ਸਿੰਘਾਪੁਰ ਦਾ ਸਟੱਡੀ ਵੀਜ਼ਾ ਲਗਵਾਉਣ ਲਈ ਲੜਕੀ ਤੋਂ 7 ਲੱਖ ਰੁਪਏ ਠੱਗੇ

Friday, Mar 30, 2018 - 04:09 AM (IST)

ਖੰਨਾ(ਸੁਨੀਲ)-ਮਾਛੀਵਾੜਾ ਪੁਲਸ ਵਲੋਂ ਲੜਕੀ ਗੁਰਲੀਨ ਕੌਰ ਵਾਸੀ ਮਾਛੀਵਾੜਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਿੰਘਾਪੁਰ ਦਾ ਸਟੱਡੀ ਵੀਜ਼ਾ ਲਗਵਾਉਣ ਬਦਲੇ 7 ਲੱਖ ਰੁਪਏ ਦੀ ਠੱਗੀ ਮਾਰਨ 'ਤੇ 2 ਟ੍ਰੈਵਲ ਏਜੰਟ ਸੁਸ਼ੀਲ ਕੁਮਾਰ ਵਾਸੀ ਪਟੇਲ ਨਗਰ ਨਵੀਂ ਦਿੱਲੀ ਤੇ ਜਤਿੰਦਰ ਸਿੰਘ ਵਾਸੀ ਹੜੀਕੇ ਥਾਣਾ ਸ਼ੇਰਪੁਰ ਜ਼ਿਲਾ ਸੰਗਰੂਰ ਖਿਲਾਫ਼ ਧੋਖਾਦੇਹੀ ਤੇ ਸਾਜ਼ਿਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਰਲੀਨ ਕੌਰ ਵਾਸੀ ਮਾਛੀਵਾੜਾ ਨੇ ਪੁਲਸ ਦੇ ਉਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਕਿ ਉਸ ਨੇ ਸਿੰਘਾਪੁਰ ਵਿਖੇ ਸਟੂਡੈਂਟ ਵੀਜ਼ੇ ਲਈ ਟ੍ਰੈਵਲ ਜਤਿੰਦਰ ਸਿੰਘ ਤੇ ਸੁਸ਼ੀਲ ਕੁਮਾਰ ਰਾਹੀਂ ਅਪਲਾਈ ਕੀਤਾ ਤੇ ਪ੍ਰੋਸੈਸਿੰਗ ਫੀਸ ਮਈ 2016 'ਚ 25 ਹਜ਼ਾਰ ਰੁਪਏ ਦੇ ਦਿੱਤੀ। ਇਨ੍ਹਾਂ ਟ੍ਰੈਵਲ ਏਜੰਟਾਂ ਨੇ ਉਸ ਨੂੰ ਝਾਂਸਾ ਦਿੱਤਾ ਕਿ ਸਿੰਘਾਪੁਰ ਦਾ ਸਟੱਡੀ ਵੀਜ਼ਾ ਲਗਵਾਉਣ ਉਪਰੰਤ ਬਾਅਦ 'ਚ ਉਹ ਉਸ ਨੂੰ ਕੋਰਸ ਕਰਵਾ ਕੇ ਨੌਕਰੀ ਲਈ ਅਮਰੀਕਾ ਭੇਜ ਦੇਣਗੇ। ਇਸ ਤੋਂ ਬਾਅਦ ਜਤਿੰਦਰ ਸਿੰਘ ਨੇ ਕੋਰਸ ਦੀ ਫੀਸ ਵਾਸਤੇ ਉਸ ਤੋਂ 2 ਲੱਖ ਰੁਪਏ ਨਕਦ ਵਸੂਲ ਲਏ ਤੇ ਫਿਰ ਉਨ੍ਹਾਂ ਦਸੰਬਰ 2016 'ਚ ਕਿਹਾ ਕਿ ਉਨ੍ਹਾਂ ਦੀ ਸਿੰਘਾਪੁਰ ਵੀਜ਼ੇ ਦੀ ਅਪਰੂਵਲ ਆ ਗਈ ਹੈ ਤੇ ਕਾਲਜ ਦੀ ਬਾਕੀ ਫੀਸ ਅਦਾ ਕਰਨ ਲਈ 5 ਲੱਖ ਰੁਪਏ ਹੋਰ ਗ੍ਰੀਨ ਲੀਫ਼ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਦੇ ਖਾਤੇ 'ਚ ਜਮਾਂ ਕਰਵਾ ਦਿੱਤੇ। ਇਨ੍ਹਾਂ ਦੋਹਾਂ ਟ੍ਰੈਵਲ ਏਜੰਟਾਂ ਨੇ ਉਸ ਕੋਲੋਂ ਲੱਖਾਂ ਰੁਪਏ ਤਾਂ ਲੈ ਲਏ ਪਰ ਸਿੰਘਾਪੁਰ ਕਾਲਜ ਦੀ ਫੀਸ ਅਦਾ ਕਰਨ ਸਬੰਧੀ ਕੋਈ ਵੀ ਰਸੀਦ ਜਾਂ ਸਬੂਤ ਵਾਰ-ਵਾਰ ਮੰਗਣ 'ਤੇ ਵੀ ਨਹੀਂ ਦਿੱਤੇ ਤੇ ਫਿਰ ਉਨ੍ਹਾਂ ਉਸ ਨੂੰ ਸਿੰਘਾਪੁਰ ਦੀ ਟਿਕਟ ਦੇ ਕੇ ਸਿੰਘਾਪੁਰ ਰਵਾਨਾ ਕਰ ਦਿੱਤਾ ਪਰ ਉੱਥੇ ਸਿੰਘਾਪੁਰ ਏਅਰਪੋਰਟ ਪਹੁੰਚਣ 'ਤੇ ਉਸ ਕੋਲ ਸਟੱਡੀ ਵੀਜ਼ੇ ਸਬੰਧੀ ਦਸਤਾਵੇਜ਼ ਨਾ ਹੋਣ ਕਾਰਨ ਵਾਪਸ ਭਾਰਤ ਭੇਜ ਦਿੱਤਾ ਗਿਆ। ਭਾਰਤ ਵਾਪਸ ਆ ਕੇ ਉਸ ਵਲੋਂ ਇਨ੍ਹਾਂ ਟ੍ਰੈਵਲ ਏਜੰਟਾਂ ਤੋਂ ਉਸ ਨਾਲ ਹੋਈ ਧੋਖਾਦੇਹੀ ਕਰਨ 'ਤੇ ਪੈਸੇ ਵਾਪਸ ਮੰਗੇ ਪਰ ਉਨ੍ਹਾਂ ਦੋਵਾਂ ਨੇ ਕੁਝ ਸਮੇਂ ਬਾਅਦ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਤੇ ਜਿਸ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਉਹ ਪਤਾ ਵੀ ਬਦਲ ਗਿਆ। ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀਆਂ ਵਲੋਂ ਗੁਰਲੀਨ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਸਿੰਘਾਪੁਰ ਸਟੱਡੀ ਵੀਜ਼ੇ ਦੇ ਨਾਮ 'ਤੇ ਧੋਖਾਦੇਹੀ ਕਰਨ 'ਤੇ ਜਤਿੰਦਰ ਸਿੰਘ ਤੇ ਸੁਸ਼ੀਲ ਕੁਮਾਰ ਖਿਲਾਫ਼ 420/120 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Related News