ਢੋਲੇਵਾਲ ਪੁਲ ''ਤੇ ਗਲਤ ਸਾਈਡ ਜਾ ਰਹੀ ਬੱਸ ਨੇ 4 ਕਾਰਾਂ ਨੂੰ ਮਾਰੀ ਟੱਕਰ
Monday, Oct 02, 2017 - 07:37 AM (IST)

ਲੁਧਿਆਣਾ, (ਰਿਸ਼ੀ)- ਐਤਵਾਰ ਦੁਪਹਿਰ ਲਗਭਗ 3.30 ਵਜੇ ਢੋਲੇਵਾਲ ਪੁਲ ਦੇ ਉਪਰੋਂ ਗਲਤ ਸਾਈਡ ਜਾ ਰਹੀ ਬੱਸ ਨੇ ਇਕ ਸਾਥ 4 ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸਿਆਂ 'ਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਬਾਅਦ ਪੁਲ ਦੇ ਦੋਵਾਂ ਪਾਸੇ ਵਾਹਨਾਂ ਦਾ ਜਾਮ ਲੱਗ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਜਾਣਕਾਰੀ ਦਿੰਦੇ ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਢੋਲੇਵਾਲ ਪੁਲ 'ਤੇ ਇਕ ਪ੍ਰਾਈਵੇਟ ਬੱਸ ਪ੍ਰਤਾਪ ਚੌਕ ਵਲੋਂ ਗਲਤ ਸਾਈਡ ਜਾ ਰਹੀ ਸੀ। ਪੁਲ ਦੇ ਉੱਪਰ ਹੀ ਉਸ ਦੀ ਟੱਕਰ ਸਾਹਮਣੇ ਤੋਂ ਆ ਰਹੀਆਂ 4 ਕਾਰਾਂ ਦੇ ਨਾਲ ਹੋ ਗਈ। ਹਾਦਸੇ ਦੇ ਬਾਅਦ ਰੁਕਣ ਦੀ ਬਜਾਏ ਬੱਸ ਡਰਾਈਵਰ ਬੱਸ ਬੈਕ ਗੇਅਰ 'ਚ ਪਾ ਕੇ ਵਾਪਸ ਲੈ ਗਿਆ ਪਰ ਉਸ ਨੇ ਬੱਸ 'ਚ ਬੈਠੀਆਂ ਸਵਾਰੀਆਂ ਦੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਤਦ ਕਾਰ ਚਾਲਕਾਂ ਨੇ ਕਾਰਾਂ ਭਜਾ ਕੇ ਉਸ ਨੂੰ ਦਬੋਚ ਲਿਆ। ਦੋ ਕਾਰਾਂ ਦੇ ਡਰਾਈਵਰ ਤਾਂ ਪਹਿਲਾ ਹੀ ਚਲੇ ਗਏ, ਜਦਕਿ ਇਨੋਵਾ ਕਾਰ ਦਾ ਮਾਲਕ ਹਨੀ ਵਰਮਾ ਅਤੇ ਇਕ ਥਾਰ ਜੀਪ ਦਾ ਡਰਾਈਵਰ ਅਸ਼ੀਸ਼ ਪਹਿਲਾਂ ਕਾਰਵਾਈ ਦੀ ਮੰਗ ਕਰ ਰਹੇ ਸਨ ਪਰ ਦੇਰ ਸ਼ਾਮ ਦੋਵਾਂ ਧਿਰਾਂ 'ਚ ਸਮਝੌਤਾ ਹੋਣ ਕਰ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ।