4 ਥਾਣਿਆਂ ਦੀ ਪੁਲਸ ਦੀ ਘੇਰਾਬੰਦੀ ਤੋਂ ਬਾਅਦ 2 ਲੁਟੇਰੇ ਖੋਹੀ ਗੱਡੀ ਛੱਡ ਕੇ ਫਰਾਰ
Friday, Sep 08, 2017 - 01:11 AM (IST)
ਨਵਾਂਸ਼ਹਿਰ/ਔੜ, (ਤ੍ਰਿਪਾਠੀ/ ਮਨੋਰੰਜਨ/ ਛਿੰਜੀ)- ਬਲਾਚੌਰ ਟੈਕਸੀ ਸਟੈਂਡ ਤੋਂ ਕਿਰਾਏ 'ਤੇ ਟੈਕਸੀ ਲੈਣ ਵਾਲੇ 2 ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਟੈਕਸੀ ਚਾਲਕ ਤੋਂ ਇੰਡੀਕਾ ਕਾਰ ਖੋਹਣ ਦੀ ਖਬਰ ਮਿਲਣ ਤੋਂ ਬਾਅਦ ਹਰਕਤ 'ਚ ਆਈ ਚਾਰ ਥਾਣਿਆਂ ਦੀ ਪੁਲਸ ਦੇ ਦਬਾਅ ਹੇਠ ਅਣਪਛਾਤੇ ਲੁਟੇਰੇ ਖੋਹੀ ਕਾਰ ਛੱਡ ਕੇ ਫਰਾਰ ਹੋ ਗਏ। ਪੁਲਸ ਲੁਟੇਰਿਆਂ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ।
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 2 ਅਣਪਛਾਤੇ ਨੌਜਵਾਨਾਂ ਨੇ ਬਲਾਚੌਰ ਟੈਕਸੀ ਸਟੈਂਡ ਤੋਂ ਇਕ ਇੰਡੀਕਾ ਕਾਰ ਕਿਰਾਏ 'ਤੇ ਲਈ। ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਲੋਹਟਾ (ਬਲਾਚੌਰ) ਨੂੰ ਆਪਣੀ ਭੈਣ ਦੀ ਡਲਿਵਰੀ ਕਰਵਾਉਣ ਲਈ ਕਸਬਾ ਔੜ ਤੋਂ ਨਵਾਂਸ਼ਹਿਰ ਚੱਲਣ ਲਈ ਕਿਹਾ। ਨੌਜਵਾਨ ਕਸਬਾ ਔੜ ਦੇ ਨਜ਼ਦੀਕ ਚਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਕਾਰ ਖੋਹ ਕੇ ਫਰਾਰ ਹੋ ਗਏ। ਚਾਲਕ ਵੱਲੋਂ ਤੁਰੰਤ 100 ਨੰਬਰ 'ਤੇ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਸਿਟੀ ਥਾਣਾ ਨਵਾਂਸ਼ਹਿਰ, ਰਾਹੋਂ, ਮੁਕੰਦਪੁਰ ਤੇ ਬੰਗਾ ਦੀ ਪੁਲਸ ਨੇ ਘੇਰਾਬੰਦੀ ਕਰ ਕੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
