ਨਰਸਿੰਗ ਪ੍ਰੀਖਿਆਵਾਂ ’ਚ ਬੇਨਿਯਮੀਆਂ ਦੇ ਦੋਸ਼ ’ਚ PNRC ਦੀ ਸਾਬਕਾ ਰਜਿਸਟਰਾਰ ਤੇ ਡਾ. ਗਿੱਲ ਗ੍ਰਿਫ਼ਤਾਰ

Sunday, Aug 04, 2024 - 12:46 AM (IST)

ਚੰਡੀਗੜ੍ਹ/ਹੁਸ਼ਿਆਰਪੁਰ (ਅੰਕੁਰ, ਘੁੰਮਣ, ਰਾਕੇਸ਼) - ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਮੋਹਾਲੀ (ਪੀ.ਐੱਨ.ਆਰ.ਸੀ.) ਦੀ ਸਾਬਕਾ ਰਜਿਸਟਰਾਰ ਅਤੇ ਨਰਸਿੰਗ ਸਿਖਲਾਈ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ (ਸੇਵਾਮੁਕਤ) ਚਰਨਜੀਤ ਕੌਰ ਚੀਮਾ ਅਤੇ ਡਾ. ਅਰਵਿੰਦਰਵੀਰ ਸਿੰਘ ਗਿੱਲ, ਵਾਸੀ ਬਸੰਤ ਵਿਹਾਰ, ਹੁਸ਼ਿਆਰਪੁਰ ਨੂੰ ਉਨ੍ਹਾਂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਦੀ ਤਫ਼ਤੀਸ਼ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।

ਪੀ. ਐੱਨ. ਆਰ. ਸੀ. ਨੂੰ ਸਰਕਾਰ ਵੱਲੋਂ ਪੰਜਾਬ ’ਚ ਸਥਾਪਿਤ ਨਰਸਿੰਗ ਕਾਲਜਾਂ/ਸੰਸਥਾਵਾਂ ਨੂੰ ਮਾਨਤਾ ਦੇਣ, ਸੀਟਾਂ ਦੀ ਵੰਡ, ਏ. ਐੱਨ. ਐੱਮ. ਅਤੇ ਜੀ. ਐੱਨ. ਐੱਮ. ਕੋਰਸਾਂ/ਪ੍ਰੀਖਿਆਵਾਂ ਕਰਵਾਉਣ ਸਬੰਧੀ ਪ੍ਰਵਾਨਗੀ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਚਰਨਜੀਤ ਕੌਰ ਚੀਮਾ ਨੇ ਡਾ. ਅਰਵਿੰਦਰਵੀਰ ਸਿੰਘ ਗਿੱਲ ਨਾਲ ਮਿਲੀਭੁਗਤ ਕਰ ਕੇ 15 ਵਿਦਿਆਰਥੀਆਂ ਤੋਂ ਹਲਫ਼ੀਆ ਬਿਆਨ ਲੈ ਕੇ ਤੇ ਕੇ. ਡੀ. ਕਾਲਜ ਆਫ ਨਰਸਿੰਗ ਮਾਹਿਲਪੁਰ ਦੇ ਸਾਬਕਾ ਪ੍ਰਿੰਸੀਪਲ ਤੋਂ ਦਸਤਾਵੇਜ਼ ਦੁਬਾਰਾ ਤਸਦੀਕ ਕਰਵਾ ਕੇ ਨਤੀਜਾ ਐਲਾਨ ਦਿੱਤਾ।

ਉਕਤ ਨਿਜੀ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਪੀ. ਐੱਨ. ਆਰ. ਸੀ. ’ਚ ਜਾਅਲੀ ਰਿਕਾਰਡ ਤਿਆਰ ਕੀਤੇ ਗਏ ਅਤੇ ਉਸ ਰਿਕਾਰਡ ਨਾਲ ਛੇੜਛਾੜ ਵੀ ਕੀਤੀ ਗਈ ਤੇ ਲੋੜੀਂਦੇ ਦਾਖ਼ਲਾ ਫਾਰਮ, ਲੋੜੀਂਦੇ ਪ੍ਰੀਖਿਆ ਫਾਰਮਾਂ ਅਤੇ ਪ੍ਰੀਖਿਆ ਫੀਸ ਤੋਂ ਬਿਨਾਂ ਹੀ ਇਨ੍ਹਾਂ 15 ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ।

ਚਰਨਜੀਤ ਕੌਰ ਚੀਮਾ ਵਾਸੀ ਰਣਜੀਤ ਐਵੀਨਿਊ (ਕਿਲ੍ਹਾ ਟੇਕ ਸਿੰਘ), ਬਟਾਲਾ ਨੇ ਰਜਿਸਟਰਾਰ ਵਜੋਂ ਆਪਣੇ ਕਾਰਜਕਾਲ ਦੌਰਾਨ ਪ੍ਰੀਖਿਆਵਾਂ ਕਰਵਾਉਣ ਲਈ ਜਾਰੀ ਕੀਤੇ ਸਰਕਾਰੀ ਫੰਡਾਂ ਦੀ ਵਰਤੋਂ ਸਬੰਧੀ ਬਿੱਲ ਪੀ.ਐੱਨ.ਆਰ.ਸੀ. ਨੂੰ ਕਰੀਬ 2 ਸਾਲ ਬਾਅਦ ਜਮ੍ਹਾਂ ਕਰਵਾਏ ਸਨ। ਇਨ੍ਹਾਂ ਬਿੱਲਾਂ ਦੀ ਜਾਂਚ ਉਪਰੰਤ ਕੁੱਲ 1,53,900 ਰੁਪਏ ਦੀਆਂ ਰਸੀਦਾਂ ਜਾਅਲੀ ਪਾਈਆਂ ਗਈਆਂ ਅਤੇ 40,776 ਰੁਪਏ ਦੇ ਖਰਚੇ ਦੇ ਬਿੱਲ ਸ਼ੱਕੀ ਪਾਏ ਗਏ।

ਇਸੇ ਤਰ੍ਹਾਂ ਮਜ਼ਦੂਰੀ ਸਬੰਧੀ ਖ਼ਰਚਾ 750 ਰੁਪਏ ਅਤੇ ਵਾਹਨ ਦਾ ਕਿਰਾਇਆ 800 ਰੁਪਏ ਮਿਲਾ ਕੇ ਬਿੱਲਾਂ ਦੀ ਕੁੱਲ ਰਕਮ ਸਿਰਫ਼ 1550 ਰੁਪਏ ਬਣਦੀ ਸੀ ਪਰ ਉਸ ਨੇ ਇਹ ਖ਼ਰਚਾ 1940 ਰੁਪਏ ਹੋਣ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਉਸ ਨੇ ਦਸੰਬਰ 2013 ਦੀਆਂ ਪ੍ਰੀਖਿਆਵਾਂ ਦੇ ਪੇਪਰਾਂ ਦੀ ਰੀ-ਚੈਕਿੰਗ ਲਈ ਚੇਅਰਪਰਸਨ ਤੋਂ ਮਨਜ਼ੂਰੀ ਲੈ ਲਈ ਜਦਕਿ ਕਈ ਪੇਪਰ ਬਿਨਾਂ ਹਸਤਾਖਰਾਂ ਤੇ ਬਿਨਾਂ ਕੋਈ ਫੀਸ ਲਏ ਰੀ-ਚੈਕਿੰਗ ਕੀਤੇ ਮਿਲੇ। ਜਨਵਰੀ 2013 ਦੀ ਪ੍ਰੀਖਿਆ ਦੇ ਪੇਪਰਾਂ ਦੀ ਰੀ-ਚੈਕਿੰਗ/ਰੀ-ਵੈਲਿਊਏਸ਼ਨ ਚੇਅਰਪਰਸਨ ਦੀ ਪ੍ਰਵਾਨਗੀ ਤੋਂ ਬਿਨਾਂ ਅਸਲ ਅਰਜ਼ੀਆਂ ਤੇ ਲੋੜੀਂਦੀਆਂ ਫੀਸਾਂ ਲਏ ਬਿਨਾਂ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਰੀ-ਚੈਕਿੰਗ/ਰੀ-ਵੈਲਿਊਏਸ਼ਨ ਦਾ ਰਿਕਾਰਡ ਪੀ. ਐੱਨ. ਆਰ. ਸੀ. ’ਚ ਮੌਜੂਦ ਨਹੀਂ ਹੈ।

ਇਸ ਜਾਂਚ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਆਈ. ਪੀ. ਸੀ. ਦੀ ਧਾਰਾ 409, 420, 465, 467, 471, 201, 120-ਬੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1)ਏ ਤੇ 13(2) ਤਹਿਤ ਕੇਸ ਦਰਜ ਕੀਤਾ ਹੈ।


Inder Prajapati

Content Editor

Related News