...ਜਦੋਂ ਭਾਰੀ ਛੋਟ ਦੇ ਲਾਲਚ ਨਾਲ ਗਾਹਕ ਲੁੱਟੇ ਗਏ

08/31/2017 3:47:23 AM

ਦੋਰਾਹਾ (ਗੁਰਮੀਤ ਕੌਰ)-ਸਥਾਨਕ ਸ਼ਹਿਰ ਦੋਰਾਹਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਉਦੋਂ ਹੋਸ਼ ਉਡ ਗਏ, ਜਦੋਂ ਸਸਤਾ ਸਾਮਾਨ ਦੇਣ ਵਾਲੀ ਇਕ ਏਜੰਸੀ ਗਾਹਕਾਂ ਦੇ ਲੱਖਾਂ ਰੁਪਏ ਲੁੱਟ ਕੇ ਗਾਇਬ ਹੋ ਗਈ। ਜਾਣਕਾਰੀ ਅਨੁਸਾਰ  ਕੁਝ ਕੁ ਮਹੀਨੇ ਪਹਿਲਾਂ ਦੋਰਾਹਾ ਦੇ ਰਾਜਵੰਤ ਰੋਡ 'ਤੇ ਇਕ ਏਜੰਸੀ ਵੱਲੋਂ ਦੁਕਾਨ ਖੋਲ੍ਹੀ ਗਈ ਸੀ, ਜਿਸ 'ਚ ਘਰ ਵਰਤਣ ਵਾਲਾ ਸਾਮਾਨ, ਲੱਕੜੀ ਦਾ ਫਰਨੀਚਰ, ਮੋਬਾਇਲ, ਏ. ਸੀ., ਫਰਿੱਜਾਂ, ਕੂਲਰ ਆਦਿ ਵਗੈਰਾ ਤੇ ਏਜੰਸੀ ਵੱਲੋਂ 45 ਫੀਸਦੀ ਦੀ ਭਾਰੀ ਛੋਟ ਨਾਲ ਦਿੱਤਾ ਜਾਂਦਾ ਸੀ। ਏਜੰਸੀ ਦੇ ਨੁਮਾਇੰਦਿਆਂ ਵੱਲੋਂ ਗਾਹਕਾਂ ਕੋਲੋਂ ਐਡਵਾਂਸ ਪੇਮੈਂਟ ਲੈ ਕੇ ਅਗਲੇ 10 ਦਿਨਾਂ ਤਕ ਸਾਮਾਨ ਲੈਣ ਲਈ ਆਖਿਆ ਜਾਂਦਾ ਸੀ ਅਤੇ ਸ਼ੁਰੂਆਤ ਦੌਰਾਨ ਕੁਝ ਕੁ ਲੋਕਾਂ ਨੂੰ ਤਾਂ ਬੁੱਕ ਕੀਤਾ ਹੋਇਆ ਸਾਮਾਨ ਮਿਲਦਾ ਰਿਹਾ ਪਰ ਪਿਛਲੇ ਲਗਭਗ 3-4 ਦਿਨਾਂ ਤੋਂ ਏਜੰਸੀ ਦੇ ਨੁਮਾਇੰਦੇ ਕਿਧਰੇ ਗਾਇਬ ਹੋ ਗਏ, ਜਿਸ ਕਾਰਨ ਜਿਨ੍ਹਾਂ ਲੋਕਾਂ ਨੇ ਏਜੰਸੀ ਪਾਸ ਸਾਮਾਨ ਲੈਣ ਲਈ ਐਡਵਾਂਸ ਪੇਮੈਂਟ ਦੇ ਕੇ ਬੁਕਿੰਗ ਕਰਵਾ ਰੱਖੀ ਹੈ, ਇਕਦਮ ਘਬਰਾ ਗਏ। ਏਜੰਸੀ ਪਾਸ ਬੁਕਿੰਗ ਕਰਵਾਉਣ ਵਾਲੇ ਪ੍ਰ੍ਰੇਮ ਰਾਜਗੜ੍ਹ, ਮਨਜੀਤ ਸਿੰਘ ਮਾਂਗਟ ਬੇਗੋਵਾਲ, ਸੰਦੀਪ ਕੇ. ਕੇ., ਜੈ ਕਿਸ਼ੋਰ, ਤਿਆਗੀ, ਕੇਤਨ ਸ਼ਰਮਾ, ਮੋਹਿਤ, ਸੰਤੋਸ਼, ਅਵਤਾਰ ਸਿੰਘ, ਸੁਧੀਰ ਅਤੇ ਵਿਸ਼ਾਲ ਆਦਿ ਨੇ ਦੱਸਿਆ ਕਿ ਉਨ੍ਹਾਂ 10 ਦਿਨਾਂ ਪਹਿਲਾਂ ਏਜੰਸੀ ਪਾਸ ਪੈਸੇ ਦੇ ਕੇ ਐਡਵਾਂਸ ਬੁਕਿੰਗ ਕਰਵਾਈ ਸੀ ਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਏਜੰਸੀ ਦਾ ਇਕ ਆਰਡਰ ਫਾਰਮ ਦਿੱਤਾ ਗਿਆ। ਜਦੋਂ 29.8.17 ਨੂੰ ਗਾਹਕ ਏਜੰਸੀ ਵੱਲੋਂ ਦਿੱਤੇ ਸਮੇਂ ਅਨੁਸਾਰ ਆਪਣਾ ਸਾਮਾਨ ਲੈਣ ਲਈ ਦੁਕਾਨ 'ਤੇ ਪੁੱਜੇ ਤਾਂ ਦੁਕਾਨ ਬੰਦ ਦੇਖ ਕੇ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਗਾਹਕਾਂ ਨੇ ਆਰਡਰ ਫਾਰਮ 'ਤੇ ਲਿਖੇ ਇਕ ਮੋਬਾਇਲ ਨੰਬਰ 'ਤੇ ਜਦੋਂ ਫੋਨ ਕੀਤਾ ਤਾਂ ਫੋਨ ਬੰਦ ਆਉਣ 'ਤੇ ਗਾਹਕਾਂ ਨੂੰ ਏਜੰਸੀ ਵੱਲੋਂ ਲੁੱਟੇ ਜਾਣ ਦਾ ਅਹਿਸਾਸ ਹੋਇਆ। ਬਾਅਦ 'ਚ ਲੋਕਾਂ ਨੇ ਇਸ ਸੰਬੰਧੀ ਥਾਣਾ ਦੋਰਾਹਾ ਵਿਖੇ ਦਰਖਾਸਤ ਦਰਜ ਕਰਵਾ ਦਿੱਤੀ। ਐੱਸ. ਐੱਚ. ਓ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਲੋਕ ਕੌਣ ਤੇ ਕਿਥੋਂ ਆਏ ਸਨ? ਜਦੋਂ ਉਕਤ ਪ੍ਰਤੀਨਿਧੀ ਨੇ ਏਜੰਸੀ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਨੰਬਰ ਬੰਦ ਆ ਰਿਹਾ ਸੀ।


Related News