ਸਰਕਾਰੀ ਨੌਕਰੀ ਲਵਾਉਣ ਦਾ ਝਾਂਸਾ, 70 ਲੱਖ ਦੀ ਧੋਖਾਦੇਹੀ
Sunday, Oct 09, 2022 - 10:55 AM (IST)
ਖਰੜ (ਜ. ਬ.) : ਖਰੜ ਸਦਰ ਪੁਲਸ ਨੇ ਨਿਰਵਾਣਾ (ਹਰਿਆਣਾ) ਦੇ ਵਸਨੀਕ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ 32 ਵਿਅਕਤੀਆਂ ਨੂੰ ਪੰਜਾਬ ਵਿਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 70 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਅਧੀਨ ਵਿਜੇ ਕੁਮਾਰ, ਸੁਖਬੀਰ ਕੌਰ, ਅਰਸ਼ਦੀਪ, ਸਤੀਸ਼ ਕੁਮਾਰ ਅਤੇ ਪ੍ਰਭਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਅਤੇ ਮੁਲਜ਼ਮ ਸਤੀਸ਼ ਕੁਮਾਰ ਇਕੋ ਪਿੰਡ ਦੇ ਨਿਵਾਸੀ ਹਨ।
ਸ਼ਿਕਾਇਤਕਰਤਾ ਅਨੁਸਾਰ ਉਸ ਦੀ ਸੁਖਬੀਰ ਕੌਰ ਅਤੇ ਵਿਜੇ ਕੁਮਾਰ ਨਾਲ ਮੀਟਿੰਗ ਹੋਈ, ਜਿਸ ਵਿਚ ਉਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਕੋਟੇ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਉਹ ਨੌਕਰੀ ਲਗਵਾ ਦੇਣਗੇ। ਫਿਰ ਉਹ ਇਕ ਮੁਲਜ਼ਮ ਦੇ ਘਰ ਪਿੰਡ ਝੰਜੇੜੀ ਚਲੇ ਗਏ, ਜਿਥੇ ਉਸ ਨੇ ਦਸਤਾਵੇਜ਼ ਲੈ ਲਏ ਅਤੇ ਪੈਸਿਆਂ ਦੀ ਮੰਗ ਕੀਤੀ। ਸ਼ਿਕਾਇਤਕਰਤਾ ਸਮੇਤ ਕੁੱਲ 32 ਵਿਅਕਤੀਆਂ ਨੇ 70 ਲੱਖ ਰੁਪਏ ਮੁਲਜ਼ਮਾਂ ਨੂੰ ਦੇ ਦਿੱਤੇ ਪਰ ਉਨ੍ਹਾਂ ਦੀ ਨੌਕਰੀ ਨਹੀਂ ਲਵਾਈ ਗਈ। ਇਸ ਤਰ੍ਹਾਂ ਉਕਤ ਮੁਲਜ਼ਮਾਂ ਨੇ ਸਰਕਾਰੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 70 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।