ਸਾਬਕਾ ਕੌਂਸਲਰ ਪਤੀ ਵੱਲੋਂ ਸਰਕਾਰੀ ਜ਼ਮੀਨ ''ਤੇ ਨਾਜਾਇਜ਼ ਕਬਜ਼ਾ ਕੀਤੇ ਜਾਣ ਦਾ ਦੋਸ਼

Wednesday, Apr 11, 2018 - 04:40 AM (IST)

ਜਲੰਧਰ, (ਮਹੇਸ਼)— ਮੋਹਨ ਵਿਹਾਰ ਵਾਸੀ ਗੁਰਦੇਵ ਸਿੰਘ ਘੁੰਮਣ ਤੇ ਹੋਰ ਮੁਹੱਲਾ ਵਾਸੀਆਂ ਨੇ ਅਕਾਲੀ-ਭਾਜਪਾ ਦੀ ਸਾਬਕਾ ਕੌਂਸਲਰ ਦੇ ਸਰਕਾਰੀ ਮੁਲਾਜ਼ਮ ਪਤੀ ਸ਼ਮਸ਼ੇਰ ਸਿੰਘ ਢੀਂਡਸਾ ਵੱਲੋਂ ਮੋਹਨ ਵਿਹਾਰ ਸਥਿਤ ਆਪਣੇ ਨਿਵਾਸ ਸਥਾਨ ਵਿਚ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤੇ ਜਾਣ ਦੀ ਸ਼ਿਕਾਇਤ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਕੀਤੀ ਸੀ, ਜਿਸ 'ਤੇ ਅੱਜ ਸਰਕਾਰੀ ਅਧਿਕਾਰੀਆਂ ਦੀ ਟੀਮ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ। 
ਮੁਹੱਲਾ ਮੋਹਨ ਵਿਹਾਰ ਪਹੁੰਚੀ ਸਰਕਾਰੀ ਟੀਮ ਵਿਚ ਪਟਵਾਰੀ ਐੱਮ. ਸੀ. ਜੇ. ਵਿਭਾਗ ਬਲਜਿੰਦਰ ਸਿਘ, ਮਾਲੀਆ ਵਿਭਾਗ ਦੇ ਕਾਨੂੰਨਗੋ ਪਰਮਿੰਦਰ ਕੁਮਾਰ, ਨਹਿਰੀ ਵਿਭਾਗ ਦੇ ਅਧਿਕਾਰੀ ਜਸਪਤਾਲ ਕੌਰ ਮੌਜੂਦ ਸਨ। ਪਟਵਾਰੀ ਬਲਜਿੰਦਰ ਸਿੰਘ ਵੱਲੋਂ ਮੌਕੇ 'ਤੇ ਜ਼ਮੀਨ ਦੀ ਮਿਣਤੀ ਕਰਵਾਈ ਗਈ। ਮੁਹੱਲਾ ਮੋਹਨ ਵਿਹਾਰ ਵਾਸੀ ਗੁਰਦੇਵ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਵਿਧਾਇਕ ਰਾਜਿੰਦਰ ਬੇਰੀ ਤੋਂ ਪਹਿਲਾਂ ਕੌਂਸਲਰ ਮਨਦੀਪ ਕੌਰ ਮੁਲਤਾਨੀ ਦੇ ਪਤੀ ਕਾਂਗਰਸੀ ਨੇਤਾ ਗੁਰਨਾਮ ਸਿੰਘ ਮੁਲਤਾਨੀ ਦੇ ਧਿਆਨ ਵਿਚ ਲਿਆਂਦਾ ਸੀ। ਸਰਕਾਰੀ ਅਧਿਕਾਰੀਆਂ ਨੂੰ ਅੱਜ ਮੌਕੇ 'ਤੇ ਮੌਜੂਦ ਗੁਰਦੇਵ ਸਿੰਘ ਘੁੰਮਣ ਤੇ ਸੂਬਾ ਸਕੱਤਰ ਤੇ ਸੀਨੀਅਰ ਕਾਂਗਰਸ ਆਗੂ ਮਨੋਜ ਅਗਰਵਾਲ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਸਰਕਾਰੀ ਟੀਮ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਬਣਾ ਕੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਭੇਜਣਗੇ। ਇਸ ਮੌਕੇ ਹਰੀ ਸਿੰਘ ਕਲੇਰ, ਰਮਿੰਦਰ ਸਿੰਘ ਸੰਧੂ, ਦਲਜੀਤ ਸਿੰਘ, ਗੁਰਮੀਤ ਸਿੰਘ ਚੀਮਾ, ਕੁਲਵਿੰਦਰ ਸਿੰਘ ਘੋਤਰਾ, ਰਣਜੀਤ ਸਿੰਘ, ਜਤਿੰਦਰ, ਕੁਲਵੰਤ ਸਿੰਘ, ਮਨਜੀਤ ਸਿੰਘ, ਹਰਪਾਲ ਸਿਘ, ਬਿਕਰਮ ਸਿੰਘ ਭੱਟੀ, ਮਲਕੀਤ, ਪ੍ਰਵੀਨ ਕੁਮਾਰ, ਪਰਜਿੰਦਰ ਸਿੰਘ ਮੌਜੂਦ ਸਨ।
ਘੁੰਮਣ ਆਪਣੇ ਬਚਾਅ ਲਈ ਲਾ ਰਹੇ ਝੂਠਾ ਦੋਸ਼
ਦੂਜੇ ਪਾਸੇ ਸਾਬਕਾ ਮਹਿਲਾ ਕੌਂਸਲਰ ਦੇ ਪਤੀ ਸ਼ਮਸ਼ੇਰ ਸਿੰਘ ਢੀਂਡਸਾ ਨੇ ਕਿਹਾ ਕਿ ਗੁਰਦੇਵ ਸਿੰਘ ਘੁੰਮਣ ਉਨ੍ਹਾਂ 'ਤੇ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਝੂਠੇ ਦੋਸ਼ ਲਗਾ ਰਹੇ ਹਨ। ਸਰਕਾਰੀ ਅਧਿਕਾਰੀ ਬਿਨਾਂ ਡਰ ਤੋਂ ਜਾਂਚ ਕਰਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ। 
ਉਨ੍ਹਾਂ ਕਿਹਾ ਕਿ ਘੁੰਮਣ ਨੇ ਉਨ੍ਹਾਂ ਸਮੇਤ ਮੁਹੱਲੇ ਦੇ ਕਈ ਲੋਕਾਂ ਨਾਲ ਧੋਖਾ ਕੀਤਾ ਸੀ, ਜਿਸ ਸਬੰਧੀ ਥਾਣਾ ਰਾਮਾਮੰਡੀ ਦੀ ਪੁਲਸ ਨੇ ਸਾਲ 2015 ਵਿਚ ਆਈ. ਪੀ. ਸੀ. ਦੀ ਧਾਰਾ 420 ਤਹਿਤ ਮੁਕੱਦਮਾ ਨੰ. 179 ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਖਿਲਾਫ ਰਚੀਆਂ ਜਾ ਰਹੀ ਸਾਜ਼ਿਸ਼ਾਂ ਸਿਆਸਤ ਤੋਂ ਪ੍ਰੇਰਿਤ ਹਨ। ਸਾਬਕਾ ਕੌਂਸਲਰ ਦੇ ਪਤੀ ਢੀਂਡਸਾ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਵੀ ਘੁੰਮਣ ਨੇ ਉਨ੍ਹਾਂ ਨੂੰ ਮਾੜੀ ਸ਼ਬਦਾਵਲੀ ਵਰਤੀ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ ਜਿਸ ਦੀ ਸੂਚਨਾ ਉਨ੍ਹਾਂ ਨੇ ਐੱਸ. ਐੱਚ. ਓ. ਰਾਮਾਮੰਡੀ ਦੇ ਰੀਡਰ ਨੂੰ ਉਸ ਸਮੇਂ ਦੇ ਦਿੱਤੀ ਸੀ। ਇਸ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਰਹੇ ਹਨ। 


Related News