''ਮੁਲਤਾਨੀ ਅਗਵਾ ਮਾਮਲੇ'' ''ਚ ਨਵਾਂ ਮੋੜ, ਸਾਬਕਾ DGP ਸੈਣੀ ਖਿਲਾਫ਼ ਚੱਲੇਗਾ ਕਤਲ ਦਾ ਕੇਸ

Saturday, Aug 22, 2020 - 10:42 AM (IST)

''ਮੁਲਤਾਨੀ ਅਗਵਾ ਮਾਮਲੇ'' ''ਚ ਨਵਾਂ ਮੋੜ, ਸਾਬਕਾ DGP ਸੈਣੀ ਖਿਲਾਫ਼ ਚੱਲੇਗਾ ਕਤਲ ਦਾ ਕੇਸ

ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਹੋਰ ਖਿਲਾਫ਼ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਟਾਰਚਰ ਕਰਨ ਦੇ ਨਾਲ-ਨਾਲ ਹੁਣ ਕਤਲ ਕਰਨ ਦਾ ਮਾਮਲਾ ਵੀ ਚੱਲੇਗਾ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੀ ਡਿਊਟੀ ਮੈਜਿਸਟ੍ਰੇਟ ਸਰਵੀਣ ਕੌਰ ਨੇ ਉਕਤ ਹੁਕਮ ਜਾਰੀ ਕੀਤੇ ਹਨ। ਕਤਲ ਦੀ ਧਾਰਾ ਸਹਿ ਮੁਲਜ਼ਮ ਅਤੇ ਹੁਣ ਵਾਅਦਾ ਮੁਆਫ਼ ਗਵਾਹ ਬਣੇ ਚੰਡੀਗੜ੍ਹ ਪੁਲਸ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਜਾਗੀਰ ਸਿੰਘ ਅਤੇ ਕੁਲਦੀਪ ਸਿੰਘ ਦੇ ਮੋਹਾਲੀ ਟ੍ਰਾਇਲ ਕੋਰਟ 'ਚ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਜੋੜੀ ਗਈ ਹੈ।

ਮੁਲਤਾਨੀ ਨੂੰ ਚੰਡੀਗੜ੍ਹ 'ਚ ਸੈਣੀ ਦੇ ਕਾਫ਼ਲੇ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ 'ਚ ਪੁਲਸ ਨੇ ਘਰ ਤੋਂ ਚੁੱਕਿਆ ਸੀ, ਜਿਸ ਤੋਂ ਬਾਅਦ ਉਹ ਗਾਇਬ ਹੋ ਗਿਆ ਸੀ। ਉਸ ਸਮੇਂ ਸੈਣੀ ਚੰਡੀਗੜ੍ਹ ਦੇ ਐੱਸ. ਐੱਸ. ਪੀ. ਸਨ ਅਤੇ ਵਾਅਦਾ ਮੁਆਫ਼ ਗਵਾਹ ਬਣੇ ਦੋਵੇਂ ਸਬ-ਇੰਸਪੈਕਟਰ ਸਨ। ਉਨ੍ਹਾਂ ਬਿਆਨ ਦਿੱਤੇ ਹਨ ਕਿ ਮੁਲਤਾਨੀ ਨੂੰ ਉਨ੍ਹਾਂ ਦੇ ਸਾਹਮਣੇ ਸੈਕਟਰ-17 ਪੁਲਸ ਥਾਣੇ 'ਚ 13 ਦਸੰਬਰ, 1991 ਨੂੰ ਸੈਣੀ ਦੇ ਕਹਿਣ ’ਤੇ ਲੱਕੜੀ ਦੇ ਡੰਡੇ ਨੂੰ ਗੁਦਾ ਦੁਆਰ 'ਚ ਪਾ ਕੇ ਟਾਰਚਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਦੋ ਦਿਨ ਬਾਅਦ ਜਦੋਂ ਮੁੜ ਪੁਲਸ ਥਾਣੇ ਗਏ ਤਾਂ ਖੁਦ ਸੈਣੀ ਨੇ ਹੀ ਦੱਸਿਆ ਸੀ ਕਿ ਮੁਲਤਾਨੀ ਦੀ ਪੁਲਸ ਹਿਰਾਸਤ 'ਚ ਮੌਤ ਹੋ ਗਈ ਹੈ।

ਉਸ ਸਮੇਂ ਸਬ-ਇੰਸਪੈਕਟਰ ਰਹੇ ਸਤਬੀਰ ਸਿੰਘ, ਇੰਸਪੈਕਟਰ ਪ੍ਰੇਮ ਸਿੰਘ ਮਲਿਕ ਅਤੇ ਡੀ. ਐੱਸ. ਪੀ. ਬਲਦੇਵ ਸਿੰਘ ਨੇ ਸੈਣੀ ਦੇ ਹੁਕਮਾਂ ’ਤੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਸੀ। ਬਾਅਦ 'ਚ ਜ਼ਿਲ੍ਹਾ ਬਟਾਲਾ ਦੇ ਕਾਦੀਆਂ ਪੁਲਸ ਥਾਣੇ 'ਚ ਮੁਲਤਾਨੀ ਖਿਲਾਫ਼ ਉਕਤ ਦੋਵੇਂ ਵਾਅਦਾ ਮੁਆਫ਼ ਗਵਾਹ ਹੀ ਰਿਪੋਰਟ ਦਰਜ ਕਰਵਾ ਕੇ ਆਏ ਸਨ, ਜਿਸ 'ਚ ਉਸ ਨੂੰ ਭਗੌੜਾ ਦੱਸਿਆ ਗਿਆ ਸੀ। ਬਲਵੰਤ ਸਿੰਘ ਵੱਲੋਂ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਸਾਰੇ ਜਾਣਦੇ ਸਨ ਕਿ ਮੁਲਤਾਨੀ ਦਾ ਟਾਰਚਰ ਕਰ ਕੇ ਕਤਲ ਕੀਤਾ ਗਿਆ ਹੈ। ਪੰਜਾਬ ਪੁਲਸ ਦੀ ਐੱਸ. ਆਈ. ਟੀ. ਨੇ ਜਾਂਚ ਤੋਂ ਬਾਅਦ ਮੋਹਾਲੀ ਦੇ ਮਟੌਰ ਥਾਣੇ 'ਚ ਦਰਜ ਐੱਫ. ਆਈ. ਆਰ. 'ਚ ਧਾਰਾ-302 ਜੋੜੀ ਹੈ।

ਐੱਫ. ਆਈ. ਆਰ. ਨੂੰ ਸੈਣੀ ਨੇ ਹਾਈਕੋਰਟ 'ਚ ਚੁਣੌਤੀ ਦਿੱਤੀ ਹੋਈ ਹੈ। ਸੈਣੀ ਨੇ ਐੱਫ. ਆਈ. ਆਰ. ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਕ ਹੀ ਮਾਮਲੇ 'ਚ ਦੋ ਐੱਫ. ਆਈ. ਆਰ. ਦਰਜ ਨਹੀਂ ਹੋ ਸਕਦੀਆਂ, ਕਿਉਂਕਿ ਸੀ. ਬੀ. ਆਈ. ਪਹਿਲਾਂ ਹੀ ਐੱਫ. ਆਈ. ਆਰ. ਦਰਜ ਕਰਕੇ ਜਾਂਚ ਕਰ ਚੁੱਕੀ ਹੈ। ਹੁਣ ਇਸ ਪਟੀਸ਼ਨ ’ਤੇ 23 ਅਗਸਤ ਨੂੰ ਸੁਣਵਾਈ ਹੋਣੀ ਹੈ। ਪੰਜਾਬ ਸਰਕਾਰ ਨੇ ਵੀ ਪਟੀਸ਼ਨ ਦਾਖ਼ਲ ਕਰ ਕੇ ਸੈਣੀ ਨੂੰ ਮਾਮਲੇ 'ਚ ਮੋਹਾਲੀ ਅਦਾਲਤ ਵੱਲੋਂ ਦਿੱਤੀ ਜ਼ਮਾਨਤ ਨੂੰ ਚੁਣੌਤੀ ਦਿੱਤੀ ਹੋਈ ਹੈ, ਜਿਸ ’ਤੇ ਅਜੇ ਸੁਣਵਾਈ ਹੋਣੀ ਹੈ। ਧਾਰਾ-302 ਜੁੜ ਜਾਣ ਤੋਂ ਬਾਅਦ ਸਰਕਾਰ ਦਾ ਪੱਖ ਹੋਰ ਮਜ਼ਬੂਤ ਹੋ ਗਿਆ ਹੈ।
 


author

Babita

Content Editor

Related News