ਕੈਨੇਡਾ ਬੈਠੇ ਪ੍ਰਾਪਰਟੀ ਕਾਰੋਬਾਰੀ ’ਤੇ ਧੋਖਾਧੜੀ ਦਾ ਤੀਜਾ ਮਾਮਲਾ ਦਰਜ

Monday, Apr 24, 2023 - 01:49 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਪ੍ਰਾਪਰਟੀ ਕਾਰੋਬਾਰੀ ਰਹੇ ਅਤੇ ਹੁਣ ਕੈਨੇਡਾ ’ਚ ਰਹਿ ਰਹੇ ਹਰਮਿੰਦਰ ਸਿੰਘ ਵਾਸੀ ਹੰਬੋਵਾਲ ਹਾਲ ਵਾਸੀ ਗੁਰੂ ਕਾਲੋਨੀ ’ਤੇ ਆਪਣੇ ਡਰਾਈਵਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ ਕਥਿਤ ਦੋਸ਼ੀ 'ਤੇ ਇਸ ਤੋਂ ਪਹਿਲਾਂ ਧੋਖਾਧੜੀ ਦੇ ਪਿਛਲੇ ਕੁੱਝ ਮਹੀਨਿਆਂ ਅੰਦਰ 2 ਮਾਮਲੇ ਪਹਿਲਾਂ ਦਰਜ ਹੋ ਚੁੱਕੇ ਹਨ। ਅਕਾਲਗੜ੍ਹ ਦੇ ਵਾਸੀ ਚਰਨਜੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪੁੱਤਰ ਗੁਰਜੀਤ ਸਿੰਘ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਕੋਲ ਡਰਾਈਵਰੀ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਹਰਮਿੰਦਰ ਸਿੰਘ ਨੇ ਉਸ ਦੇ ਪੁੱਤਰ ਨੂੰ ਦੱਸਿਆ ਕਿ ਉਸਦੀ ਪਤਨੀ, ਬੱਚੇ ਅਤੇ ਸਾਲੀ ਪਰਿਵਾਰ ਨਾਲ ਪੱਕੇ ਤੌਰ ’ਤੇ ਕੈਨੇਡਾ ਰਿਹਾਇਸ਼ੀ ਮਕਾਨ ’ਚ ਰਹਿ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਕੈਨੇਡਾ ਭੇਜ ਕੇ ਉੱਥੇ ਰੁਜ਼ਗਾਰ ਦਿਵਾਇਆ ਹੈ। ਉਸ ਨੇ ਮੇਰੇ ਪੁੱਤਰ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਕੈਨੇਡਾ ਭੇਜ ਦੇਵੇਗਾ ਅਤੇ ਆਪਣੇ ਹੀ ਮਕਾਨ ਦੀ ਬੇਸਮੈਂਟ 'ਚ ਰੱਖ ਲਵੇਗਾ ਪਰ ਉਸ ਨੂੰ ਲਿਜਾਣ ਲਈ 28 ਲੱਖ ਰੁਪਏ ਦਾ ਖ਼ਰਚ ਆਵੇਗਾ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਦੇ ਪਿਤਾ ਰਜਿੰਦਰ ਸਿੰਘ ਨਾਲ ਵੀ ਗੱਲ ਕੀਤੀ ਕਿ ਉਹ ਉਸਦੇ ਪੁੱਤਰ ਗੁਰਜੀਤ ਸਿੰਘ ਨੂੰ ਵਿਦੇਸ਼ ਭੇਜ ਦੇਣਗੇ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਜ਼ਰੂਰ ਭੇਜਣਾ ਚਾਹੀਦਾ ਹੈ।

ਸਾਰੇ ਪਰਿਵਾਰ ਵਲੋਂ ਭਰੋਸਾ ਦੇਣ ਤੋਂ ਬਾਅਦ ਮੈਂ ਆਪਣੇ ਪੁੱਤਰ ਦੇ ਪਾਸਪੋਰਟ, ਫੋਟੋਆਂ, ਸਕੂਲ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ 7 ਲੱਖ ਰੁਪਏ ਪੇਸ਼ਗੀ ਵਜੋਂ ਦੇ ਦਿੱਤੇ। ਇਸ ਤੋਂ ਇਲਾਵਾ ਗੁਰਜੀਤ ਸਿੰਘ ਦੀ ਜਾਇਦਾਦ, ਸਲਾਨਾ ਆਮਦਨ ਸਰਟੀਫਿਕੇਟ ਅਤੇ ਸੀ. ਏ. ਦੀ ਰਿਪੋਰਟ ’ਤੇ 12 ਹਜ਼ਾਰ ਰੁਪਏ ਖ਼ਰਚ ਕੇ ਹਰਮਿੰਦਰ ਸਿੰਘ ਨੂੰ ਸੌਂਪ ਦਿੱਤੇ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਤੇ ਉਸਦਾ ਪਿਤਾ ਰਜਿੰਦਰ ਸਿੰਘ ਨੂੰ ਵੱਖ-ਵੱਖ ਮਿਤੀਆਂ ਰਾਹੀਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 16 ਲੱਖ ਰੁਪਏ ਕੁੱਲ ਦੇ ਦਿੱਤੇ ਪਰ ਉਨ੍ਹਾਂ ਨੇ ਗੁਰਜੀਤ ਸਿੰਘ ਨੂੰ ਕੈਨੇਡਾ ਨਾ ਭੇਜਿਆ। ਚਰਨਜੀਤ ਸਿੰਘ ਅਨੁਸਾਰ ਜਦੋਂ ਵੀ ਉਹ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਨੂੰ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਕਹਿੰਦੇ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਜਦੋਂ ਉਨ੍ਹਾਂ ਵਲੋਂ ਅਖ਼ੀਰ ਵਿਚ ਆਪਣੀ ਰਕਮ ਵਾਪਸ ਮੰਗੀ ਤਾਂ ਜਿਹੜਾ ਖ਼ਾਤਾ ਉਨ੍ਹਾਂ ਨੇ ਦਿੱਤਾ, ਉਸ 'ਚ ਪੈਸੇ ਨਹੀਂ ਸਨ। ਫਿਰ ਹਰਮਿੰਦਰ ਸਿੰਘ ਨੇ ਸਾਨੂੰ 13 ਲੱਖ 26 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ ਅਤੇ ਕਿਹਾ ਕਿ 15 ਦਿਨ ਬਾਅਦ ਤੁਹਾਨੂੰ ਪੈਸੇ ਦੇ ਦੇਵਾਂਗਾ ਜਾਂ ਤੁਸੀ ਚੈੱਕ ਕੈਸ਼ ਕਰਵਾ ਲਓ ਅਤੇ ਜਦੋਂ ਅਸੀਂ ਬੈਂਕ ਗਏ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਇਸ ਖ਼ਾਤੇ ਵਿਚ ਵੀ ਕੋਈ ਰਕਮ ਨਹੀਂ ਸੀ।

ਫਿਰ ਜਦੋਂ ਅਸੀਂ ਵਾਪਸ ਹਰਮਿੰਦਰ ਸਿੰਘ ਦੇ ਪਿਤਾ ਰਜਿੰਦਰ ਸਿੰਘ ਕੋਲ ਗਏ ਤਾਂ ਉਨ੍ਹਾਂ ਸਾਨੂੰ 3 ਲੱਖ ਰੁਪਏ ਚੈੱਕ ਰਾਹੀਂ ਵਾਪਸ ਕਰ ਦਿੱਤੇ ਅਤੇ ਕਿਹਾ ਕਿ ਜਲਦ ਬਾਕੀ ਪੈਸੇ ਵਾਪਸ ਕਰ ਦੇਵਾਂਗਾ। ਸ਼ਿਕਾਇਤਕਰਤਾ ਅਨੁਸਾਰ ਉਸਨੂੰ ਪਤਾ ਲੱਗਾ ਕਿ ਹਰਮਿੰਦਰ ਸਿੰਘ ਕੈਨੇਡਾ ਚਲਾ ਗਿਆ ਅਤੇ ਉਸਦਾ ਪਿਤਾ ਰਜਿੰਦਰ ਸਿੰਘ ਵੀ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਸ ਕਰਕੇ ਇਨ੍ਹਾਂ ਖ਼ਿਲਾਫ਼ ਮੇਰੇ ਨਾਲ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਮਾਮਲਾ ਦਰਜ ਕੀਤਾ ਜਾਵੇ। ਪੁਲਸ ਅਧਿਕਾਰੀਆਂ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਪਾਇਆ ਗਿਆ ਕਿ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਗੁਰਜੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਉਸਦੇ ਪਿਤਾ ਚਰਨਜੀਤ ਸਿੰਘ ਨਾਲ 16 ਲੱਖ ਰੁਪਏ ਦੀ ਧੋਖਾਧੜੀ ਕੀਤੀ ਜਿਸ ’ਤੇ ਮਾਛੀਵਾੜਾ ਪੁਲਸ ਨੇ ਉਕਤ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਮਾਛੀਵਾੜਾ ਥਾਣਾ ਦੇ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਇਸ ਮਾਮਲੇ ਦਾ ਇੱਕ ਕਥਿਤ ਦੋਸ਼ੀ ਹਰਮਿੰਦਰ ਸਿੰਘ ਪਹਿਲਾਂ ਹੀ ਵਿਦੇਸ਼ ਜਾ ਚੁੱਕਾ ਹੈ, ਜਦਕਿ ਉਸਦੇ ਪਿਤਾ ਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਨਾ ਜਾਵੇ ਇਸ ਸਬੰਧੀ ਕਾਨੂੰਨੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ।

ਪ੍ਰਾਪਰਟੀ ਕਾਰੋਬਾਰੀ ਨੇ ਡਰਾਈਲਰ ਦੇ ਨਾਮ ’ਤੇ ਅਸ਼ਟਾਮ ਲੈ ਕੇ ਕਰੋੜਾਂ ਰੁਪਏ ਦੀ ਜ਼ਮੀਨ ਦਾ ਕੀਤਾ ਸੌਦਾ

ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਜੀਤ ਸਿੰਘ ਜੋ ਕਿ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਕੋਲ ਡਰਾਈਵਰੀ ਕਰਦਾ ਸੀ ਅਤੇ 09-01-2023 ਨੂੰ ਉਨ੍ਹਾਂ ਨੂੰ ਡੀ. ਐੱਸ. ਪੀ. ਸਮਰਾਲਾ ਤੋਂ ਫੋਨ ਆਇਆ ਕਿ ਇੱਥੇ ਪੇਸ਼ ਹੋਵੇ ਤੁਹਾਡੇ ਨਾਮ ’ਤੇ ਇੱਕ ਸ਼ਿਕਾਇਤ ਆਈ ਹੈ। ਡੀ. ਐੱਸ. ਪੀ. ਦਫ਼ਤਰ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮ ਰਤਨ ਵਾਸੀ ਖਰੜ ਨੇ ਪੁਲਸ ਨੂੰ ਇੱਕ ਸ਼ਿਕਾਇਤ ਦਿੱਤੀ ਹੋਈ ਹੈ ਜਿਸ ਵਿਚ ਹਰਮਿੰਦਰ ਸਿੰਘ, ਉਸਦੇ ਪਿਤਾ ਰਜਿੰਦਰ ਸਿੰਘ ਤੇ ਮੇਰੇ ਪੁੱਤਰ ਗੁਰਜੀਤ ਸਿੰਘ ਨੂੰ ਦੋਸ਼ੀ ਸ਼ਾਮਲ ਕੀਤਾ ਹੋਇਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਇੱਕ ਜ਼ਮੀਨ ਦਾ ਸੌਦਾ ਰਾਮ ਰਤਨ ਨਾਲ ਕੀਤਾ ਹੈ, ਜਿਸ ਪਾਸੋਂ ਰਕਮ ਵੀ ਵਸੂਲੀ ਹੈ ਪਰ ਇਸ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਹਰਮਿੰਦਰ ਸਿੰਘ ਨੇ ਮੇਰੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਸਮਰਾਲਾ ਤੋਂ ਅਸ਼ਟਾਮ ਪੇਪਰ ਵੀ ਲਏ ਸਨ ਅਤੇ ਕਿਹਾ ਸੀ ਕਿ ਵੀਜ਼ਾ ਫਾਈਲ ’ਚ ਵਰਕ ਐਗਰੀਮੈਂਟ ਵਜੋਂ ਦਿਖਾਉਣੇ ਹਨ, ਸਗੋਂ ਉਲਟਾ ਇਨ੍ਹਾਂ ਅਸ਼ਟਾਮ ਪੇਪਰਾਂ ਦੀ ਦੁਰਵਰਤੋ ਕਰ ਜ਼ਮੀਨ ਦਾ ਸੌਦਾ ਕਰ ਲਿਆ, ਇੱਥੋਂ ਤੱਕ ਕਿ ਮੇਰੇ ਪੁੱਤਰ ਗੁਰਜੀਤ ਸਿੰਘ ਦੇ ਗਵਾਹ ਵਜੋਂ ਜਾਅਲੀ ਦਸਤਖ਼ਤ ਵੀ ਕਰ ਦਿੱਤੇ।

ਚਰਨਜੀਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਮੇਰੇ ਪੁੱਤਰ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ ਉਸਦੇ ਖ਼ਾਤੇ ’ਚ ਲੱਖਾਂ ਰੁਪਏ ਦੀ ਐਂਟਰੀ ਦਿਖਾਉਣੀ ਪਵੇਗੀ ਅਤੇ ਉਸਨੇ ਕਿਸੇ ਦੇ ਖ਼ਾਤੇ ’ਚੋਂ 13 ਲੱਖ ਅਤੇ 4.50 ਲੱਖ ਰੁਪਏ ਦੀ ਐਂਟਰੀ ਪਵਾਈ ਜੋ ਕਿ ਉਸ ਨੇ ਕੁੱਝ ਰਕਮ ਨਕਦ ਕਢਵਾ ਕੇ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੂੰ ਦੇ ਦਿੱਤੀ ਅਤੇ ਇੱਕ 4 ਲੱਖ ਰੁਪਏ ਦੀ ਐਂਟਰੀ ਮਾਛੀਵਾੜਾ ਦੇ ਇੱਕ ਹੋਰ ਪ੍ਰਾਪਰਟੀ ਕਾਰੋਬਾਰੀ ਦੇ ਖ਼ਾਤੇ ਵਿਚ ਪਵਾ ਦਿੱਤੀ। ਬਾਅਦ ਵਿਚ ਡੀ. ਐੱਸ. ਪੀ. ਦਫ਼ਤਰ ਜਾ ਕੇ ਪਤਾ ਲੱਗਾ ਕਿ ਇਹ 17.50 ਲੱਖ ਰੁਪਏ ਰਾਮ ਰਤਨ ਨੇ ਹਰਮਿੰਦਰ ਸਿੰਘ ਨਾਲ ਕੀਤੇ ਇੱਕ ਜ਼ਮੀਨ ਦੇ ਸੌਦੇ ਸਬੰਧੀ ਉਸ ਦੇ ਪੁੱਤਰ ਦੇ ਖ਼ਾਤੇ ’ਚ ਪਵਾਈ ਸੀ, ਜਦਕਿ ਉਹ ਤਾਂ ਰਾਮ ਰਤਨ ਨੂੰ ਜਾਣਦਾ ਵੀ ਨਹੀਂ। ਚਰਨਜੀਤ ਸਿੰਘ ਅਨੁਸਾਰ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਉਸਦੇ ਪੁੱਤਰ ਗੁਰਜੀਤ ਸਿੰਘ ਦੇ ਨਾਮ ’ਤੇ ਲਏ ਅਸ਼ਟਾਮ ਪੇਪਰਾਂ ਦੀ ਵੀ ਦੁਰਵਰਤੋ ਕੀਤੀ ਅਤੇ ਧੋਖੇ ਨਾਲ ਉਸਦੇ ਪੁੱਤਰ ਦੇ ਖ਼ਾਤੇ ’ਚ ਪੈਸੇ ਪਵਾ ਕੇ ਕਢਵਾ ਲਏ।
 


Babita

Content Editor

Related News