ਕਤਲ ਕੇਸ ''ਚ ਪੈਰੋਲ ’ਤੇ ਆਇਆ ਸਾਬਕਾ ਸਰਪੰਚ ਸਵਾ ਕਰੋੜ ਦੀ ਹੈਰੋਇਨ ਸਣੇ ਕਾਬੂ

Sunday, Mar 16, 2025 - 09:11 AM (IST)

ਕਤਲ ਕੇਸ ''ਚ ਪੈਰੋਲ ’ਤੇ ਆਇਆ ਸਾਬਕਾ ਸਰਪੰਚ ਸਵਾ ਕਰੋੜ ਦੀ ਹੈਰੋਇਨ ਸਣੇ ਕਾਬੂ

ਲੁਧਿਆਣਾ (ਅਨਿਲ/ਸ਼ਿਵਮ/ਗੌਤਮ) : ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕ੍ਰਾਈਮ ਬਰਾਂਚ-1 ਦੀ ਪੁਲਸ ਟੀਮ ਨੇ ਇਕ ਨਸ਼ਾ ਸਮੱਗਲਰ ਨੂੰ ਸਵਾ ਕਰੋੜ ਦੀ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਕ੍ਰਾਈਮ ਬਰਾਂਚ-1 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਥਾਣਾ ਲਾਡੋਵਾਲ ਦੇ ਇਲਾਕੇ ਵਿਚ ਮੌਜੂਦ ਸੀ ਅਤੇ ਇਸ ਦੌਰਾਨ ਟੋਲ ਪਲਾਜ਼ਾ ਵੱਲੋਂ ਇਕ ਸਫੈਦ ਰੰਗ ਦੀ ਗੱਡੀ ਆਉਂਦੀ ਹੋਈ ਦਿਖਾਈ ਦਿੱਤੀ ਅਤੇ ਜਦੋਂ ਪੁਲਸ ਟੀਮ ਨੇ ਉਪਰੋਕਤ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚ ਬੈਠੇ ਵਿਅਕਤੀ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਦੌਰਾਨ ਪੁਲਸ ਟੀਮ ਨੇ ਗੱਡੀ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਸੁਰਜੀਤ ਰਾਮ ਸੀਤਾ ਪੁੱਤਰ ਗਿਆਨ ਚੰਦ ਨਿਵਾਸੀ ਪਿੰਡ ਦੰਦੂਵਾਲ ਪਾਸਲਾ ਫਿਲੌਰ ਵਜੋਂ ਕੀਤੀ। ਮੁਲਜ਼ਮ ਤੋਂ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਵਾ ਕਰੋੜ ਦੇ ਲਗਭਗ ਕੀਮਤ ਅੰਕੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪਿੰਜਰਿਆਂ 'ਚ ਕੈਦ ਕੁੱਤਿਆਂ ’ਤੇ ਕਹਿਰ ਬਣ ਕੇ ਵਰ੍ਹੀ ਸ਼ਾਰਟ ਸਰਕਟ ਕਾਰਨ ਲੱਗੀ ਅੱਗ, 8 ਕੁੱਤੇ ਝੁਲਸ ਕੇ ਮਰੇ

ਕਤਲ ਕੇਸ 'ਚ ਮੁਲਜ਼ਮ ਨੂੰ 20 ਸਾਲ ਦੀ ਹੋ ਚੁੱਕੀ ਹੈ ਸਜ਼ਾ
ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਸੁਰਜੀਤ ਰਾਮ ਸੀਤਾ ’ਤੇ ਥਾਣਾ ਨੂਰਮਹਿਲ ਦੀ ਪੁਲਸ ਨੇ 31 ਅਗਸਤ 2000 ਵਿਚ ਕਤਲ ਦਾ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਮੁਲਜ਼ਮ ਨੂੰ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਹੈ, ਜੋ ਹੁਣ ਗੋਵਿੰਦਵਾਲ ਸਾਹਿਬ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਿਹਾ ਸੀ। ਮੁਲਜ਼ਮ 21 ਜਨਵਰੀ 2025 ਨੂੰ ਹੀ ਪੈਰੋਲ ’ਤੇ ਜੇਲ ਤੋਂ ਬਾਹਰ ਆਇਆ ਸੀ ਤੇ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਮੁਲਜ਼ਮ ਪਿੰਡ ਦਾ ਸਾਬਕਾ ਸਰਪੰਚ ਵੀ ਰਹਿ ਚੁੱਕਾ ਹੈ ਅਤੇ ਲਗਭਗ ਚਾਰ ਦਿਨ ਬਾਅਦ ਮੁਲਜ਼ਮ ਨੇ ਆਪਣੀ ਛੁੱਟੀ ਖਤਮ ਕਰ ਕੇ ਵਾਪਸ ਜੇਲ੍ਹ ਵਿਚ ਜਾਣਾ ਸੀ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਹੈਰੋਇਨ ਕਿੱਥੋਂ ਤੋਂ ਲੈ ਕੇ ਆਇਆ ਅਤੇ ਅੱਗੇ ਕਿਸ ਨੂੰ ਵੇਚਣ ਜਾ ਰਿਹਾ ਸੀ, ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ਵਿਚ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News