ਕੱਛੂ ਦੀ ਚਾਲ ਚੱਲ ਰਿਹੈ ਚਾਰ ਮਾਰਗੀ ਐਕਸਪ੍ਰੈੱਸ ਵੇਅ ਦਾ ਕੰਮ

02/12/2018 1:09:02 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕੇਂਦਰ ਸਰਕਾਰ ਦੀ ਨਿਗਰਾਨੀ ਅਧੀਨ ਕੰਮ ਕਰਦੇ ਮਹਿਕਮੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਰਾਸ਼ਟਰੀ ਮਾਰਗ ਨੰਬਰ 21(205) ਸ੍ਰੀ ਕੀਰਤਪੁਰ ਸਾਹਿਬ ਤੋਂ ਨਹਿਰ ਚੌਕ ਤੱਕ ਪੈਂਦੀ 84 ਕਿਲੋਮੀਟਰ ਸੜਕ ਨੂੰ ਚਾਰ ਮਾਰਗੀ ਬਣਾਉਣ ਦਾ ਕੰਮ ਪੰਜਾਬ ਤੇ ਹਿਮਾਚਲ ਦੋਵਾਂ ਰਾਜਾਂ ਅੰਦਰ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਨਾਲ ਇਸ ਸੜਕ 'ਤੇ ਚੱਲਣ ਵਾਲੀ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ ਅਤੇ ਸਫ਼ਰ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ।
ਸੜਕ ਦੇ ਨਿਰਮਾਣ ਲਈ 2356 ਕਰੋੜ ਦਾ ਰੱਖਿਆ ਬਜਟ 
ਭਾਰਤ ਸਰਕਾਰ ਵੱਲੋਂ ਮਾਰਚ 2005 ਵਿਚ ਕੈਬਨਿਟ ਦੀ ਮੀਟਿੰਗ ਵਿਚ 4000 ਕਿਲੋਮੀਟਰ ਚਾਰ ਤੇ ਛੇ ਮਾਰਗੀ ਸੜਕਾਂ ਬੀ. ਓ. ਟੀ. ਸਕੀਮ ਤਹਿਤ ਬਣਾਉਣ ਦੇ ਫੈਸਲੇ ਤਹਿਤ ਇਹ ਮਾਰਗ ਬਣਾਇਆ ਜਾ ਰਿਹਾ ਹੈ। ਮਾਰਗ ਨੂੰ ਬਣਾਉਣ ਲਈ 2356 ਕਰੋੜ ਰੁਪਏ ਖਰਚ ਕੀਤੇ ਜਾਣੇ ਸਨ, ਜਿਨ੍ਹਾਂ ਵਿਚੋਂ 537 ਕਰੋੜ ਰੁਪਏ ਮਾਰਗ ਬਣਨ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਲਈ ਰੱਖੇ ਗਏ ਸਨ। ਇਸ ਮਾਰਗ ਦਾ ਡਿਜ਼ਾਈਨ ਦੇਸ਼ ਦੀ ਮਸ਼ਹੂਰ 'ਯੇਨਿਟ ਪ੍ਰਾਈਵੇਟ ਏਜੰਸੀ' ਤੋਂ ਤਿਆਰ ਕਰਵਾਇਆ ਗਿਆ ਹੈ। 
ਤਿੰਨ ਕੰਪਨੀਆਂ ਨੂੰ ਮਿਲਿਆ ਠੇਕਾ
ਇਸ ਮਾਰਗ ਨੂੰ ਬਣਾਉਣ ਦਾ ਠੇਕਾ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਬੰਬਈ ਦੀ ਕੌਮੀ ਮਾਰਗ ਨਿਰਮਾਣ ਕਰਨ ਵਾਲੀ ਕੰਪਨੀ ਆਈ. ਪੀ. ਐੱਨ. ਈ. ਐੱਲ. ਨੂੰ ਸੌਂਪਿਆ ਸੀ, ਜਿਸ ਨੂੰ ਸਾਰਾ ਕੰਮ ਮੁਕੰਮਲ ਕਰਨ ਦਾ ਸਮਾਂ ਨਵੰਬਰ 2016 ਤੱਕ ਨਿਸ਼ਚਿਤ ਕੀਤਾ ਗਿਆ ਸੀ। ਕੰਪਨੀ ਨੇ ਸ੍ਰੀ ਕੀਰਤਪੁਰ ਸਾਹਿਬ ਨਹਿਰ ਚੌਕ ਐਕਸਪ੍ਰੈੱਸ ਵੇਅ ਲਿਮਟਿਡ (ਕੇ. ਐੱਨ. ਸੀ. ਈ. ਐੱਲ.) ਦੇ ਬੈਨਰ ਹੇਠ ਬਿਲਾਸਪੁਰ 'ਚ ਮੁੱਖ ਦਫ਼ਤਰ ਖੋਲ੍ਹ ਕੇ ਪ੍ਰਾਜੈਕਟ ਡਾਇਰੈਕਟਰ ਸਤੀਸ਼ ਕੌਲ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਫ਼ਤਰ ਦੇ ਇੰਚਾਰਜ ਨਰੇਸ਼ ਕੁਮਾਰ ਪੰਚਕੂਲਾ ਵਾਲਿਆਂ ਨੂੰ ਲਾ ਕੇ ਸੜਕ ਦਾ ਨਿਰਮਾਣ ਕਰਵਾ ਰਹੀ ਹੈ।ਸੜਕ ਦਾ ਨਿਰਮਾਣ ਕਰਨ ਲਈ ਮਾਰਗ ਨੂੰ ਤਿੰਨ ਸੈਕਸ਼ਨਾਂ ਵਿਚ ਵੰਡਿਆ ਗਿਆ ਸੀ। ਮਾਰਗ ਦਾ ਕੰਮ ਸਮੇਂ ਸਿਰ ਪੂਰਾ ਕਰਨ ਦਾ ਟੀਚਾ ਲੈ ਕੇ ਤਿੰਨ ਹੋਰ ਕੰਪਨੀਆਂ ਨੂੰ ਹਾਇਰ ਕਰ ਕੇ ਉਨ੍ਹਾਂ ਨੂੰ ਕੰਮ ਸੌਂਪਿਆ ਸੀ, ਜਿਸ ਦੇ ਪਹਿਲੇ ਸੈਕਸ਼ਨ ਬੀ. ਆਈ. ਐੱਲ. ਬੰਬਈ ਦੀ ਕੰਪਨੀ ਸ੍ਰੀ ਕੀਰਤਪੁਰ ਸਾਹਿਬ ਤੋਂ 22 ਕਿਲੋਮੀਟਰ ਦਾ ਮਾਰਗ ਦਾ ਨਿਰਮਾਣ ਕਰ ਰਹੀ ਹੈ, ਜਦੋਂਕਿ ਦੂਜੇ ਸੈਕਸ਼ਨ ਵਿਚ ਬੰਬਈ ਦੀ ਆਈ. ਐੱਲ. ਐੱਫ. ਐੱਸ. ਤੇ ਤੀਜੇ ਸੈਕਸ਼ਨ ਦੀ ਸਾਊਥ ਦੀ ਕੰਪਨੀ ਜੀ. ਐੱਚ. ਵੀ ਨਿਰਮਾਣ ਕਰ ਰਹੀ ਹੈ।
PunjabKesari
ਸੜਕ 'ਤੇ ਆਵਾਜਾਈ ਵਧਣ ਕਾਰਨ ਚਾਰ ਮਾਰਗੀ ਕਰਨ ਦਾ ਲਿਆ ਫੈਸਲਾ 
ਸ੍ਰੀ ਕੀਰਤਪੁਰ ਸਾਹਿਬ ਤੋਂ ਬਿਲਸਾਪੁਰ, ਵਾਹਗਾ, ਡਾਲਡਾਘਾਟ, ਮਣੀਕਰਨ, ਮਾਤਾ ਨੈਣਾ ਦੇਵੀ, ਮੰਡੀ, ਮਨਾਲੀ, ਲੇਹ, ਲਦਾਖ ਨੂੰ ਜਾਣ ਵਾਲੇ ਸੈਲਾਨੀ ਤੇ ਸ਼ਰਧਾਲੂਆਂ ਦੀ ਆਮਦ ਦਿਨ ਪ੍ਰਤੀ ਦਿਨ ਵਧਣ ਤੇ ਟਰੈਫ਼ਿਕ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਇਸ ਮਾਰਗ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਤੋਂ ਨਹਿਰ ਚੌਕ ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਸਾਢੇ ਤਿੰਨ ਘੰਟੇ ਦਾ ਸਮਾਂ ਲੱਗਦਾ ਹੈ, ਜਿਹੜਾ ਕਿ ਇਸ ਮਾਰਗ ਦੇ ਬਣਨ ਤੋਂ ਮਗਰੋਂ ਦੋ ਘੰਟੇ ਦਾ ਰਹਿ ਜਾਵੇਗਾ। 
ਕੀ ਕਹਿੰਦੇ ਨੇ ਕੰਪਨੀ ਦੇ ਇੰਚਾਰਜ 
ਇਸ ਬਾਰੇ ਸੜਕ ਬਣਾਉਣ ਵਾਲੀ ਕੰਪਨੀ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਗਰਾਮੌੜਾ ਤੱਕ ਦੇ ਸਾਢੇ ਅੱਠ ਕਿਲੋਮੀਟਰ ਦੇ ਰਸਤੇ ਦਾ ਕੰਮ ਬੰਦ ਨਹੀਂ ਹੈ, ਸਗੋਂ ਚੱਲ ਰਿਹਾ ਹੈ। ਕੰਪਨੀ ਨੇ ਜਿਹੜਾ ਸਰਕਾਰ ਨਾਲ ਇਕਰਾਰਨਾਮਾ ਕੀਤਾ ਹੈ, ਉਸ ਮੁਤਾਬਕ ਹੀ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ।
ਪੰਜਾਬ ਦੀ ਹੱਦ ਅੰਦਰ ਸੜਕ ਦਾ ਨਿਰਮਾਣ ਕਾਰਜ ਠੱਪ
ਸ੍ਰੀ ਕੀਰਤਪੁਰ ਸਾਹਿਬ ਤੋਂ ਗਰਾਮੌੜਾ ਤੱਕ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਠੱਪ ਪਿਆ ਹੈ, ਜਿਸ ਵਿਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਤੇ ਬਣਨ ਵਾਲਾ ਓਵਰਬ੍ਰਿਜ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਲਿਆਣਪੁਰ ਚੜ੍ਹਾਈ ਵਿਚ ਸੜਕ ਨੂੰ ਚਾਰ ਮਾਰਗੀ ਕਰਨ ਲਈ ਕਾਜਵੇ ਨਹੀਂ ਬਣ ਪਾਇਆ। ਸੜਕ ਦੇ ਵਿਚਕਾਰ ਬੂਟੇ ਲਾਉਣ ਲਈ ਛੱਡੀ ਜਗ੍ਹਾ ਵੀ ਖਾਲੀ ਪਈ ਹੈ, ਕਈ ਥਾਵਾਂ 'ਤੇ ਬੂਟੀ ਪੈਦਾ ਹੋ ਗਈ ਹੈ। ਦੇਹਣੀ ਪਿੰਡ ਨਜ਼ਦੀਕ ਦੋ ਵੱਡੇ ਪੁਲਾਂ ਦੇ ਨਿਰਮਾਣ ਵਿਚੋਂ ਇਕ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਹੈ, ਉਹ ਵੀ ਪਿੱਲਰ ਬਣਾ ਕੇ ਸਰੀਆ ਬੰਨ੍ਹ ਕੇ ਛੱਡ ਦਿੱਤਾ ਗਿਆ ਹੈ। ਇਥੇ ਪਏ ਸਰੀਏ ਅਤੇ ਹੋਰ ਕੀਮਤੀ ਸਾਮਾਨ ਦੀ ਰਾਖੀ ਕਰਨ ਵਾਲੇ ਸੁੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਮਹੀਨੇ ਤੋਂ ਕੰਮ ਬੰਦ ਪਿਆ ਹੈ। ਜਿਹੜਾ ਸਰੀਆ ਬੰਨ੍ਹਿਆ ਹੈ ਉਸ 'ਤੇ ਮਿਕਚਰ ਨਹੀਂ ਪਾਇਆ ਗਿਆ ਹੈ। ਕੀਰਤਪੁਰ ਸਾਹਿਬ ਤੋਂ ਗਰਾਮੌੜਾ ਤੱਕ ਸੜਕ ਥਾਂ-ਥਾਂ ਤੋਂ ਦੋ ਅਤੇ ਚਾਰ ਮਾਰਗੀ ਬਣੀ ਹੋਈ ਹੈ। ਸੜਕ ਵਿਚ ਜ਼ਮੀਨ ਆਉਣ ਕਾਰਨ ਜਿਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਸ ਜਗ੍ਹਾ 'ਤੇ ਲੋਕਾਂ ਦੇ ਵਿਰੋਧ ਕਾਰਨ ਅਜੇ ਕੰਮ ਵੀ ਸ਼ੁਰੂ ਨਹੀਂ ਹੋ ਪਾਇਆ ਹੈ। 


Related News