ਮਹਿਲਾ ਟ੍ਰੈਵਲ ਏਜੰਟ ’ਤੇ ਧੋਖਾਧੜੀ ਦਾ ਮਾਮਲਾ ਦਰਜ, ਕੈਨੇਡਾ ਭੇਜਣ ਲਈ ਲੱਖਾਂ ਰੁਪਏ ਹੜੱਪੇ
Thursday, Sep 07, 2023 - 04:18 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਕੈਨੇਡਾ ਭੇਜਣ ਲਈ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਤਵਿੰਦਰ ਕੌਰ ਔਜਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜਪਾਲ ਸਿੰਘ ਵਾਸੀ ਇੰਦਰਾ ਕਾਲੋਨੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੂੰ ਪਤਾ ਲੱਗਾ ਕਿ ਸਤਵਿੰਦਰ ਕੌਰ ਔਜਲਾ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ ਅਤੇ ਉਸਨੇ ਮਾਛੀਵਾੜਾ ਵਿਖੇ ਘਰ ’ਚ ਹੀ ਆਪਣਾ ਦਫ਼ਤਰ ਬਣਾਇਆ ਹੋਇਆ ਹੈ। ਨਵੰਬਰ 2022 ਵਿਚ ਉਹ ਟ੍ਰੈਵਲ ਏਜੰਟ ਸਤਵਿੰਦਰ ਕੌਰ ਦੇ ਘਰ ਗਿਆ ਅਤੇ ਵਿਦੇਸ਼ ਜਾਣ ਬਾਰੇ ਗੱਲਬਾਤ ਕੀਤੀ।
ਉਸ ਨੇ ਦੱਸਿਆ ਕਿ ਉਹ ਕੈਨੇਡਾ ਵਰਕ ਪਰਮਿੱਟ ’ਤੇ ਭੇਜ ਦੇਵੇਗੀ ਅਤੇ 10 ਲੱਖ ਰੁਪਏ ਦਾ ਖ਼ਰਚ ਆਵੇਗਾ। ਮੇਰੇ ਵਲੋਂ ਸਤਵਿੰਦਰ ਕੌਰ ਨੂੰ ਪਾਸਪੋਰਟ ਅਤੇ 80 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਅਤੇ ਉਸ ਨੇ 3 ਮਹੀਨੇ ਵਿਚ ਵੀਜ਼ਾ ਲਗਾਉਣ ਦਾ ਵਾਅਦਾ ਕੀਤਾ। 28 ਜਨਵਰੀ, 2023 ਨੂੰ ਉਹ ਫਿਰ ਮਹਿਲਾ ਏਜੰਟ ਦੇ ਘਰ ਗਿਆ ਅਤੇ ਉਸ ਨੂੰ ਦੱਸਿਆ ਗਿਆ ਕਿ 6-2-2023 ਨੂੰ ਉਸਦੀ ਬਾਇਓਮੈਟ੍ਰਿਕ ਹੋਣੀ ਹੈ, ਜਿਸ ਲਈ ਉਸਨੇ 40 ਹਜ਼ਾਰ ਰੁਪਏ ਹੋਰ ਉਸਦੇ ਖ਼ਾਤੇ ਵਿਚ ਪਾ ਦਿੱਤੇ। ਬਾਇਓਮੈਟ੍ਰਿਕ ਕਰਵਾਉਣ ਲਈ ਜਦੋਂ ਉਹ ਦਸਤਾਵੇਜ਼ ਲੈਣ ਲਈ ਏਜੰਟ ਦੇ ਘਰ ਗਿਆ ਤਾਂ ਉਸਨੇ ਕਿਹਾ ਕਿ ਆਧਾਰ ਕਾਰਡ ਨਾਲ ਹੀ ਤੁਹਾਡੀ ਬਾਇਓਮੈਟ੍ਰਿਕ ਹੋ ਗਈ ਹੈ ਅਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਉਸਨੇ ਇਹ ਵੀ ਕਿਹਾ ਕਿ ਕੁੱਝ ਹੀ ਦਿਨਾਂ ’ਚ ਤੁਹਾਡਾ ਟਿਕਟ ਤੇ ਪਾਸਪੋਰਟ ਵੀ ਆ ਜਾਵੇਗਾ।
ਫਿਰ ਕੁੱਝ ਦਿਨ ਬਾਅਦ ਟ੍ਰੈਵਲ ਏਜੰਟ ਮਹਿਲਾ ਨੇ ਉਸ ਨੂੰ ਦਿੱਲੀ ਤੋਂ ਵੈਨਕੂਵਰ ਦੀ ਟਿਕਟ ਦੇ ਕੇ ਕਿਹਾ ਕਿ ਜਲਦੀ ਹੀ ਉਸਦਾ ਕੈਨੇਡਾ ਲੱਗਿਆ ਵੀਜ਼ਾ ਪਾਸਪੋਰਟ ਵੀ ਆ ਜਾਵੇਗਾ ਅਤੇ ਉਸਨੇ 25 ਹਜ਼ਾਰ ਰੁਪਏ ਹੋਰ ਇਸ ਨੂੰ ਦੇ ਦਿੱਤੇ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਸ ਦਾ ਪਾਸਪੋਰਟ ਆਇਆ ਤਾਂ ਉਸਨੇ ਦੇਖਿਆ ਕਿ ਉਸ ਉੱਪਰ ਕੈਨੇਡਾ ਦਾ ਕੋਈ ਵੀਜ਼ਾ ਨਹੀਂ ਲੱਗਿਆ ਸੀ ਅਤੇ ਜੋ ਉਸਨੇ ਟਿਕਟ ਦਿੱਤੀ ਸੀ, ਉਸਦੀ ਜਾਂਚ ਕਰਵਾਈ ਤਾਂ ਉਹ ਜਾਅਲੀ ਨਿਕਲੀ। ਸ਼ਿਕਾਇਤਕਰਤਾ ਅਨੁਸਾਰ ਉਸਨੂੰ ਜਦੋਂ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਉਸਨੇ ਮਹਿਲਾ ਏਜੰਟ ਨੂੰ ਪੈਸੇ ਵਾਪਸ ਦੇਣ ਲਈ ਕਿਹਾ ਜਿਸ ’ਤੇ ਉਸਨੇ ਉਸਨੂੰ 2 ਚੈੱਕ ਵਾਪਸ ਦੇ ਦਿੱਤੇ ਅਤੇ ਬਾਕੀ ਪੈਸੇ ਜਲਦ ਵਾਪਸ ਕਰਨ ਦਾ ਵਾਅਦਾ ਕੀਤਾ। ਜਦੋਂ ਬੈਂਕ ਵਿਚ ਚੈੱਕ ਲਗਾਏ ਤਾਂ ਉਹ ਬਾਊਂਸ ਹੋ ਗਏ ਅਤੇ ਮਹਿਲਾ ਟ੍ਰੈਵਲ ਏਜੰਟ ਦੇ ਘਰ ਜਾਣ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।
ਸ਼ਿਕਾਇਤਕਰਤਾ ਅਨੁਸਾਰ ਅਜਿਹੀ ਧੋਖਾਧੜੀ ਮਹਿਲਾ ਟ੍ਰੈਵਲ ਏਜੰਟ ਨੇ ਦਪਿੰਦਰਦੀਪ ਸਿੰਘ, ਹਰਮੀਤ ਕੌਰ ਵਾਸੀ ਜੋਗਿਆਨਾ ਕਾਲੋਨੀ, ਪਠਾਨਕੋਟ ਨਾਲ ਵੀ ਕੀਤੀ। ਸ਼ਿਕਾਇਤਕਰਤਾ ਰਾਜਪਾਲ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਡੀ. ਐੱਸ. ਪੀ. ਸਮਰਾਲਾ ਨੂੰ ਦਿੱਤੀ ਸੀ, ਜਿਸ ’ਤੇ ਮਹਿਲਾ ਏਜੰਟ ਸਤਵਿੰਦਰ ਕੌਰ ਨੇ ਲਿਖਤ ਹਲਫ਼ੀਆ ਬਿਆਨ ਦਿੱਤਾ ਸੀ ਕਿ ਉਹ 18-6-2023 ਤੱਕ ਸਭ ਦੇ ਪੈਸੇ ਵਾਪਸ ਕਰ ਦੇਵੇਗੀ ਪਰ ਉਸਨੇ ਅਜਿਹਾ ਨਾ ਕੀਤਾ। ਸ਼ਿਕਾਇਤਕਰਤਾ ਨੇ ਕਿਹਾ ਕਿ ਟ੍ਰੈਵਲ ਏਜੰਟ ਸਤਵਿੰਦਰ ਕੌਰ ਖ਼ਿਲਾਫ਼ ਕੋਈ ਵੀ ਲਾਇਸੈਂਸ ਵੀ ਨਹੀਂ ਅਤੇ ਇਸ ਨਾਲ ਧੋਖਾਧੜੀ ਕੀਤੀ। ਪੁਲਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਉਪਰੰਤ ਮਾਛੀਵਾੜਾ ਪੁਲਸ ਨੂੰ ਨਿਰਦੇਸ਼ ਦਿੱਤੇ ਕਿ ਸਤਵਿੰਦਰ ਕੌਰ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਮਹਿਲਾ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਲੋਕਾਂ ਨੇ ਲਗਾਇਆ ਸੀ ਧਰਨਾ
ਵਿਦੇਸ਼ ਭੇਜਣ ਲਈ ਠੱਗੀ ਦਾ ਸ਼ਿਕਾਰ ਹੋਏ ਕਈ ਲੋਕਾਂ ਵਲੋਂ ਮਹਿਲਾ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਧਰਨਾ ਵੀ ਲਗਾਇਆ ਸੀ ਅਤੇ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਸੀ ਕਿ ਪੁਲਸ ਉਨ੍ਹਾਂ ਨੂੰ ਇਨਸਾਫ਼ ਦਿਵਾਏ। ਧਰਨੇ ਤੋਂ ਬਾਅਦ ਇਹ ਮਾਮਲਾ ਪੁਲਸ ਜ਼ਿਲ੍ਹਾ ਖੰਨਾ ਐੱਸ. ਐੱਸ. ਪੀ. ਦੇ ਧਿਆਨ ਵਿਚ ਆਇਆ ਅਤੇ ਅਧਿਕਾਰੀਆਂ ਦੇ ਨਿਰਦੇਸ਼ ਤੋਂ ਬਾਅਦ ਹੁਣ ਇਹ ਮਾਮਲਾ ਦਰਜ ਕਰ ਲਿਆ ਹੈ।