ਸੋਲਰ ਪਲਾਂਟ ਲਾਉਣ ਦੇ ਨਾਂ ’ਤੇ 1 ਲੱਖ 90 ਹਜ਼ਾਰ ਦੀ ਠੱਗੀ

Wednesday, Mar 23, 2022 - 02:18 PM (IST)

ਚੰਡੀਗੜ੍ਹ (ਸੁਸ਼ੀਲ) : ਸੋਲਰ ਪਲਾਂਟ ਲਾਉਣ ਦੇ ਨਾਂ ’ਤੇ ਇਕ ਲੱਖ 90 ਹਜ਼ਾਰ ਦੀ ਠੱਗੀ ਕਰਨ ’ਤੇ ਮੋਹਾਲੀ ਫੇਜ਼-9 ਸਥਿਤ ਮਹਿਰਾ ਇੰਪਨੇਲਡ ਵੈਂਡਰ ਦੇ ਅਰੁਣ ਕੁਮਾਰ ਉੱਪਲ ’ਤੇ ਐੱਫ. ਆਈ. ਦਰਜ ਹੋਈ ਹੈ। ਅਰੁਣ ਕੁਮਾਰ ਨੇ ਰੁਪਏ ਲੈਣ ਤੋਂ ਬਾਅਦ ਫੋਨ ਚੁੱਕਣੇ ਬੰਦ ਕਰ ਦਿੱਤੇ ਅਤੇ ਸੋਲਰ ਪਲਾਂਟ ਵੀ ਇੰਸਟਾਲ ਨਹੀਂ ਕੀਤਾ। ਸੈਕਟਰ-10 ਨਿਵਾਸੀ ਡੇਜ਼ੀ ਵਰਮਾ ਅਤੇ ਪੁਨੀਤ ਵਰਮਾ ਦੀ ਸ਼ਿਕਾਇਤ ’ਤੇ ਪੁਲਸ ਨੇ ਇਹ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਸੈਕਟਰ-10 ਨਿਵਾਸੀ ਡੇਜੀ ਵਰਮਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੇ 2019 ਵਿਚ ਘਰ ਦੀ ਛੱਤ ’ਤੇ ਸੋਲਰ ਪਲਾਂਟ ਲਾਉਣ ਲਈ ਮੋਹਾਲੀ ਫੇਜ਼-9 ਇੰਡਸਟਰੀਅਲ ਏਰੀਆ ਸਥਿਤ ਮਹਿਰਾ ਇੰਪਨੇਲਡ ਵੈਂਡਰ ਦੇ ਅਰੁਣ ਕੁਮਾਰ ਉੱਪਲ ਨਾਲ ਸੰਪਰਕ ਕੀਤਾ ਸੀ। ਅਰੁਣ ਕੁਮਾਰ ਉੱਪਲ ਉਨ੍ਹਾਂ ਦੇ ਘਰ ਆ ਕੇ ਪਲਾਂਟ ਲਾਉਣ ਸਬੰਧੀ ਪੂਰੀ ਜਾਣਕਾਰੀ ਦੇ ਕੇ ਗਿਆ ਸੀ। ਇਸਦੇ ਨਾਲ ਉਨ੍ਹਾਂ ਦੇ ਜਾਣਕਾਰ ਪੁਨੀਤ ਕੁਮਾਰ ਨੇ ਵੀ ਸੋਲਰ ਪਲਾਂਟ ਲਾਉਣਾ ਸੀ।

17 ਜੂਨ 2019 ਨੂੰ ਸੋਲਰ ਪਲਾਂਟ ਲਾਉਣ ਲਈ ਦੋਵਾਂ ਨੇ ਮਿਲ ਕੇ ਅਰੁਣ ਕੁਮਾਰ ਨੂੰ ਇਕ ਲੱਖ 90 ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਅਰੁਣ ਕੁਮਾਰ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਉਸ ਦੇ ਦਫ਼ਤਰ ਜਾ ਕੇ ਮਿਲੇ ਤਾਂ ਕਹਿਣ ਲੱਗਾ ਕਿ ਛੇਤੀ ਹੀ ਸੋਲਰ ਪਲਾਂਟ ਇੰਸਟਾਲ ਕਰ ਦਿੱਤਾ ਜਾਵੇਗਾ। ਅਰੁਣ ਕੁਮਾਰ ਨੇ ਸੋਲਰ ਪਲਾਂਟ ਇੰਸਟਾਲ ਨਾ ਕੀਤਾ ਤਾਂ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਸੈਕਟਰ-3 ਥਾਣਾ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਉਕਤ ਕੰਪਨੀ ਅਤੇ ਅਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
 


Babita

Content Editor

Related News