ਦਿਹਾੜੀਦਾਰਾਂ ਨੂੰ ਵੀ ਪੁਨਰਵਾਸ ਯੋਜਨਾ ਦੇ ਘਰ ਅਲਾਟ ਕਰਵਾਉਣ ਬਦਲੇ ਠੱਗ ਚੁੱਕੀ ਹੈ ਮਨਜੀਤ ਕੌਰ

Saturday, Jul 31, 2021 - 01:53 PM (IST)

ਦਿਹਾੜੀਦਾਰਾਂ ਨੂੰ ਵੀ ਪੁਨਰਵਾਸ ਯੋਜਨਾ ਦੇ ਘਰ ਅਲਾਟ ਕਰਵਾਉਣ ਬਦਲੇ ਠੱਗ ਚੁੱਕੀ ਹੈ ਮਨਜੀਤ ਕੌਰ

ਚੰਡੀਗੜ੍ਹ (ਹਾਂਡਾ) : ਲੇਡੀ ਨਟਵਰ ਲਾਲ ਬਣੀ ਮਨਜੀਤ ਕੌਰ ਦੀ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਹਰ ਵਰਗ ਦੇ ਲੋਕ ਸ਼ਾਮਲ ਹਨ। ਮਨਜੀਤ ਕੌਰ ਨੇ ਸਿਰਫ ਵੱਡੀਆਂ ਮੱਛੀਆਂ ਹੀ ਜਾਲ ਵਿਚ ਨਹੀਂ ਫਸਾਈਆਂ, ਸਗੋਂ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਨਹੀਂ ਬਖਸ਼ਿਆ, ਜਿਨ੍ਹਾਂ ਨੂੰ ਪੁਨਰਵਾਸ ਯੋਜਨਾ ਤਹਿਤ ਘਰ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਵੀ ਠੱਗੀ ਕੀਤੀ ਹੈ। ਕਾਲੋਨੀ ਨੰਬਰ-4 ਦੇ 2 ਦਿਹਾੜੀਦਾਰਾਂ ਨੇ ਇਸ ਸਬੰਧੀ ਸ਼ੁੱਕਰਵਾਰ ਪੁਲਸ ਮੁੱਖ ਦਫ਼ਤਰ ਦੀ ਪਬਲਿਕ ਵਿੰਡੋ ’ਤੇ ਮਨਜੀਤ ਕੌਰ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇਣ ਵਾਲਿਆਂ ਵਿਚ ਅਨਿਲ ਕੁਮਾਰ ਅਤੇ ਧਰਮਿੰਦਰ ਯਾਦਵ ਸ਼ਾਮਲ ਹਨ।

ਧਰਮਿੰਦਰ ਯਾਦਵ ਨੇ ਦੱਸਿਆ ਕਿ ਉਹ ਕਾਲੋਨੀ ਨੰਬਰ-4 ਵਿਚ ਰਹਿੰਦਾ ਹੈ, ਜਿੱਥੇ ਰਹਿਣ ਵਾਲੇ ਇਕ ਹੋਰ ਵਿਅਕਤੀ ਨੇ ਉਸ ਨੂੰ ਮਨਜੀਤ ਕੌਰ ਨਾਲ ਮਿਲਵਾਇਆ ਸੀ ਅਤੇ ਦੱਸਿਆ ਸੀ ਕਿ ਉਹ ਪੁਨਰਵਾਸ ਯੋਜਨਾ ਤਹਿਤ ਹਾਊਸਿੰਗ ਬੋਰਡ ਵੱਲੋਂ ਬਣਾਏ ਘਰ ਅਲਾਟ ਕਰਵਾ ਸਕਦੀ ਹੈ। ਮਨਜੀਤ ਕੌਰ ਨੇ ਉਨ੍ਹਾਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਰੀਅਲਾਟਮੈਂਟ ਕਮੇਟੀ ਦਾ ਪਛਾਣ ਪੱਤਰ ਵਿਖਾਇਆ ਅਤੇ ਦੱਸਿਆ ਕਿ ਉਹ ਮੌਲੀਜਾਂਗਰਾ ਦੇ ਸੁੰਦਰ ਨਗਰ ਅਤੇ ਮਲੋਆ ਦੀ ਪੁਨਰਵਾਸ ਕਾਲੋਨੀ ਵਿਚ ਉਨ੍ਹਾਂ ਨੂੰ ਘਰ ਜਾਂ ਬੂਥ ਦਿਵਾ ਸਕਦੀ ਹੈ।
ਪਤਨੀ ਦੇ ਗਹਿਣੇ ਵੇਚ ਕੇ ਇਕੱਠੇ ਕੀਤੇ ਸਨ ਪੈਸੇ
ਅਨਿਲ ਨੂੰ ਮਨਜੀਤ ਕੌਰ ਨੇ ਮੌਲੀਜਾਗਰਾਂ ਸੁੰਦਰ ਨਗਰ ਵਿਚ 88 ਨੰਬਰ ਘਰ ਵਿਖਾਇਆ, ਜੋ ਬੰਦ ਪਿਆ ਸੀ। ਮਨਜੀਤ ਕੌਰ ਨੇ ਉਕਤ ਘਰ ਅਲਾਟ ਕਰਵਾਉਣ ਦੇ ਬਦਲੇ ਅਨਿਲ ਨਾਲ ਢਾਈ ਲੱਖ ਰੁਪਏ ਵਿਚ ਸੌਦਾ ਤੈਅ ਕੀਤਾ। ਉਸ ਨੇ 8 ਮਾਰਚ 2020 ਨੂੰ ਉਸ ਨੂੰ 1.80 ਲੱਖ ਨਕਦ ਦਿੱਤੇ, ਜੋ ਕਿ ਉਸ ਨੇ ਪਤਨੀ ਦੇ ਗਹਿਣੇ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਇਕੱਠੇ ਕੀਤੇ ਸਨ। 15 ਦਿਨਾਂ ਅੰਦਰ 88 ਨੰਬਰ ਯੂਨਿਟ ਅਨਿਲ ਦੇ ਨਾਂ ਅਲਾਟ ਕਰਵਾਉਣ ਦਾ ਭਰੋਸਾ ਦੇ ਕੇ ਮਨਜੀਤ ਕੌਰ ਨੇ ਗਰੀਬ ਦਿਹਾੜੀਦਾਰ ਨੂੰ ਖ਼ੁਦ ਦੇ ਘਰ ਦੇ ਸੁਫ਼ਨੇ ਦਿਖਾਏ ਸਨ, ਜੋ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਹੀ ਚਕਨਾਚੂਰ ਹੋ ਗਏ।
ਗਹਿਣੇ ਅਤੇ ਮੋਟਰਸਾਈਕਲ ਵੇਚ ਕੇ ਪੈਸਿਆਂ ਦਾ ਜੁਗਾੜ ਕੀਤਾ ਸੀ
ਦੂਜਾ ਸ਼ਿਕਾਰ ਬਣਿਆ ਧਰਮਿੰਦਰ ਵੀ ਕਿਸੇ ਤੀਜੇ ਵਿਅਕਤੀ ਦੇ ਕਹਿਣ ’ਤੇ ਮਨਜੀਤ ਕੌਰ ਨੂੰ ਮਿਲਿਆ ਸੀ, ਜੋ ਕਿ ਕਾਲੋਨੀ ਨੰਬਰ 4 ਵਿਚ ਹੀ ਰਹਿੰਦਾ ਹੈ। ਧਰਮਿੰਦਰ ਨੂੰ ਮਨਜੀਤ ਕੌਰ ਨੇ ਮਲੋਆ ਦੇ ਇਕ ਕਮਰੇ ਵਾਲੇ ਪੁਨਰਵਾਸ ਫਲੈਟ ਅਤੇ ਉੱਥੇ ਕਮਰਸ਼ੀਅਲ ਬੂਥ ਅਲਾਟ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੇ ਧਰਮਿੰਦਰ ਨੂੰ ਬੂਥ ਨੰਬਰ 6 ਵਿਖਾਇਆ ਅਤੇ 2506 ਨੰਬਰ ਦਾ ਫਲੈਟ ਵਿਖਾਇਆ, ਜੋ ਕਿ ਖਾਲ੍ਹੀ ਸੀ। ਧਰਮਿੰਦਰ ਨੇ ਬੂਥ ਅਤੇ ਫਲੈਟ ਦੀ ਅਲਾਟਮੈਂਟ ਦੇ ਬਦਲੇ ਸਾਢੇ 3 ਲੱਖ ਰੁਪਏ ਮਨਜੀਤ ਕੌਰ ਨੂੰ ਦੇਣੇ ਸਨ। ਧਰਮਿੰਦਰ ਨੇ 3 ਲੱਖ ਮਨਜੀਤ ਕੌਰ ਨੂੰ ਦਿੱਤੇ ਸਨ ਅਤੇ 50 ਹਜ਼ਾਰ ਕੰਮ ਹੋਣ ’ਤੇ ਦੇਣੇ ਸਨ। ਧਰਮਿੰਦਰ ਨੇ ਵੀ ਪਤਨੀ ਦੇ ਗਹਿਣੇ ਅਤੇ ਆਪਣਾ ਮੋਟਰਸਾਈਕਲ ਵੇਚ ਕੇ ਪੈਸਿਆਂ ਦਾ ਜੁਗਾੜ ਕੀਤਾ ਸੀ ਪਰ ‘ਜਗ ਬਾਣੀ’ ਵਿਚ ਮਨਜੀਤ ਕੌਰ ਦੀ ਗ੍ਰਿਫ਼ਤਾਰੀ ਦੀ ਖਬਰ ਪੜ੍ਹ ਕੇ ਉਸਦੇ ਹੋਸ਼ ਉੱਡ ਗਏ।

ਮਨਜੀਤ ਕੌਰ ਨੇ ਗਾਰੰਟੀ ਵਜੋਂ ਉਸ ਨੂੰ 3 ਲੱਖ ਦਾ ਚੈੱਕ ਵੀ ਦਿੱਤਾ ਸੀ ਕਿ ਜੇਕਰ ਕੰਮ ਨਾ ਹੋਇਆ ਤਾਂ 30 ਅਕਤੂਬਰ ਨੂੰ ਉਹ ਚੈੱਕ ਬੈਂਕ ਵਿਚ ਲਾ ਦੇਵੇ। ਧਰਮਿੰਦਰ ਅਸਲੀਅਤ ਜਾਣ ਚੁੱਕਿਆ ਹੈ, ਜਿਸ ਨੂੰ ਚਿੰਤਾ ਸਤਾਅ ਰਹੀ ਹੈ ਕਿ ਚੁੱਕੇ ਹੋਏ 3 ਲੱਖ ਉਧਾਰ ਸੀ, ਜੋ ਮਨਜੀਤ ਕੌਰ ਨੂੰ ਦਿੱਤੇ ਸਨ। ਸ਼ਿਕਾਇਤ ਐੱਸ. ਐੱਸ. ਪੀ. ਦਫ਼ਤਰ ਵਿਚ ਦਿੱਤੀ ਜਾ ਚੁੱਕੀ ਹੈ, ਜਿਸ ’ਤੇ ਕਾਰਵਾਈ ਅਜੇ ਹੋਣੀ ਹੈ। ਕਾਲੋਨੀ ਨੰਬਰ 4 ਵਿਚ 7 ਹੋਰ ਅਜਿਹੇ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਨੇ ਮਨਜੀਤ ਕੌਰ ਨੂੰ ਇਕ ਤੋਂ ਤਿੰਨ ਲੱਖ ਰੁਪਏ ਪੁਨਰਵਾਸ ਯੋਜਨਾ ਦੇ ਘਰ ਅਲਾਟ ਕਰਵਾਉਣ ਲਈ ਦਿੱਤੇ ਸਨ, ਜੋਕਿ ਸੋਮਵਾਰ ਸ਼ਿਕਾਇਤ ਕਰਨ ਐੱਸ. ਐੱਸ. ਪੀ. ਦਫ਼ਤਰ ਜਾਣਗੇ।


 


author

Bharat Thapa

Content Editor

Related News