ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਪੰਜ ਤੱਤਾਂ ’ਚ ਹੋਏ ਵਿਲੀਨ, ਪੁੱਤਰ ਨੇ ਦਿੱਤੀ ਮੁੱਖ ਅਗਨੀ
Tuesday, May 24, 2022 - 01:48 PM (IST)
ਮੋਗਾ (ਵਿਪਿਨ) : ਸ਼੍ਰੋਮਣੀ ਅਕਾਲੀ ਦੀ ਜੜ੍ਹ ਕਹੇ ਜਾਣ ਵਾਲੇ ਜੱਥੇਦਾਰ ਤੋਤਾ ਸਿੰਘ 21 ਮਈ ਦਿਨ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੀ ਕੋਠੀ ਦੇ ਨਾਲ ਲੱਗਦੇ ਪਲਾਟ ’ਚ ਹੀ ਕੀਤਾ ਗਿਆ। 81 ਸਾਲਾ ਤੋਤਾ ਸਿੰਘ ਦਾ ਜਨਮ 2 ਮਾਰਚ 1941 ਨੂੰ ਨਿਹਾਲ ਸਿੰਘ ਵਾਲਾ ਪਿੰਡ ਦੀਦਾਰੇਵਾਲਾ ਵਿਖੇ ਹੋਇਆ। ਉੱਥੇ ਹੀ ਤੋਤਾ ਸਿੰਘ ਨੇ 1960 ’ਚ ਆਪਣਾ ਸਿਆਸੀ ਜੀਵਨ ਇਕ ਸਰਪੰਚ ਦੇ ਤੌਰ ’ਤੇ ਸ਼ੁਰੂ ਕੀਤਾ ਸੀ। ਤੋਤਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਕਈ ਅਹੁਦਿਆਂ ’ਤੇ ਰਹੇ। ਮੋਗਾ ਤੋਂ 1997 ’ਚ ਪਹਿਲੀ ਵਾਰ ਐੱਮ.ਐੱਲ.ਏ. ਚੋਣਾਂ ਲੜੇ ਤੋਤਾ ਸਿੰਘ ਪੰਜਾਬ ’ਚ ਪਹਿਲੇ ਸਿੱਖਿਆ ਮੰਤਰੀ ਅਤੇ ਫਿਰ ਖੇਤੀਬਾੜੀ ਮੰਤਰੀ ਵੀ ਰਹੇ। 2022 ’ਚ ਤੀਸਰੀ ਵਾਰ ਧਰਮਕੋਟ ਤੋਂ ਚੋਣਾਂ ਲੜੇ ਅਤੇ ਇਸ ਵਾਰ ਉਹ ਹਾਰ ਗਏ ਸਨ। ਉਸ ਤੋਂ ਬਾਅਦ ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਫੋਰਟਿਸ ਹਸਪਤਾਲ ਮੋਹਾਲੀ ਤੋਂ ਚੱਲ ਰਿਹਾ ਸੀ। ਇਲਾਜ ਦੌਰਾਨ 21 ਮਈ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ
ਤੋਤਾ ਸਿੰਘ ਦਾ ਇਕ ਪੁੱਤਰ ਅਤੇ ਇਕ ਪੁੱਤਰੀ ਵਿਦੇਸ਼ ’ਚ ਰਹਿੰਦੇ ਹਨ। ਉਨ੍ਹਾਂ ਦੇ ਆਉਣ ’ਤੇ ਹੀ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਕੋਠੀ ਦੇ ਨਾਲ ਲੱਗਦੇ ਇਕ ਪਲਾਟ ’ਚ ਹੀ ਕੀਤਾ ਗਿਆ। ਇਸ ਮੌਕੇ ਸਮਾਜਿਕ, ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਬਰਾੜ ਨੇ ਮੁਖ ਅਗਨੀ ਦਿੱਤੀ। ਉੱਥੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਜਨਮੇਜਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ ਅਤੇ ਬਲਵੰਤ ਸਿੰਘ ਰਾਮੂਵਾਲਾ, ਜਗਮੀਤ ਸਿੰਘ ਬਰਾੜ ਆਦਿ ਪਹੁੰਚੇ।
ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦੇ ਹਥਿਆਰਾਂ ਵਾਲੇ ਬਿਆਨ ’ਤੇ CM ਮਾਨ ਦੀ ਪ੍ਰਤੀਕਿਰਿਆ ਆਈ ਸਾਹਮਣੇ