ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 4 ਗ੍ਰਿਫਤਾਰ
Friday, Jan 26, 2018 - 07:23 AM (IST)
ਜਲੰਧਰ, (ਪ੍ਰੀਤ)— ਨਕੋਦਰ, ਜਲੰਧਰ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 4 ਅਪਰਾਧੀਆਂ ਨੂੰ ਜਲੰਧਰ ਦਿਹਾਤ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ.ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਮਹਿੰਦਰ ਸਿੰਘ ਦੀ ਅਗਵਾਈ ਵਿਚ ਕੰਮ ਕਰ ਰਹੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਮੱਲ੍ਹੀਆਂ ਨੇੜੇ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲਾਂ 'ਤੇ ਸਵਾਰ ਜਤਿੰਦਰ ਸਿੰਘ ਉਰਫ ਜਤਿਨ ਪੁੱਤਰ ਧਰਮਪਾਲ ਵਾਸੀ ਖਾਨਪੁਰ ਨਕੋਦਰ, ਦੀਪਕ ਕੁਮਾਰ ਉਰਫ ਦੀਪਾ ਪੁੱਤਰ ਰਾਜ ਕੁਮਾਰ ਵਾਸੀ ਉੱਗੀ, ਰਾਜ ਕੁਮਾਰ ਉਰਫ ਰਾਜਾ ਪੁੱਤਰ ਜਗਦੀਸ਼ ਵਾਸੀ ਉੱਗੀ ਤੇ ਗੁਰਮੀਤ ਸਿੰਘ ਉਰਫ ਗੀਤਾ ਪੁੱਤਰ ਬਲਵਿੰਦਰ ਵਾਸੀ ਉੱਗੀ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਕੋਲੋਂ 4 ਮੋਬਾਇਲ , ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮ ਜਤਿੰਦਰ ਉਰਫ ਜਤਿਨ ਦੀ ਨਿਸ਼ਾਨਦੇਹੀ 'ਤੇ ਚੋਰੀ ਤੇ ਲੁੱਟ-ਖੋਹ ਦੇ ਸੋਨੇ ਦਾ ਇਕ ਸੈੱਟ, 2 ਸੈੱਟ ਸੋਨੇ ਦੀਆਂ ਵਾਲੀਆਂ, 2 ਮੁੰਦਰੀਆਂ, ਇਕ ਜੋੜਾ ਸੋਨੇ ਦੇ ਟੌਪਸ, ਲੈਪਟਾਪ, ਦੀਪਕ ਉਰਫ ਦੀਪਾ ਕੋਲੋਂ ਇਕ ਜੋੜਾ ਸੋਨੇ ਦੀਆਂ ਵਾਲੀਆਂ, ਇਕ ਮੋਬਾਇਲ, ਗੁਰਮੀਤ ਉਰਫ ਗੀਤਾ ਕੋਲੋਂ 16 ਮੋਬਾਇਲ ਫੋਨ ਤੇ ਦੀਪਾ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪਿਛਲੇ ਕੁਝ ਸਮੇਂ ਵਿਚ ਨਕੋਦਰ, ਜਲੰਧਰ ਏਰੀਏ ਵਿਚ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਮੁਲਜ਼ਮ ਜਤਿਨ ਦੇ ਖਿਲਾਫ ਚੋਰੀ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ 4 ਕੇਸ ਤੇ ਦੀਪਕ ਖਿਲਾਫ 6 ਕੇਸ ਦਰਜ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਹੋਰ ਵੀ ਵਾਰਦਾਤਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ।
