਦੇ ਗੰਨਮੈਨ ਦੱਸ ਕੇ ਧੋਖੇ ਨਾਲ ਸ਼ਿਕਾਇਤਕਰਤਾ ਤੋਂ 500 ਰੁਪਏ ਲੈ ਕੇ ਧੋਖਾਦੇਹੀ ਕੀਤੀ ਹੈ।