ਵਿਰਸਾ ਸਿੰਘ ਵਲਟੋਹਾ 'ਤੇ ਲੱਗੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ, ਅਦਾਲਤ ਪੁੱਜਾ ਮਾਮਲਾ
Thursday, Aug 05, 2021 - 10:53 AM (IST)
ਤਰਨਤਾਰਨ (ਰਮਨ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ 17 ਜੂਨ ਨੂੰ ਪਾਰਟੀ ਵੱਲੋਂ ਦਿੱਤੇ ਧਰਨੇ ਦੌਰਾਨ ਉਸ ਸਮੇਂ ਦੇ ਡੀ. ਸੀ. ਖ਼ਿਲਾਫ਼ ਮਾੜੀ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਅਤੇ ਹੋਰਨਾਂ ਦੇ ਬਿਆਨਾਂ ਹੇਠ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ ’ਚ ਗਵਾਹੀ ਨਾ ਦੇਣ ਸਬੰਧੀ ਵਿਰਸਾ ਸਿੰਘ ਵਲਟੋਹਾ ਵੱਲੋਂ ਫੋਨ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਅਤੇ ਪ੍ਰਾਈਵੇਟ ਗਵਾਹ ਵੱਲੋਂ ਬੁੱਧਵਾਰ ਮਾਣਯੋਗ ਅਦਾਲਤ ’ਚ ਪੇਸ਼ ਹੋ ਵਲਟੋਹਾ ਦੀ ਬੇਲ ਅਰਜ਼ੀ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ
ਇਸ ਮਾਮਲੇ ਨਾਲ ਸਬੰਧਤ ਕੇਸ ਮਾਣਯੋਗ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ’ਚ ਚੱਲ ਰਿਹਾ ਹੈ, ਜਿਸ ’ਚ ਪ੍ਰਾਈਵੇਟ ਤੌਰ ’ਤੇ ਦੋ ਗਵਾਹ ਜਿਨ੍ਹਾਂ ’ਚ ਕਾਂਗਰਸੀ ਆਗੂ ਤੇਜਪ੍ਰੀਤ ਸਿੰਘ ਪੀਟਰ ਅਤੇ ਗੁਰਲਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਵਾਸੀ ਭਿੱਖੀਵਿੰਡ ਸ਼ਾਮਲ ਹਨ। ਵਿਰਸਾ ਸਿੰਘ ਵਲਟੋਹਾ ਨੇ ਬੁੱਧਵਾਰ ਅਦਾਲਤ ’ਚ ਆਪਣੀ ਹਾਜ਼ਰੀ ਲਗਵਾਈ। ਇਸ ਦੌਰਾਨ ਗਵਾਹ ਗੁਰਲਾਲ ਸਿੰਘ ਨੇ ਆਪਣੀ ਵਕੀਲ ਨਵਜੋਤ ਕੌਰ ਚੱਬਾ ਦੀ ਹਾਜ਼ਰੀ ’ਚ ਮਾਣਯੋਗ ਅਦਾਲਤ ਨੂੰ ਇਕ ਹੋਰ ਅਰਜ਼ੀ ਦਿੰਦੇ ਹੋਏ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਉਸ ਨੂੰ ਗਵਾਹੀ ਨਾ ਦੇਣ ਤੋਂ ਧਮਕਾਏ ਜਾਣ ਬਾਰੇ ਲਿਖਿਆ ਹੈ। ਇਸ ਦੇ ਨਾਲ ਹੀ ਗੁਰਲਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ 2017 ਦੌਰਾਨ ਉਸ ਦੇ ਪਿਤਾ ਦੇ ਫੋਨ ਉੱਪਰ ਵਿਰਸਾ ਸਿੰਘ ਵਲਟੋਹਾ ਵੱਲੋਂ ਧਮਕਾਇਆ ਗਿਆ ਸੀ ਅਤੇ ਹੁਣ ਫਿਰ ਉਸ ਨੂੰ ਫੋਨ ’ਤੇ ਦੋਬਾਰਾ ਧਮਕਾਇਆ ਜਾ ਰਿਹਾ ਹੈ। ਗੁਰਲਾਲ ਸਿੰਘ ਨੇ ਅਦਾਲਤ ਨੂੰ ਵਿਰਸਾ ਸਿੰਘ ਵਲਟੋਹਾ ਦੀ ਬੇਲ ਰੱਦ ਕਰਨ ਦੀ ਅਪੀਲ ਕੀਤੀ ਹੈ। ਇਸ ਅਰਜ਼ੀ ਦੇ ਨਾਲ ਗੁਰਲਾਲ ਸਿੰਘ ਵੱਲੋਂ ਰਿਕਾਰਡਿੰਗ ਵੀ ਪੇਸ਼ ਕੀਤੀ ਗਈ ਹੈ। ਇਸ ਕੇਸ ਦੀ ਅਗਲੀ ਸੁਣਵਾਈ ਲਈ ਅਦਾਲਤ ਨੇ 11 ਅਗਸਤ 2021 ਦੀ ਤਾਰੀਖ ਰੱਖੀ ਹੈ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ
ਜਾਣਕਾਰੀ ਅਨਸੁਾਰ 2017 ਦੌਰਾਨ ਮਿਤੀ 17 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਿੱਦੀ ਵਿਖੇ ਦਿੱਤੇ ਧਰਨੇ ਦੌਰਾਨ ਅਕਾਲੀ ਦਲ ਬਾਦਲ ਪਾਰਟੀ ਦੇ ਕਈ ਸੀਨੀਅਰ ਨੇਤਾ ਅਤੇ ਵਿਧਾਇਕ ਸ਼ਾਮਲ ਹੋਏ ਸਨ, ਜਿਸ ’ਚ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਜ਼ਿਲੇ ਦੇ ਡਿਪਟੀ ਕਮਿਸ਼ਰ (ਡੀ.ਪੀ ਐੱਸ ਖਰਬੰਦਾ) ਖ਼ਿਲਾਫ਼ ਅਤੇ ਪ੍ਰਸ਼ਾਸਨ ਖ਼ਿਲਾਫ਼ ਸ਼ਰੇਆਮ ਬੜੀ ਗੰਦੀ ਅਤੇ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਥਾਣਾ ਸਦਰ ਵਿਖੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਡੀ. ਐੱਸ. ਪੀ. ਭਿੱਖੀਵਿੰਡ ਵੱਲੋਂ ਜਾਚ ਕੀਤੀ ਗਈ ਸੀ। ਜਿਸ ਤੋਂ ਬਾਅਦ ਥਾਣਾ ਸਦਰ ਦੇ ਮੁਖੀ ਵੱਲੋਂ ਧਾਰਾ 189 ਆਈ. ਪੀ. ਸੀ. ਤਹਿਤ ਕਲੰਦਰਾ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਇਸ ਸਬੰਧੀ ਮਾਣਯੋਗ ਅਦਾਲਤ ਵਿਚ ਕਾਂਗਰਸੀ ਨੇਤਾ ਤੇਜਪ੍ਰੀਤ ਸਿੰਘ ਪੀਟਰ ਵੱਲੋਂ ਪੇਸ਼ ਹੋਏ ਵਕੀਲ ਮੈਡਮ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਕੀਤੇ ਗਏ ਕੇਸ ਸਬੰਧੀ ਗਵਾਹ ਨੂੰ ਧਮਕਾਉਣ ਬਾਬਤ ਅਰਜ਼ੀ ਦਾਖਲ਼ ਕੀਤੀ ਗਈ ਹੈ, ਜਿਸ ’ਚ ਵਲਟੋਹਾ ਦੀ ਬੇਲ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਮਾਣਯੋਗ ਅਦਾਲਤ ਵੱਲੋਂ ਕੇਸ ਦੇ ਜਾਂਚ ਅਧਿਕਾਰੀ ਕਸ਼ਮੀਰ ਸਿੰਘ ਦੇ ਬਿਆਨ ਦਰਜ ਕੀਤੀ ਗਏ ਹਨ। ਐਡਵੋਕੇਟ ਚੱਬਾ ਨੇ ਦੱਸਿਆ ਕਿ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਅਗਲੇਰੀ ਸੁਣਵਾਈ ਲਈ 11 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਿਛਲੇ ਕਰੀਬ ਚਾਰ ਸਾਲਾਂ ਤੋਂ ਜਾਰੀ ਇਸ ਕੇਸ ਦਾ ਨਿਪਟੇਰਾ ਅਗਲੇ ਛੇ ਮਹੀਨਿਆਂ ਦੌਰਾਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਪਾਤੜਾਂ ਵਿਖੇ ਬਰਸਾਤੀ ਪਾਣੀ ’ਚ ਡੁੱਬਣ ਨਾਲ 7 ਸਾਲਾ ਬੱਚੇ ਦੀ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ