ਡਰੱਗ ਤਸਕਰੀ ਕੇਸ : ਸਾਬਕਾ ਮੰਤਰੀ ਫਿਲੌਰ ਸਮੇਤ 12 ਖਿਲਾਫ ਦੋਸ਼ ਤੈਅ

Wednesday, Oct 10, 2018 - 07:54 AM (IST)

ਡਰੱਗ ਤਸਕਰੀ ਕੇਸ : ਸਾਬਕਾ ਮੰਤਰੀ ਫਿਲੌਰ ਸਮੇਤ 12 ਖਿਲਾਫ ਦੋਸ਼ ਤੈਅ

ਮੋਹਾਲੀ, (ਕੁਲਦੀਪ)- ਬਹੁ-ਕਰੋੜੀ ਸਿੰਥੈਟਿਕ ਡਰੱਗਜ਼ ਸਮੱਗਲਿੰਗ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਈ. ਡੀ. ਵੱਲੋਂ ਸਾਬਕਾ ਅਕਾਲੀ ਜੇਲ ਮੰਤਰੀ ਸਰਵਣ ਸਿੰਘ ਫਿਲੌਰ, ਭਾਜਪਾ ਆਗੂ ਅਤੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਸਮੇਤ ਕੁੱਲ 12 ਮੁਲਜ਼ਮਾਂ ਖਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤੇ ਵੱਖਰੇ ਕੇਸ ਦੀ ਸੁਣਵਾਈ ਅੱਜ ਸੀ. ਬੀ. ਆਈ. ਦੀ ਅਦਾਲਤ ਵਿਚ ਹੋਈ। ਮਾਣਯੋਗ ਅਦਾਲਤ ਨੇ ਇਸ ਕੇਸ ਦੇ ਸਾਰੇ ਮੁਲਜ਼ਮਾਂ ਖਿਲਾਫ਼ ਮਨੀ ਲਾਂਡਰਿੰਗ ਐਕਟ ਦੀ ਧਾਰਾ 4 ਤਹਿਤ ਦੋਸ਼ ਚਾਰਜ ਫਰੇਮ ਕਰ ਦਿੱਤੇ ਹਨ। ਅਦਾਲਤ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 23 ਅਕਤੂਬਰ ਤੈਅ ਕਰ ਦਿੱਤੀ ਹੈ।


ਦੱਸਣਯੋਗ ਹੈ ਕਿ ਈ. ਡੀ. ਦੇ ਡਿਪਟੀ ਡਾਇਰੈਕਟਰ ਵੱਲੋਂ ਈ. ਡੀ. ਦੇ ਸਪੈਸ਼ਲ ਪ੍ਰਾਸੀਕਿਊਟਰ ਜਗਜੀਤਪਾਲ ਸਿੰਘ ਸਰਾਓ ਦੇ ਰਾਹੀਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਸਰਵਣ ਸਿੰਘ ਫਿਲੌਰ (ਸਾਬਕਾ ਅਕਾਲੀ ਜੇਲ ਮੰਤਰੀ), ਦਮਨਵੀਰ ਸਿੰਘ ਫਿਲੌਰ (ਪੁੱਤਰ ਸਰਵਣ ਸਿੰਘ ਫਿਲੌਰ), ਅਵਿਨਾਸ਼ ਚੰਦਰ (ਸਾਬਕਾ ਐੱਮ. ਐੱਲ. ਏ. ਅਤੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ), ਫਾਰਮਾਸਿਊਟੀਕਲਜ਼ ਕੰਪਨੀ ਦੇ ਮਾਲਕ ਜਗਜੀਤ ਸਿੰਘ ਚਹਿਲ, ਪਰਮਜੀਤ ਸਿੰਘ ਚਹਿਲ, ਇੰਦਰਜੀਤ ਕੌਰ ਚਹਿਲ (ਪਤਨੀ ਜਗਜੀਤ ਸਿੰਘ ਚਹਿਲ), ਦਵਿੰਦਰ ਕਾਂਤ ਸ਼ਰਮਾ (ਹਿਮਾਚਲ ਪ੍ਰਦੇਸ਼), ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ (ਪਤਨੀ ਸੁਸ਼ੀਲ ਸਰਦਾਨਾ), ਰਸ਼ਮੀ ਸਰਦਾਨਾ (ਪਤਨੀ ਸਚਿਨ ਸਰਦਾਨਾ) ਕੁੱਲ 12 ਵਿਅਕਤੀਆਂ ਦੇ ਨਾਂ ਸ਼ਾਮਲ ਕੀਤੇ ਗਏ ਸਨ।


ਉਕਤ ਸਾਰੇ ਮੁਲਜ਼ਮਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੰਜਾਬ ਪੁਲਸ ਦੇ ਡਿਸਮਿਸ ਹੋ ਚੁੱਕੇ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਨਾਲ ਮਿਲ ਕੇ ਸਿੰਥੈਟਿਕ ਡਰੱਗਜ਼ ਸਮੱਗਲਿੰਗ  ਰਾਹੀਂ ਕਰੋੜਾਂ ਰੁਪਏ ਇਕੱਠੇ ਕੀਤੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ 25 ਮਾਰਚ 2013 ਨੂੰ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ। ਈ. ਡੀ. ਵੱਲੋਂ ਬੀਤੇ ਸਾਲ ਮੁਲਜ਼ਮਾਂ ਖਿਲਾਫ਼ ਸੀ. ਬੀ. ਆਈ. ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਅਤੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਸਮੇਤ ਚਾਰ ਮੁਲਜ਼ਮਾਂ ਵੱਲੋਂ ਕੁਝ ਸਮਾਂ ਪਹਿਲਾਂ ਅਦਾਲਤ ਵਿਚ ਡਿਸਚਾਰਜ ਐਪਲੀਕੇਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤਾ ਸੀ। ਹੁਣ ਅਦਾਲਤ ਨੇ ਸਾਰੇ ਮੁਲਜ਼ਮਾਂ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ।


Related News