ਧੋਖੇ ਨਾਲ 25 ਲੱਖ ਰੁਪਏ ''ਚ ਨਗਰ ਨਿਗਮ ਦੀ ਜ਼ਮੀਨ ਵੇਚੀ

02/17/2018 6:39:38 AM

ਲੁਧਿਆਣਾ(ਮਹੇਸ਼)-ਜਲੰਧਰ ਬਾਈਪਾਸ ਦੇ ਕੋਲ 25 ਲੱਖ ਰੁਪਏ ਵਿਚ ਨਗਰ ਨਿਗਮ ਦੀ ਜ਼ਮੀਨ ਧੋਖੇ ਨਾਲ ਵੇਚਣ ਦਾ ਕੇਸ ਸਾਹਮਣੇ ਆਇਆ ਹੈ। ਸਲੇਮ ਟਾਬਰੀ ਦੀ ਪੁਲਸ ਨੇ ਪੀੜਤ ਹਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਬਸਤੀ ਜੋਧੇਵਾਲ, ਰਾਹੋਂ ਰੋਡ ਦੇ ਕੇਵਲ ਕ੍ਰਿਸ਼ਨ ਦੇ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ। ਪ੍ਰਕਾਸ਼ਪੁਰੀ ਇਲਾਕੇ ਦੇ ਰਹਿਣ ਵਾਲੇ ਹਰਵਿੰਦਰ ਨੇ ਦੱਸਿਆ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ। ਉੱਥੋਂ ਜੋ ਪੈਸਾ ਕਮਾ ਕੇ ਉਹ ਆਪਣੇ ਨਾਲ ਲਿਆਇਆ ਸੀ, ਉਸ ਨਾਲ ਉਸ ਨੇ ਦੋਸ਼ੀ ਤੋਂ ਜਲੰਧਰ ਬਾਈਪਾਸ ਦੇ ਕੋਲ ਭੌਰਾ ਇਲਾਕੇ ਵਿਚ ਇਕ 250 ਗਜ਼ ਦਾ ਪਲਾਟ ਖਰੀਦਿਆ, ਜਿਸ ਦੇ ਬਦਲੇ ਉਸ ਨੇ 25 ਲੱਖ ਰੁਪਏ ਵੀ ਅਦਾ ਕਰ ਦਿੱਤੇ। ਉਸ ਨੂੰ ਆਪਣੇ ਨਾਲ ਹੋਈ ਧੋਖਾਦੇਹੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹ ਖਰੀਦੀ ਗਈ ਜ਼ਮੀਨ ਦੀ ਚਾਰਦੀਵਾਰੀ ਕਰਵਾ ਰਿਹਾ ਸੀ। ਉਸੇ ਸਮੇਂ ਨਗਰ ਨਿਗਮ ਦਾ ਦਸਤਾ ਆਇਆ ਅਤੇ ਚਾਰਦੀਵਾਰੀ ਢਾਹ ਕੇ ਚਲਾ ਗਿਆ। ਜਦੋਂ ਉਸ ਨੇ ਆਪਣੇ ਪੱਧਰ 'ਤੇ ਇਸ ਦੀ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਨਗਰ ਨਿਗਮ ਦੀ ਜ਼ਮੀਨ ਉਸ ਨੂੰ ਵੇਚ ਦਿੱਤੀ ਹੈ। ਜਦੋਂ ਉਸ ਨੇ ਦੋਸ਼ੀ ਤੋਂ ਆਪਣੀ ਰਕਮ ਵਾਪਸ ਮੰਗੀ ਤਾਂ ਉਸ ਨੇ ਉਸ ਨੂੰ ਜਾਨ ਤੋਂ ਮਾਰਨ ਸਬੰਧੀ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਸ 'ਤੇ ਉਸ ਨੇ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਾਈ। ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਕੇਸ ਰਜਿਸਟਰਡ ਕੀਤਾ ਗਿਆ ਹੈ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News