ਰੰਗ ਹੋਇਆ ਫੇਡ, ਹੁਣ ਦੇਣੀ ਪਵੇਗੀ ਨਵੀਂ ਕਾਰ
Monday, Oct 29, 2018 - 01:48 PM (IST)

ਚੰਡੀਗੜ੍ਹ (ਰਾਜਿੰਦਰ) : ਕਾਰ ਖਰੀਦਣ ਤੋਂ ਬਾਅਦ ਉਸ ਦਾ ਰੰਗ ਫੇਡ ਹੋਣ 'ਤੇ ਖਪਤਕਾਰ ਫੋਰਮ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਫੋਰਮ ਨੇ ਨੈਕਸਾ ਤੇ ਆਟੋਪੇਸ ਨੈੱਟਵਰਕ ਪ੍ਰਾਈਵੇਟ ਲਿਮਟਿਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸ਼ਿਕਾਇਤਕਰਤਾ ਦੀ ਸਾਂਝੇ ਤੌਰ 'ਤੇ ਕਾਰ ਰਿਪਲੇਸ ਕਰਨ ਤੇ ਇਸ ਦੇ ਬਦਲੇ ਨਵੀਂ ਕਾਰ ਦੇਣ। ਨਾਲ ਹੀ ਨਵੀਂ ਕਾਰ ਦਾ ਰਜਿਸਟਰੇਸ਼ਨ ਖਰਚਾ ਵੀ ਅਦਾ ਕਰੇ। ਇਹ ਨਿਰਦੇਸ਼ ਜ਼ਿਲਾ ਖਪਤਕਾਰ ਫੋਰਮ-2 ਨੇ ਸੁਣਵਾਈ ਤੋਂ ਬਾਅਦ ਦਿੱਤਾ ਹੈ।
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨਿਵਾਸੀ ਸੈਕਟਰ-41 ਬੀ ਚੰਡੀਗੜ੍ਹ ਨੇ ਇੰਡਸਟ੍ਰੀਅਲ ਏਰੀਆ ਫੇਜ਼-1 ਚੰਡੀਗੜ੍ਹ ਦੇ ਇਕ ਮਾਲ ਸਥਿਤ ਨੈਕਸਾ ਤੇ ਆਟੋਪੇਸ ਨੈੱਟਵਰਕ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਖਪਤਕਾਰ ਫੋਰਮ 'ਚ ਸ਼ਿਕਾਇਤ ਦਿੱਤੀ ਸੀ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਧਿਰ ਤੋਂ ਮਾਰੂਤੀ ਬੋਲੀਨੋ ਕਾਰ 11 ਮਾਰਚ 2017 ਨੂੰ ਛੇ ਲੱਖ 40 ਹਜ਼ਾਰ ਰੁਪਏ 'ਚ ਖਰੀਦੀ। ਕਾਰ 'ਤੇ ਬੀਮੇ ਲਈ 19 ਹਜ਼ਾਰ 975 ਰੁਪਏ, 34 ਹਜ਼ਾਰ 260 ਰੁਪਏ ਰਜਿਸਟਰੇਸ਼ਨ ਤੇ 14 ਹਜ਼ਾਰ 900 ਰੁਪਏ ਅਸੈੱਸਰੀਜ਼ 'ਤੇ ਖਰਚ ਕੀਤੇ। ਉਨ੍ਹਾਂ ਖਪਤਕਾਰ ਫੋਰਮ ਨੂੰ ਦੱਸਿਆ ਕਿ 2017 ਦੇ ਮਾਰਚ ਦੇ ਆਖਿਰ, ਜਿਸ ਮਹੀਨੇ ਗੱਡੀ ਖਰੀਦੀ, 'ਚ ਕਾਰ 'ਤੇ ਕਈ ਜਗ੍ਹਾ 'ਤੇ ਧੱਬੇ ਬਣ ਗਏ।
ਇਸ ਸਬੰਧੀ ਦੂਜੇ ਪੱਖਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਕਾਰ 'ਤੇ ਕੋਟਿੰਗ ਕੀਤੀ ਗਈ। ਇਸ 'ਤੇ 2500 ਰੁਪਏ ਖਰਚ ਹੋਏ। ਕਾਰ 'ਤੇ ਟਾਪ ਬਾਡੀ ਕੋਟਿੰਗ ਤੋਂ ਬਾਅਦ ਹੋਰ ਵੀ ਜਗ੍ਹਾ 'ਤੇ ਉਸਦਾ ਕਲਰ ਫੇਡ ਹੋਣ ਲੱਗਾ। ਇਸ ਸਬੰਧੀ ਦੁਬਾਰਾ ਦੂਜੇ ਪੱਖ ਨੂੰ ਸੂਚਿਤ ਕੀਤਾ ਗਿਆ। ਜਾਂਚ ਤੋਂ ਬਾਅਦ ਪਾਇਆ ਕਿ ਇਸ 'ਚ ਮੈਨੂਫੈਕਚਰਿੰਗ ਡਿਫੈਕਟ ਹੈ। ਦੂਜੀ ਧਿਰ ਵਲੋਂ ਖਪਤਕਾਰ ਫੋਰਮ 'ਚ ਪੱਖ ਨਾ ਰੱਖਣ 'ਤੇ ਉਸ ਨੂੰ ਇਕਤਰਫਾ (ਐਕਸ ਪਾਰਟੀ) ਕਰਾਰ ਦਿੱਤਾ ਹੈ।