ਮੁਕਤਸਰ 'ਚ ਵਾਪਰੀ ਸ਼ਰਮਨਾਕ ਘਟਨਾ, ਕੁੜੀ ਦਾ ਬਲਾਤਕਾਰ ਕਰ ਵਟਸਐਪ 'ਤੇ ਪਾਈ ਵੀਡੀਓ

07/11/2017 6:29:47 AM

ਦੋਦਾ— ਮੁਕਤਸਰ ਜ਼ਿਲ੍ਹੇ ਦੇ ਪਿੰਡ ਰੁਖਾਲਾ ਵਿਚ ਚਾਰ ਵਿਅਕਤੀਆਂ ਵੱਲੋਂ ਇਕ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਕੇ ਉਸ ਦੀ ਵੀਡੀਓ ਵਟਸਐੱਪ 'ਤੇ ਪੋਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਾ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰ ਵਟਸਐੱਪ 'ਤੇ ਜਦੋਂ ਇਸ ਦੀ ਵੀਡੀਓ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਵੱਲੋਂ ਪੁਲਸ ਤੱਕ ਪਹੁੰਚ ਕੀਤੇ ਜਾਣ ਤੋਂ ਬਾਅਦ ਰੁਖਾਲਾ ਪਿੰਡ ਦੇ ਜਗਜੀਤ ਸਿੰਘ ਉਰਫ ਰਵੀ, ਸਤਨਾਮ ਸਿੰਘ, ਰਾਮਜੀਤ ਸਿੰਘ ਅਤੇ ਅਭਿਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ। 
ਪੀੜਤ ਕੁੜੀ ਗਿੱਦੜਬਾਹਾ 'ਚ  ਗੁਰੂ ਨਾਨਕ ਗਲੀਨਿਕ 'ਚ ਡਾਕਟਰੀ ਦਾ ਕੰਮ ਸਿੱਖ ਰਹੀ ਹੈ। ਰਾਤ ਨੂੰ 9 ਵਜੇ ਦੇ ਕਰੀਬ ਉਸ ਦੇ ਗੁਆਂਢ 'ਚ ਰਹਿੰਦਾ ਨੌਜਵਾਨ ਜਗਜੀਤ ਸਿੰਘ ਉਸ ਨੂੰ ਲੈਣ ਲਈ ਆਇਆ। ਉਸ ਨੇ ਪੀੜਤ ਕੁੜੀ ਨੂੰ ਦੱਸਿਆ ਕਿ ਉਸ ਦੀ ਮਾਤਾ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਲੈਣ ਲਈ ਭੇਜਿਆ ਹੈ। ਰਸਤੇ ਵਿਚ ਉਸ ਨੇ ਮੋਟਰਸਾਈਕਲ ਪਿੰਡ ਮਧੀਰ ਤੋਂ ਹੋਰ ਰਸਤੇ ਪਾ ਲਿਆ ਅਤੇ ਥੋੜ੍ਹੀ ਦੂਰ ਇਕ ਕੋਠੇ ਕੋਲ ਰੋਕ ਲਿਆ। ਉੱਥੇ ਪਹਿਲਾਂ ਤੋਂ ਹੀ ਤਿੰਨ ਵਿਅਕਤੀ ਮੌਜੂਦ ਸਨ। ਚਾਰਾਂ ਦੋਸ਼ੀਆਂ ਨੇ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਵੀ ਬਣਾਈ। ਦੋਸ਼ੀਆਂ ਦੇ ਖਿਲਾਫ ਧਾਰਾ 376-ਡੀ (ਸਮੂਹਿਕ ਬਲਾਤਕਾਰ), 506 (ਧਮਕਾਉਣ) ਅਤੇ 367 ਇਨਫਾਰਮੇਸ਼ਨ ਟੈਕਨਾਲੋਜੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।  


Related News