ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ 4 ਏਜੰਟਾਂ ਵਿਰੁੱਧ ਕੇਸ ਦਰਜ

07/18/2018 3:14:52 AM

ਮੁਕੇਰੀਆਂ, (ਝਾਵਰ)- ਥਾਣਾ ਮੁਕੇਰੀਆਂ ਦੇ ਪਿੰਡ ਮਾਖਾ ਦੇ ਪ੍ਰਸ਼ੋਤਮ ਸਿੰਘ ਪੁੱਤਰ ਬ੍ਰਿਜ ਲਾਲ ਨੇ ਐੱਸ.ਐੱਸ.ਪੀ. ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਟਰੈਵਲ ਏਜੰਟਾਂ ਹਰਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਸੁਖਜੀਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਵਾਰਡ ਨੰ. 3 ਮਾਹਿਲਪੁਰ ਨੇ ਉਸ ਦੇ ਭਤੀਜੇ ਅਜੈ ਕੁਮਾਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਦੀ ਠੱਗੀ ਮਾਰੀ ਪਰ ਉਸ ਨੂੰ ਟੂਰਿਸਟ ਵੀਜ਼ੇ ’ਤੇ ਦੁਬਈ ਭੇਜ ਦਿੱਤਾ।
ਇਸ ਤੋਂ ਇਲਾਵਾ ਥਾਣਾ ਮੁਕੇਰੀਆਂ ਦੇ ਪਿੰਡ ਦੇਵੀਦਾਸ ਦੇ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਵੀ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਕੀਤੀ ਸ਼ਿਕਾਇਤ ’ਚ ਕਿਹਾ ਸੀ ਕਿ ਟਰੈਵਲ ਏਜੰਟ ਹਰਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਸੁਖਜੀਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਵਾਰਡ ਨੰ. 3 ਮਾਹਿਲਪੁਰ ਨੇ ਉਸ ਨੁੂੰ ਵਿਦੇਸ਼ ਭੇਜਣ ਦਾ  ਝਾਂਸਾ  ਦੇ  ਕੇ ਸਾਢੇ 3 ਲੱਖ ਰੁਪਏ ਠੱਗ ਲਏ  ਪਰ ਉਸ ਨੂੰ ਅੱਜ ਤੱਕ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਅਪਰਾਧ ਸ਼ਾਖਾ ਦੇ ਗੌਰਵਧਰ ਵੱਲੋਂ ਜਾਂਚ ਉਪਰੰਤ ਉਕਤ ਟਰੈਵਲ ਏਜੰਟਾਂ ਵਿਰੁੱਧ ਧਾਰਾ 420, 406, 24 ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਥਾਣਾ ਦਸੂਹਾ ਦੇ ਪਿੰਡ ਗੰਭੋਵਾਲ ਦੇ ਸੁਖਜੀਤ ਸਿੰਘ ਪੁੱਤਰ ਰਾਮ ਕਿਸ਼ਨ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਟਰੈਵਲ ਏਜੰਟ ਗੁਰਮੀਤ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਲੁਧਿਆਣਾ ਅਤੇ ਨਵਜੀਤ ਸਿੰਘ ਕੈਨੇਡਾ ਨੇ ਉਸ ਨਾਲ ਵਿਦੇਸ਼ ਭੇਜਣ ਦੇ  ਨਾਂ  ’ਤੇ 20 ਲੱਖ ਦੀ ਠੱਗੀ ਮਾਰੀ ਹੈ। ਸ਼ਿਕਾਇਤ ਦੀ ਜਾਂਚ ਪੁਲਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਵੱਲੋਂ ਕੀਤੀ ਗਈ। ਥਾਣਾ ਮੁਖੀ ਦਸੂਹਾ ਜਗਦੀਸ਼ ਰਾਜ ਅਤਰੀ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਧਾਰਾ 420 ਅਧੀਨ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News